ਪੁਸਤਕ : ਹੱਕ ਸੱਚ ਦੀ ਆਵਾਜ਼ ਕਿਸਾਨ ਅੰਦੋਲਨ

ਲੇਖਕ : ਪ੍ਰਭਜੋਤ ਕੌਰ ਢਿੱਲੋਂ

ਪੰਨੇ : 120, ਮੱੁਲ : 200/-

ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ।

ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਖੇਤਰ ਨਾਲ ਸਬੰਧਤ ਤਿੰਨ ਕਾਨੂੰਨਾਂ ਦਾ ਪਿਛਲੇ ਮਹੀਨਿਆਂ ਤੋਂ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਹੀ ਕਿਸਾਨੀ ਅੰਦੋਲਨ ਦੇ ਅਨੁਭਵ ਵਿੱਚੋਂ ਪ੍ਰਭਜੋਤ ਕੌਰ ਢਿੱਲੋਂ ਦੀ ਪੁਸਤਕ ‘ਹੱਕ ਸੱਚ ਦੀ ਆਵਾਜ਼ ਕਿਸਾਨ ਅੰਦੋਲਨ’ ਸਾਹਮਣੇ ਆਈ ਹੈ। ਭਾਵੇਂ ਇਸ ਪੁਸਤਕ ਵਿਚ ਆਪਣੇ ਲਘੂ ਲੇਖਾਂ ਦੇ ਰੂਪ ਵਿਚ ਲੇਖਿਕਾ ਨੇ ਅਜੋਕੀ ਜ਼ਿੰਦਗੀ ਨੂੰ ਦਰਪੇਸ਼ ਹੋਰ ਮਸਲਿਆਂ ਬਾਰੇ ਵੀ ਸੰਵਾਦ ਰਚਾਇਆ ਹੈ ਪਰ ਇਸ ਪੁਸਤਕ ਦੇ 16 ਲੇਖ ਨਿਰੋਲ ਕਿਸਾਨੀ ਸੰਘਰਸ਼ ਨਾਲ ਹੀ ਸਬੰਧਤ ਹਨ। ਲੇਖਿਕਾ ਨੇ ਜਿੱਥੇ ਅੰਦੋਲਨ ਕਰ ਰਹੇ ਲੋਕਾਂ ਦੀ ਆਪਣੇ ਲੇਖਾਂ ਵਿਚ ਸਿਫ਼ਤ ਕਰਦਿਆਂ ਹੌਸਲਾ ਅਫਜਾਈ ਕੀਤੀ ਹੈ ਉੱਥੇ ਇਸ ਅੰਦੋਲਨ ਨੂੰ ਜਨ ਅੰਦੋਲਨ ਅਤੇ ਲੋਕਾਂ ਦੀ ਆਵਾਜ਼ ਕਹਿ ਕੇ ਸੰਬੋਧਨ ਕੀਤਾ ਹੈ। ਲੇਖਿਕਾ ਨੇ ਇਸ ਗੱਲ ਵੱਲ ਵੀ ਧਿਆਨ ਦਿਵਾਇਆ ਹੈ ਕਿ ਇਸ ਅੰਦੋਲਨ ਨੇ ਜਿੱਥੇ ਲੋਕ ਏਕਤਾ ਦਾ ਸੁਨੇਹਾ ਦੇ ਕੇ ਲੋਕਾਂ ਦੀ ਸ਼ਕਤੀ ਨੂੰ ਇਕੱਠੇ ਹੋਣ ਲਈ ਪ੍ਰੇਰਿਆ ਹੈ ਉੱਥੇ ਅੰਦੋਲਨ ਨੇ ਇਕ ਨਵਾਂ ਇਤਿਹਾਸ ਵੀ ਸਿਰਜ ਦਿੱਤਾ ਹੈ। ਇਹ ਅੰਦੋਲਨ ਕਿਤੇ ਵੀ ਹਿੰਸਕ ਦਿਖਾਈ ਨਹੀਂ ਦਿੱਤਾ ਸਗੋਂ ਸਾਂਤੀ ਅਤੇ ਸੰਜਮ ਦਾ ਸੁਨੇਹਾ ਦੇ ਰਿਹਾ ਹੈ। ਨਿੱਤ-ਨਿੱਤ ਵਧਦੀ ਮਹਿੰਗਾਈ ਨੇ ਪੇਂਡੂ ਅਤੇ ਸ਼ਹਿਰੀ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਅਤੇ ਬਲ਼ਦੀ ਉਤੇ ਤੇੇਲ ਪਾਇਆ ਹੈ ਕੋਵਿਡ-19 ਦੇ ਦੌਰ ਵਿਚ ਪਾਸ ਹੋਏ ਇਨ੍ਹਾਂ ਬਿੱਲਾਂ ਨੇ। ਕਿਸਾਨੀ ਅੰਦੋਲਨ ਦੀ ਇਸ ਤਸਵਰੀਕਸ਼ੀ ਤੋਂ ਇਲਾਵਾ ਲੇਖਿਕਾ ਨੇ ਆਪਣੇ ਲੇਖਾਂ ’ਚ ਦਹੇਜ ਪ੍ਰਥਾ, ਪਰਿਵਾਰਕ ਰਿਸ਼ਤਿਆਂ ਦੀ ਬੇਕਦਰੀ, ਬੇਰੁਜ਼ਗਾਰੀ, ਪ੍ਰਦੂਸ਼ਣ, ਪੈਸੇ ਦੀ ਪ੍ਰਧਾਨਤਾ, ਸਿੱਖਿਆ ਪ੍ਰਣਾਲੀ ਅਤੇ ਹੋਰ ਬਹੁਤ ਸਾਰੀਆਂ ਉਨ੍ਹਾਂ ਸਮੱਸਿਆਵਾਂ ਨੂੰ ਪਾਠਕਾਂ ਦੇ ਰੂਬਰੂ ਕੀਤਾ ਹੈ ਜਿਨ੍ਹਾਂ ਨਾਲ ਸਾਡਾ ਸਮਾਜ ਜੂਝ ਰਿਹਾ ਹੈ। ਲੇਖਿਕਾ ਦੀ ਇਹ ਪੁਸਤਕ ਪਾਠਕ ਨੂੰ ਸੁਚੇਤ ਵੀ ਕਰਦੀ ਹੈ ਤੇ ਕੁਝ ਕਰ ਗੁਜ਼ਰਨ ਦੀ ਪ੍ਰੇਰਨਾ ਵੀ ਦਿੰਦੀ ਹੈ।

- ਸਰਦੂਲ ਸਿੰਘ ਔਜਲਾ

Posted By: Harjinder Sodhi