ਭਾਰਤ ਸਦਾ ਹਮਲਾਵਰਾਂ ਦੇ ਨਿਸ਼ਾਨੇ 'ਤੇ ਰਿਹਾ ਹੈ। ਵੱਖ-ਵੱਖ ਦੇਸ਼ਾਂ ਤੋਂ ਆਉਂਦੇ ਰਹੇ ਹਮਲਾਵਰ ਇੱਥੇ ਲੰਮਾ ਸਮਾਂ ਸ਼ਾਸਨ ਕਰਦੇ ਰਹੇ। ਇਹ ਸਿਲਸਿਲਾ ਸਦੀਆਂ-ਸਦੀਆਂ ਤਕ ਚੱਲਦਾ ਰਿਹਾ। ਉਨ੍ਹਾਂ ਨੇ ਜਿੱਥੇ ਲੁੱਟ-ਘਸੁੱਟ ਕੀਤੀ ਉੱਥੇ ਕਲਾ, ਸਾਹਿਤ ਅਤੇ ਭਵਨ ਨਿਰਮਾਣ ਕਲਾ 'ਚ ਵੀ ਭਾਰਤ ਨੂੰ ਮੋਹਰੀ ਬਣਾਇਆ। ਮੁਗ਼ਲਾਂ ਦੇ ਸ਼ਾਸਨ ਕਾਲ ਤੋਂ ਪਹਿਲਾਂ ਭਾਰਤ ਲੋਧੀ ਵੰਸ਼ ਦੇ ਅਧੀਨ ਸੀ। 1526ਈ. 'ਚ ਭਾਰਤ 'ਤੇ ਪਹਿਲੇ ਮੁਗ਼ਲ ਬਾਦਸ਼ਾਹ ਬਾਬਰ ਨੇ ਹਮਲਾ ਕੀਤਾ। ਬਾਬਰ ਦਾ ਪੁੱਤਰ ਹੁੰਮਾਯੂ ਉਸ ਤੋਂ ਬਾਅਦ ਗੱਦੀ 'ਤੇ ਬੈਠਿਆ। ਮੁਗ਼ਲ ਸਾਮਰਾਜ ਦਾ ਤੀਜਾ ਉੱਤਰਾਧਿਕਾਰੀ ਅਕਬਰ ਹੁੰਮਾਯੂ ਦਾ ਪੁੱਤਰ ਸੀ। ਅਕਬਰ ਆਪਣੀ ਡੂੰਘੀ ਸੋਚ, ਸਾਹਿਤਕ ਰੁਚੀ, ਕਲਾ ਪ੍ਰੇਮੀ, ਸੰਗੀਤ ਦੇ ਸ਼ੌਕੀਨ ਵਜੋਂ ਜਾਣਿਆ ਜਾਂਦਾ ਹੈ। ਉਸਦਾ ਤਰੱਕੀ ਲਈ ਚੁੱਕਿਆ ਹਰ ਕਦਮ ਉਸ ਦੇ ਨੌਂ ਰਤਨਾਂ ਬਿਨਾਂ ਅਧੂਰਾ ਹੈ। ਨੌਂ ਰਤਨ ਉਸਦੇ ਨਾਂ ਨਾਲ ਇੰਝ ਜੁੜੇ ਨੇ ਜਿਵੇਂ ਮੁੰਦਰੀ 'ਚ ਨਗੀਨਾ। ਅਕਬਰ ਤੋਂ ਪਹਿਲਾਂ ਵੀ ਰਾਜਾ ਬਿਕਰਮ ਦਿੱਤਿਆ ਤੇ ਰਾਜਾ ਕ੍ਰਿਸ਼ਨ ਚੰਦਰਾ ਦੇ ਦਰਬਾਰ 'ਚ ਵੀ ਨੌਂ ਰਤਨ ਸਨ ਪਰ ਜਿੰਨੀ ਪ੍ਰਸਿੱਧੀ ਅਕਬਰ ਦੇ ਨੌਂ ਰਤਨਾਂ ਨੂੰ ਮਿਲੀ ਐਨੀ ਕਿਸੇ ਨੂੰ ਨਹੀਂ ਮਿਲੀ।

ਅਕਬਰ ਦਾ ਨਾਂ ਜਲਾਲ-ਉਦ-ਦੀਨ-ਮੁਹੰਮਦ (1542-1605ਈ:) ਸੀ। ਬਾਕੀ ਸ਼ਾਸਕਾਂ ਨਾਲੋਂ ਅਕਬਰ 'ਚ ਧਾਰਮਿਕ ਸਹਿਣਸ਼ੀਲਤਾ ਵਧੇਰੇ ਸੀ। ਇਸ ਦਾ ਪ੍ਰਮਾਣ ਉਸਦੇ ਦਰਬਾਰ ਦੇ ਨੌਂ ਰਤਨ ਹਨ ਜੋ ਹਰ ਧਰਮ ਨਾਲ ਸਬੰਧਤ ਸਨ ਅਤੇ ਉੱਚ ਅਹੁਦਿਆਂ 'ਤੇ ਸਨ। ਅਕਬਰ ਪਹਿਲਾ ਸ਼ਾਸਕ ਸੀ ਜਿਸਨੇ ਲਾਇਬ੍ਰੇਰੀ ਬਣਾਈ, ਜਿਸ 'ਚ 24,000 ਦੇ ਕਰੀਬ ਸੰਸਕ੍ਰਿਤ, ਉਰਦੂ, ਫਾਰਸੀ, ਲਾਤੀਨੀ ਤੇ ਕਸ਼ਮੀਰੀ ਭਾਸ਼ਾ ਦੀਆਂ ਕਿਤਾਬਾਂ ਸਨ। ਅਨੁਵਾਦ ਦਾ ਕਾਰਜ ਉਸਦੇ ਨੌਂ ਰਤਨ ਬਾਖੂਬੀ ਕਰਦੇ ਸਨ। ਸਿਰਫ਼ ਐਨਾ ਹੀ ਨਹੀਂ ਫ਼ਤਹਿਪੁਰ ਸੀਕਰੀ 'ਚ ਉਸ ਨੇ ਔਰਤਾਂ ਲਈ ਵੀ ਲਾਇਬ੍ਰੇਰੀ ਬਣਵਾਈ। ਅਕਬਰ ਦੀਆਂ ਦੋ ਖ਼ਾਸ ਬੇਗਮਾਂ ਜੋਧਾ ਤੇ ਸਲੀਮਾ ਬੇਗ਼ਮ ਕਿਤਾਬਾਂ ਪੜ੍ਹਨ ਦੀਆਂ ਸ਼ੌਕੀਨ ਸਨ ਤੇ ਸਲੀਮਾ ਬੇਗ਼ਮ ਬਹੁਤ ਵਧੀਆ ਕਵਿਤਰੀ ਸੀ। ਸੁਨਹਿਰੀ ਜਿਲਦਬੰਦੀ ਦਾ ਕੰਮ ਅਕਬਰ ਦੇ ਸ਼ਾਸਨ ਕਾਲ ਦੌਰਾਨ ਅਰੰਭ ਹੋਇਆ ਤੇ ਇਸ ਦਾ ਸਿਹਰਾ ਵੀ ਉਸਦੇ ਨੌਂ ਰਤਨਾਂ ਨੂੰ ਜਾਂਦਾ ਹੈ। ਲੋਕ ਭਲਾਈ ਦੇ ਕਾਰਜਾਂ ਨੇ ਉਸ ਨੂੰ ਪਰਜਾ ਦਾ ਬਹੁਤ ਪਿਆਰਾ ਬਾਦਸ਼ਾਹ ਬਣਾ ਦਿੱਤਾ। ਹਿੰਦੂ ਪਰਜਾ ਨੇ ਉਸ ਨੂੰ 'ਅਕਬਰ' ਦਾ ਨਾਂ ਦਿੱਤਾ। ਆਓ ਉਸਦੇ ਨੌਂ ਰਤਨਾਂ ਦੇ ਜੀਵਨ ਤੇ ਕਾਰਜਾਂ 'ਤੇ ਝਾਤ ਮਾਰੀਏ :-

ਰਾਜਾ ਟੋਡਰ ਮੱਲ

ਰਾਜਾ ਟੋਡਰ ਮੱਲ ਬਹੁਤ ਹੀ ਸੁਲਝਿਆ ਤੇ ਅਕਬਰ ਪ੍ਰਤੀ ਬਹੁਤ ਹੀ ਵਫ਼ਾਦਾਰ ਸੀ। ਉਸ ਦਾ ਜਨਮ 1 ਜਨਵਰੀ 1500ਈ. ਨੂੰ ਲਹਿਰਪੁਰ ਉੱਤਰ ਪ੍ਰਦੇਸ਼ 'ਚ ਹੋਇਆ। ਰਾਜਾ ਟੋਡਰ ਮੱਲ ਹਿੰਦੂ ਪਰਿਵਾਰ ਨਾਲ ਸਬੰਧਤ ਸੀ। ਅਕਬਰ ਦੇ ਦਰਬਾਰ 'ਚ ਆਉਣ ਤੋਂ ਪਹਿਲਾਂ ਰਾਜਾ ਟੋਡਰ ਮੱਲ ਹੁੰਮਾਯੂ ਦੇ ਸਮੇਂ ਸ਼ੇਰ ਸ਼ਾਹ ਸੂਰੀ ਦੇ ਦਰਬਾਰ ਦਾ ਅਧਿਕਾਰੀ ਸੀ ਤੇ ਉਸਦੇ ਖ਼ਜ਼ਾਨੇ ਦੀ ਦੇਖ-ਰੇਖ ਕਰਦਾ ਸੀ। ਅਕਬਰ ਦੇ ਮਨ 'ਚ ਰਾਜਾ ਟੋਡਰ ਮੱਲ ਲਈ ਕਾਫ਼ੀ ਘਿਰਣਾ ਸੀ, ਜਦੋਂ ਉਸ ਨੂੰ ਪਤਾ ਲੱਗਿਆ ਕੇ ਰਾਜਾ ਟੋਡਰ ਮੱਲ ਸ਼ੇਰ ਸ਼ਾਹ ਸੂਰੀ ਦਾ ਵਫ਼ਾਦਾਰ ਸੀ। ਅਕਬਰ ਜਦੋਂ ਭੇਸ ਬਦਲ ਕੇ ਨਿਕਲਿਆ ਉਸਨੂੰ ਟੋਡਰ ਮੱਲ ਦੇ ਘਰ ਸ਼ਰਨ ਲੈਣੀ ਪਈ। ਇਸ ਦੌਰਾਨ ਟੋਡਰ ਮੱਲ ਦੀਆਂ ਅਨੁਭਵੀ ਅੱਖਾਂ ਨੇ ਪਛਾਣ ਲਿਆ ਸੀ ਕਿ ਭੇਸ ਬਦਲ ਕੇ ਆਇਆ ਵਿਅਕਤੀ ਮੁਗ਼ਲ ਯੋਧਾ ਹੈ। ਹੌਲੀ-ਹੌਲੀ ਅਕਬਰ ਨੂੰ ਆਪਣੀ ਮਾਂ ਹਮੀਦਾ ਤੋਂ ਪਤਾ ਲੱਗਾ ਕਿ ਹੁੰਮਾਯੂ ਦੇ ਹਰਮ ਦੀਆਂ ਸਾਰੀਆਂ ਔਰਤਾਂ ਨੂੰ ਯੁੱਧ 'ਚ ਹਾਰ ਤੋਂ ਬਾਅਦ ਸਹੀ ਸਲਾਮਤ ਰਾਜਾ ਟੋਡਰਮੱਲ ਨੇ ਹੁੰਮਾਯੂ ਤਕ ਪਹੁੰਚਾਇਆ। ਅਕਬਰ ਦਾ ਇਹ ਗੱਲ ਸੁਣ ਕੇ ਟੋਡਰਮੱਲ ਪ੍ਰਤੀ ਦ੍ਰਿਸ਼ਟੀਕੋਣ ਬਦਲ ਗਿਆ ਤੇ ਜਦੋਂ ਅਕਬਰ ਦੇ ਖਜ਼ਾਨੇ 'ਚ ਘਪਲੇ ਹੋਣ ਲੱਗੇ ਉਸ ਨੇ ਟੋਡਰਮੱਲ ਨੂੰ ਬੇਨਤੀ ਕਰਕੇ ਆਗਰਾ ਬੁਲਾਇਆ ਤੇ ਖ਼ਜ਼ਾਨੇ ਦੀ ਜ਼ਿੰਮੇਵਾਰੀ ਦਿੱਤੀ। ਰਾਜਾ ਟੋਡਰਮੱਲ ਨੇ ਖ਼ਜ਼ਾਨੇ ਦੀ ਮੰਦੀ ਨੂੰ ਖ਼ੁਸ਼ਹਾਲੀ 'ਚ ਬਦਲਿਆ। ਉਸਨੇ ਨਵੀਂ ਕਰ ਵਿਵਸਥਾ ਸ਼ੁਰੂ ਕੀਤੀ, ਜਿਸ ਨੂੰ ਜ਼ਬਤੀ ਤੇ ਦਹਿਸ਼ਾਲਾ ਕਿਹਾ ਜਾਂਦਾ ਸੀ। ਜੋ ਫ਼ਸਲ ਵੇਚਣ ਤੋਂ ਬਾਅਦ ਆਮਦਨੀ ਹੁੰਦੀ ਉਸਦਾ 1/3 ਭਾਗ ਕਰ ਵਸੂਲਿਆ ਜਾਂਦਾ। ਇਸ ਨਾਲ ਹੜ੍ਹ ਤੇ ਸੋਕੇ ਦੌਰਾਨ ਪੈਂਦੀ ਮੰਦੀ ਤੋਂ ਕਿਸਾਨ ਬਚ ਗਏ। ਰਾਜਾ ਟੋਡਰਮੱਲ ਨੇ ਜ਼ਮੀਨ ਦੀ ਮਿਣਤੀ ਤੇ ਵੰਡ ਉਪਜਾਊ ਸ਼ਕਤੀ ਮੁਤਾਬਕ ਕਰਵਾਈ। ਗਜ਼ ਤੇ ਵਿੱਘੇ ਦੀ ਖੋਜ ਰਾਜਾ ਟੋਡਰਮੱਲ ਨੇ ਹੀ ਕੀਤੀ। ਅਜਿਹੀ ਕਾਰਜ ਪ੍ਰਣਾਲੀ ਨੇ ਉਸ ਨੂੰ ਅਕਬਰ ਦਾ ਚਹੇਤਾ ਬਣਾ ਦਿੱਤਾ। ਅਕਬਰ ਨੇ ਖ਼ੁਸ਼ ਹੋ ਉਸ ਨੂੰ ਰਾਜਾ ਦਾ ਖਿਤਾਬ, ਗੁਜਰਾਤ ਦੇ ਸ਼ਾਸਕ ਦੀ ਉਪਾਧੀ ਤੇ ਦਰਬਾਰੀ ਰਤਨ ਦਾ ਮਾਣ ਬਖ਼ਸ਼ਿਆ। ਜ਼ਮੀਨੀ ਤੇ ਖ਼ਜ਼ਾਨੇ ਦੇ ਸੁਧਾਰ ਤੋਂ ਬਾਅਦ ਰਾਜਾ ਟੋਡਰਮੱਲ ਤੀਰਥ ਯਾਤਰਾ 'ਤੇ ਚਲਾ ਗਿਆ। ਉਸਨੇ ਅਕਬਰ ਤੋਂ ਮੌਤ ਤਕ ਤੀਰਥਾਂ 'ਤੇ ਰਹਿਣ ਦੀ ਆਗਿਆ ਮੰਗੀ। ਅਕਬਰ ਨੇ ਪਹਿਲਾਂ ਤਾਂ ਆਗਿਆ ਦੇ ਦਿੱਤੀ ਪਰ ਰਸਤੇ 'ਚ ਹੀ ਉਸਨੂੰ ਖ਼ਤ ਭੇਜਿਆ ਜਿਸ 'ਚ ਲਿਖਿਆ ਸੀ, 'ਲੋਕਾਂ ਲਈ ਚੰਗੇ ਕੰਮ ਕਰਦੇ ਸੰਸਾਰ ਨੂੰ ਅਲਵਿਦਾ ਕਹਿਣ ਵਰਗਾ ਕੋਈ ਤੀਰਥ ਨਹੀਂ।' ਇਹ ਸਤਰ ਪੜ੍ਹ ਕੇ ਟੋਡਰਮੱਲ ਵਾਪਸ ਆ ਗਿਆ। ਰਾਜਾ ਟੋਡਰਮੱਲ ਕੁਸ਼ਲ ਖ਼ਜ਼ਾਨਚੀ, ਯੋਧਾ ਤੇ ਨਾਲ-ਨਾਲ ਵਿਦਵਾਨ ਵੀ ਸੀ। ਉਸਨੇ ਭਗਵਤ ਗੀਤਾ ਤੇ ਪੁਰਾਣਾਂ ਦਾ ਅਨੁਵਾਦ ਫ਼ਾਰਸੀ 'ਚ ਕੀਤਾ। ਉਸ ਨੇ 1585ਈ. 'ਚ ਕਾਸ਼ੀ ਵਿਸ਼ਵਨਾਥ ਮੰਦਰ ਬਣਵਾਇਆ। ਉਸਦੀ ਮੌਤ 8 ਨਵੰਬਰ, 1589 ਈ: ਨੂੰ ਲਾਹੌਰ ਵਿਖੇ ਹੋਈ। ਆਧੁਨਿਕ ਜ਼ਮੀਨ ਦੀ ਗਿਣਤੀ-ਮਿਣਤੀ, ਤਹਿਸੀਲਦਾਰ, ਪਟਵਾਰੀ, ਕਾਨੂੰਗੋ ਦੇ ਅਹੁਦੇ ਹਮੇਸ਼ਾ ਰਾਜਾ ਟੋਡਰਮੱਲ ਦੀ ਯਾਦ ਦਿਵਾਉਂਦੇ ਰਹਿਣਗੇ।


ਅਬਦੁੱਲ ਰਹੀਮ ਖ਼ਾਨ-ਏ-ਖ਼ਾਨਾ

ਅਬਦੁਲ ਰਹੀਮ ਖ਼ਾਨ-ਏ-ਖਾਨਾ ਅਕਬਰ ਦਾ ਰੱਖਿਆ ਮੰਤਰੀ ਸੀ। ਉਸਦਾ ਜਨਮ 17 ਦਸੰਬਰ 1556ਈ. ਨੂੰ ਦਿੱਲੀ ਵਿਖੇ ਬੈਰਮ ਖ਼ਾਨ ਦੇ ਘਰ ਹੋਇਆ। ਬੈਰਮ ਖ਼ਾਨ ਜਿਸ ਨੂੰ ਅਕਬਰ ਖ਼ਾਨ ਬਾਬਾ ਕਹਿੰਦਾ ਸੀ, ਖ਼ਾਨ-ਏ-ਖ਼ਾਨਾ ਉਸਦਾ ਪੁੱਤਰ ਸੀ। ਬੈਰਮ ਖ਼ਾਨ ਹੁੰਮਾਯੂ ਦੀ ਗ਼ੈਰ-ਮੌਜੂਦਗੀ 'ਚ ਉਸ ਦਾ ਗੁਰੂ, ਪਿਤਾ, ਮਾਤਾ, ਸਲਾਹਕਾਰ ਸਭ ਕੁਝ ਸੀ। ਬੈਰਮ ਖ਼ਾਨ ਦੀ ਬੇਗ਼ਮ ਸਲੀਮਾ ਬੇਗ਼ਮ ਸੀ ਜਿਸ ਨਾਲ ਅਕਬਰ ਨੇ ਇਕ ਸਮਾਜਿਕ ਸਮਝੌਤੇ ਦੇ ਤੌਰ 'ਤੇ ਬੈਰਮ ਖ਼ਾਨ ਦੀ ਮੌਤ ਤੋਂ ਬਾਅਦ ਵਿਆਹ ਕਰਵਾਇਆ ਪਰ ਦੋਵਾਂ 'ਚ ਕੋਈ ਜਿਸਮਾਨੀ ਸਬੰਧ ਨਹੀਂ ਸਨ। ਰਹੀਮ ਖ਼ਾਨ-ਏ-ਖ਼ਾਨਾ ਬੈਰਮ ਖ਼ਾਨ ਦੀ ਪਹਿਲੀ ਬੇਗ਼ਮ ਦਾ ਪੁੱਤਰ ਸੀ, ਜਿਸ ਦੀ ਪਰਵਰਿਸ਼ ਅਕਬਰ ਤੇ ਸਲੀਮਾ ਨੇ ਕੀਤੀ। ਅਕਬਰ ਨੇ ਰਹੀਮ ਨੂੰ ਬੈਰਮ ਖ਼ਾਨ ਵਾਂਗ ਜੰਗੀ ਤਾਲੀਮ ਦਿੱਤੀ। ਰਹੀਮ ਨੇ ਅਕਬਰ ਦੇ ਬੱਚਿਆਂ ਨੂੰ ਜੰਗੀ ਤਾਲੀਮ ਦਿੱਤੀ। ਰਹੀਮ ਦੀ ਸੰਸਕ੍ਰਿਤ ਭਾਸ਼ਾ 'ਤੇ ਪੂਰੀ ਪਕੜ ਸੀ। ਉਸਨੇ ਬਾਬਰਨਾਮਾ ਦਾ ਫ਼ਾਰਸੀ ਭਾਸ਼ਾ 'ਚ ਅਨੁਵਾਦ ਕੀਤਾ। ਉਹ ਸਾਹਿਤ ਖੇਤਰ 'ਚ ਜੋਤਿਸ਼ ਵਿਗਿਆਨ ਦੀਆਂ ਕਿਤਾਬਾਂ ਤੇ ਦੋਹੇ ਲਿਖਣ ਕਰਕੇ ਜਾਣਿਆ ਜਾਂਦਾ ਹੈ। ਜਹਾਂਗੀਰ ਦੇ ਗੱਦੀ 'ਤੇ ਬੈਠਣ ਦਾ ਵਿਰੋਧ ਉਸਦੇ ਪੁੱਤਰਾਂ ਨੇ ਕੀਤਾ ਤੇ ਨਾਰਾਜ਼ ਹੋ ਕੇ ਜਹਾਂਗੀਰ ਨੇ ਰਹੀਮ ਦੇ ਬੇਟਿਆਂ ਦਾ ਕਤਲ ਕਰਵਾ ਦਿੱਤਾ। ਉਸ ਦੀ ਮੌਤ 1 ਅਕਤੂਬਰ, 1627 ਈ. ਨੂੰ ਆਗਰਾ ਵਿਖੇ ਹੋਈ। ਖ਼ਾਨ-ਖ਼ਾਨਾ ਨਾਂ ਦਾ ਪਿੰਡ ਉਸਦੀ ਯਾਦ 'ਚ ਬਣਿਆ ਜੋ ਪੰਜਾਬ ਦੇ ਨਵਾਂ ਸ਼ਹਿਰ 'ਚ ਹੈ।


ਰਾਜਾ ਬੀਰਬਲ

ਅਕਬਰ ਤੇ ਬੀਰਬਲ ਦੀ ਜੋੜੀ ਕ੍ਰਿਸ਼ਨ ਸੁਦਾਮਾ ਵਾਂਗ ਹੈ। ਅਕਬਰ ਉਸਦੀ ਚੁਸਤੀ-ਚਲਾਕੀ, ਹਾਜ਼ਰ ਜਵਾਬੀ, ਹਾਸਰਾਸ ਦਾ ਕਾਇਲ ਸੀ। ਇਨ੍ਹਾਂ ਗੁਣਾਂ ਸਦਕਾ ਅਕਬਰ ਨੇ ਉਸ ਨੂੰ ਵਿਦੇਸ਼ ਮੰਤਰੀ ਬਣਾਇਆ। ਉਸਦਾ ਅਸਲ ਨਾਂ ਮਹੇਸ਼ ਦਾਸ ਸੀ ਜੋ ਅਕਬਰ ਦੇ ਦਰਬਾਰ 'ਚ ਆਉਣ ਤੋਂ ਪਹਿਲਾਂ ਰੇਵਾ ਦੇ ਰਾਜਾ ਰਾਮ ਚੰਦਰ ਦੇ ਦਰਬਾਰ 'ਚ ਕਵੀ ਸੀ। ਉਸਦਾ ਜਨਮ 1528 ਈ. ਨੂੰ ਕਲਪੀ ਉੱਤਰ ਪ੍ਰਦੇਸ਼ 'ਚ ਹੋਇਆ। ਉਹ ਹਿੰਦੀ, ਸੰਸਕ੍ਰਿਤ ਤੇ ਫ਼ਾਰਸੀ ਭਾਸ਼ਾ ਦਾ ਵਿਦਵਾਨ ਸੀ। ਉਸ ਨੇ ਬ੍ਰਿਜ ਭਾਸ਼ਾ 'ਚ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਤੇ ਅਨੁਵਾਦ ਕੀਤਾ। ਬੀਰਬਲ ਦਾ ਅਹੁਦਾ ਸਾਰੇ ਨਵਰਤਨਾਂ 'ਚੋਂ ਵਿਸ਼ੇਸ਼ ਸੀ। ਉਹ ਦਰਬਾਰ ਦੀ ਸ਼ਾਨ ਸੀ। ਬੀਰਬਲ ਦੀ ਮੌਤ 1586 ਈ. ਨੂੰ ਸਵਾਤ ਵੈਲੀ 'ਤੇ ਹੋਏ ਅਚਾਨਕ ਹਮਲੇ ਦੌਰਾਨ ਹੋਈ।

ਤਾਨਸੇਨ

ਤਾਨਸੇਨ ਆਪਣੀ ਗਾਇਕੀ ਸਦਕਾ ਬਹੁਤ ਮਸ਼ਹੂਰ ਸੀ। ਉਹ ਰੇਵਾ ਦੇ ਰਾਜੇ ਰਾਮ ਚੰਦਰ ਦੇ ਦਰਬਾਰ 'ਚ ਗਾਇਕੀ ਦੇ ਰੰਗ ਬਿਖੇਰਦਾ ਸੀ। ਜਦੋਂ ਉਸ ਬਾਰੇ ਅਕਬਰ ਨੂੰ ਪਤਾ ਲੱਗਾ ਤਾਂ ਅਕਬਰ ਨੇ ਰਾਮ ਤਨੂ ਪਾਂਡੇ (ਤਾਨਸੇਨ) ਨੂੰ ਬੇਨਤੀ ਕਰ ਕੇ ਆਪਣੇ ਦਰਬਾਰ ਬੁਲਾਇਆ। ਤਾਨਸੇਨ ਨੇ ਪਹਿਲਾਂ ਆਉਣ ਤੋਂ ਮਨ੍ਹਾ ਕੀਤਾ ਫ਼ਿਰ ਰਾਜਾ ਰਾਮ ਚੰਦਰ ਦੀ ਬੇਨਤੀ ਪ੍ਰਵਾਨ ਕੀਤੀ। ਉਸਨੇ ਬਹੁਤ ਸਾਰੇ ਰਾਗ ਬਣਾਏ। ਤਾਨਸੇਨ ਆਪਣੇ ਮਹਾਂਕਾਵਿ 'ਧਰੂਪਦ' ਲਈ ਜਾਣਿਆ ਜਾਂਦਾ ਹੈ। ਉਸ ਨੇ ਦੋ ਕਿਤਾਬਾਂ ਕਲਾਸੀਕਲ ਸੰਗੀਤ ਬਾਰੇ ਬ੍ਰਿਜ ਭਾਸ਼ਾ 'ਚ ਲਿਖੀਆਂ। ਉਸ ਦੀਆਂ ਦੋ ਪਤਨੀਆਂ ਸਨ। ਉਸ ਦੀ ਦੂਜੀ ਪਤਨੀ ਮੇਹਰਉਨੀਸਾ ਅਕਬਰ ਦੀ ਬੇਟੀ ਸੀ, ਇਸ ਦਾ ਜ਼ਿਕਰ ਜਹਾਂਗੀਰਨਾਮਾ 'ਚ ਕੀਤਾ ਹੋਇਆ ਹੈ। ਅਕਬਰ ਨੇ ਫ਼ਤਹਿਪੁਰ ਸੀਕਰੀ 'ਚ ਤਾਨਸੇਨ ਲਈ ਇਕ ਵਿਸ਼ੇਸ਼ ਜਗ੍ਹਾ ਬਣਾਈ ਜਿੱਥੇ ਵੱਖ-ਵੱਖ ਰਾਗਾਂ ਨੂੰ ਦਿਨ ਦੇ ਵੱਖ-ਵੱਖ ਪਹਿਰਾਂ ਦੀ ਰੰਗਤ 'ਚ ਰਿਆਜ਼ ਦਾ ਰੂਪ ਦਿੱਤਾ ਜਾਂਦਾ। ਤਾਨਸੇਨ ਦੇ ਜਨਮ ਤੇ ਮੌਤ ਬਾਰੇ ਵਿਸ਼ਵਾਸਯੋਗ ਜਾਣਕਾਰੀ ਨਹੀਂ ਮਿਲਦੀ।


ਫ਼ੈਜ਼ੀ

ਅਕਬਰ ਦਾ ਫ਼ੈਜ਼ੀ ਰਤਨ ਸਿੱਖਿਆ ਮੰਤਰੀ ਤੇ ਉਸਦੇ ਸ਼ਹਿਜ਼ਾਦਿਆਂ ਦਾ ਅਧਿਆਪਕ ਤੇ ਸਲਾਹਕਾਰ ਸੀ। ਉਸ ਦਾ ਪੂਰਾ ਨਾਂ ਅਬਦੁੱਲ-ਬਿਨ-ਮੁਬਾਰਕ ਸੀ। ਉਸਦਾ ਜਨਮ 20 ਸਤੰਬਰ, 1547 ਈ: ਆਗਰਾ ਵਿਖੇ ਹੋਇਆ। ਉਹ ਮਸ਼ਹੂਰ ਦਾਰਸ਼ਨਿਕ ਸ਼ੇਖ਼ ਮੁਬਾਰਕ ਦਾ ਪੁੱਤਰ ਸੀ। ਉਸਨੇ ਸਿੱਖਿਆ ਆਪਣੇ ਪਿਤਾ ਤੋਂ ਪ੍ਰਾਪਤ ਕੀਤੀ ਤੇ ਫ਼ਾਰਸੀ ਦੀਆਂ ਮਸ਼ਹੂਰ ਕਵਿਤਾਵਾਂ ਨੂੰ ਇਕ ਕਿਤਾਬ 'ਚ ਸੰਚਾਲਿਤ ਕੀਤਾ। 30 ਸਾਲ ਦੀ ਉਮਰ 'ਚ ਉਸ ਨੇ ਫ਼ਾਰਸੀ ਦੀਆਂ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ। ਉਸਨੇ ਪੰਜ ਕਿਤਾਬਾਂ ਲਿਖੀਆਂ ਉਸਦੀ ਮੌਤ 15 ਅਕਤੂਬਰ, 1595 ਨੂੰ ਦਮੇ ਦੀ ਬਿਮਾਰੀ ਕਾਰਨ ਹੋਈ।


ਰਾਜਾ ਮਾਨ ਸਿੰਘ

ਅਕਬਰ ਦਾ ਛੇਵਾਂ ਰਤਨ ਮਾਨ ਸਿੰਘ ਜੋਧਾ ਬੇਗ਼ਮ ਦਾ ਭਤੀਜਾ ਸੀ। ਮਾਨ ਸਿੰਘ ਦਾ ਅਕਬਰ ਦੇ ਮੂਹਰੇ ਬੇਬਾਕੀ ਨਾਲ ਗੱਲਬਾਤ ਕਰਨ ਦਾ ਤਰੀਕਾ ਦੇਖ ਜੋਧਾ ਬੇਗ਼ਮ ਦੀ ਵਿਦਾਈ ਮੌਕੇ ਅਕਬਰ ਨੇ ਰਾਜਾ ਭਾਰਮੱਲ ਤੋਂ ਮਾਨ ਸਿੰਘ ਨੂੰ ਮੰਗਿਆ। ਅਕਬਰ ਜਾਣਦਾ ਸੀ ਕਿ ਉਸ ਦੀ ਵਫ਼ਾਦਾਰੀ ਲੰਮੇ ਸਮੇਂ 'ਚ ਰਾਜ ਲਈ ਸੁਚਾਰੂ ਰਹੇਗੀ। ਅਕਬਰ ਨੇ ਮਾਨ ਸਿੰਘ ਨੂੰ ਰਾਜਨੀਤਕ ਤੇ ਜੰਗਾ-ਯੁੱਧਾਂ 'ਚ ਪਰਪੱਕ ਬਣਾਇਆ। ਮਾਨ ਸਿੰਘ ਬੇਬਾਕੀ ਨਾਲ ਅਕਬਰ ਦੇ ਠੀਕ ਫ਼ੈਸਲੇ ਨੂੰ ਮੰਨਦਾ ਤੇ ਗ਼ਲਤ ਫ਼ੈਸਲਿਆਂ ਦਾ ਵਿਰੋਧ ਕਰਦਾ। ਉਸਦਾ ਜਨਮ 21 ਦਸੰਬਰ 1550 ਈ: ਨੂੰ ਆਮੇਰ 'ਚ ਹੋਇਆ। ਯੁੱਧ ਵਿਧੀ 'ਚ ਉਸਦਾ ਕੋਈ ਸਾਨੀ ਨਹੀਂ ਸੀ। 1589 ਈ: 'ਚ ਉਸ ਕੋਲ 5000 ਸੈਨਿਕ ਸਨ ਤੇ 1605 ਈ. 'ਚ 7000 ਸੈਨਿਕ। ਉਸਨੇ ਜਿੰਨੀਆਂ ਜੰਗਾਂ ਲੜੀਆਂ, ਸਭ ਜਿੱਤੀਆਂ। ਉਸਨੇ ਆਪਣੀ ਛਤਰ ਛਾਇਆ ਹੇਠ ਕਿਲ੍ਹੇ, ਮਸਜਿਦ ਤੇ ਮਹਿਲ ਬਣਵਾਏ। ਉਸਦੀ ਕਲਾ ਦਾ ਸਭ ਤੋਂ ਵੱਡਾ ਨਮੂਨਾ ਕ੍ਰਿਸ਼ਨ ਮੰਦਰ ਵ੍ਰਿੰਦਾਵਣ 'ਚ ਸੱਤ ਮੰਜ਼ਿਲੀ ਮੰਦਰ ਦੇ ਰੂਪ 'ਚ ਮੌਜੂਦ ਹੈ। ਉਹ ਮੁਗ਼ਲਾਂ ਦਾ ਵਫ਼ਾਦਾਰ ਸੀ ਪਰ ਉਸਦੀ ਸਾਰੀ ਸੈਨਾ ਰਾਜਪੂਤ ਸੀ। ਜਦੋਂ ਜਹਾਂਗੀਰ ਨੇ ਅੱਬੂ-ਫ਼ਜ਼ਲ ਦਾ ਕਤਲ ਕਰਵਾਇਆ ਤਾਂ ਮਾਨ ਸਿੰਘ ਨੇ ਉਸਦਾ ਵਿਰੋਧ ਕੀਤਾ ਤੇ ਖੁਸਰੋ ਨੂੰ ਗੱਦੀ 'ਤੇ ਬਿਠਾਉਣ ਦਾ ਸਮਰਥਨ ਕੀਤਾ। ਜਹਾਂਗੀਰ ਨੇ ਉਸ ਨੂੰ ਬੰਗਾਲ ਵੱਲ ਭੇਜ ਦਿੱਤਾ। ਜਹਾਂਗੀਰ ਜਾਣਦਾ ਸੀ ਕਿ ਉਸ ਨਾਲ ਯੁੱਧ ਕਰਨਾ ਭਾਵ ਖ਼ਤਰਾ ਮੁੱਲ ਲੈਣਾ ਸੀ। 6 ਜੁਲਾਈ, 1614 ਨੂੰ ਇਲਚਪੁਰ ਵਿਖੇ ਉਸ ਦੀ ਮੌਤ ਹੋ ਗਈ ਪਰ ਉਹ ਆਪਣੀ ਬਹਾਦਰੀ ਸਦਕਾ ਹਮੇਸ਼ਾ ਲੋਕਪ੍ਰਿਆ ਰਹੇਗਾ।

ਅੱਬੂ-ਫ਼ਜ਼ਲ-ਇਬਨ-ਮੁਬਾਰਕ

ਅੱਬੂ- ਫ਼ਜ਼ਲ- ਇਬਨ- ਮੁਬਾਰਕ ਵਜ਼ੀਰ ਦੇ ਅਹੁਦੇ 'ਤੇ ਬਿਰਾਜਮਾਨ ਸੀ। ਉਸਦਾ ਜਨਮ 14 ਜਨਵਰੀ 1551 ਈ: ਨੂੰ ਆਗਰਾ ਵਿਖੇ ਹੋਇਆ। ਜੀਵਨ ਦੇ ਮੁੱਢਲੇ ਵਰ੍ਹਿਆਂ 'ਚ ਉਹ ਮਦਰਸੇ 'ਚ ਪੜ੍ਹਾਉਂਦਾ ਸੀ। ਉਸਦੇ ਭਾਸ਼ਨਾਂ ਤੋਂ ਲੋਕ ਕਾਫ਼ੀ ਪ੍ਰਭਾਵਿਤ ਸਨ। ਜਿੱਥੇ ਲੋਕ ਪ੍ਰਭਾਵਿਤ ਹੁੰਦੇ ਨੇ ਉੱਥੇ ਵਿਰੋਧ ਵੀ ਕਰਦੇ ਨੇ। ਅਕਬਰਨਾਮਾ ਲਿਖਣਾ ਉਸਦੀ ਸਭ ਤੋਂ ਵੱਡੀ ਪ੍ਰਾਪਤੀ ਸੀ। ਇਸ ਤੋਂ ਇਲਾਵਾ ਉਸਨੇ ਫ਼ਾਰਸੀ 'ਚ ਬਾਈਬਲ ਦਾ ਅਨੁਵਾਦ ਕੀਤਾ, ਜਿਸਨੇ ਉਸਦੀ ਸ਼ਖ਼ਸੀਅਤ ਨੂੰ ਹੋਰ ਚਾਰ ਚੰਨ ਲਗਾ ਦਿੱਤੇ। ਅੱਬੂ-ਫਜ਼ਲ ਰਾਜਨੀਤਕ ਤਬਦੀਲੀ ਅਨੁਸਾਰ ਆਪਣੇ-ਆਪ ਨੂੰ ਧਾਰਮਿਕ ਗਤੀਵਿਧੀਆਂ 'ਚ ਢਾਲ ਲੈਂਦਾ। ਅਕਬਰ ਦੇ ਬਣਾਏ ਧਰਮ ਦੀਨ-ਏ-ਇਲਾਹੀ ਜਿਸ 'ਚ ਅਕਬਰ ਨੇ ਸਾਰੇ ਧਰਮਾਂ ਦੀਆਂ ਦਿਲ ਦੀ ਡੂੰਘਾਈ ਨੂੰ ਛੂਹਣ ਵਾਲੀਆਂ ਗੱਲਾਂ ਨੂੰ ਸ਼ਾਮਲ ਕੀਤਾ, ਉਸ ਤੋਂ ਬਹੁਤ ਪ੍ਰਭਾਵਿਤ ਸੀ। ਉਹ ਦੀਨ-ਏ-ਇਲਾਹੀ ਦਾ ਪ੍ਰਪੱਕ ਉਪਾਸਕ ਸੀ। ਅਕਬਰ ਉਸਦੀ ਦਾਰਸ਼ਨਿਕਤਾ ਦਾ ਕਦਰਦਾਨ ਸੀ। ਉਹ ਅਕਬਰ ਦੇ ਦਰਬਾਰ 'ਚ 1575ਈ. ਆਇਆ ਤੇ ਆਪਣੀ ਸੂਝ-ਬੂਝ ਸਦਕਾ ਅਕਬਰ ਦਾ ਅਜ਼ੀਜ਼ ਬਣਿਆ ਤੇ ਨੌਂ ਰਤਨਾਂ 'ਚ ਸ਼ਾਮਲ ਕੀਤਾ। ਅੱਬੂ ਫ਼ਜ਼ਲ ਸ਼ਹਿਜ਼ਾਦਾ ਸਲੀਮ ਦਾ ਵਿਰੋਧੀ ਸੀ। ਉਹ ਉਸਨੂੰ ਗੱਦੀ ਦੇ ਯੋਗ ਨਹੀਂ ਸਮਝਦਾ ਸੀ। ਜਹਾਂਗੀਰ (ਸਲੀਮ) ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਕਰੀਬੀ ਦੋਸਤ ਤੋਂ ਫ਼ਜ਼ਲ ਦਾ ਕਤਲ ਕਰਵਾ ਦਿੱਤਾ। ਉਸਦੀ ਮੌਤ 12 ਅਗਸਤ 1602 ਈ. ਨੂੰ ਹੋਈ। ਅੱਬੂ ਫ਼ਜ਼ਲ ਆਪਣੀ ਸਾਹਿਤਕ ਸੂਝ ਨਾਲ ਮੁਗ਼ਲ ਸਾਮਰਾਜ ਬਾਰੇ ਜੋ ਖ਼ਜ਼ਾਨਾ ਦੇ ਗਿਆ ਹੈ ਉਹ ਅਭੁੱਲ ਹੈ।

ਫ਼ਕੀਰ-ਐਜ਼ਿਓ-ਦੀਨ

ਫ਼ਕੀਰ-ਐਜ਼ਿਓ-ਦੀਨ ਅਕਬਰ ਦਾ ਧਾਰਮਿਕ ਮੁੱਦਿਆਂ ਦਾ ਸਲਾਹਕਾਰ ਸੀ। ਜਿਸ ਕਰਕੇ ਉਸ ਨੂੰ ਅਕਬਰ ਨੇ ਫ਼ਕੀਰ ਦਾ ਖ਼ਿਤਾਬ ਦਿੱਤਾ। ਇਸ ਰਤਨ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਮਿਲਦੀ। ਬਸ ਵਧੀਆ ਸਲਾਹਕਾਰ ਸਦਕਾ ਉਹ ਅਕਬਰ ਦਾ ਪਿਆਰਾ ਰਤਨ ਸੀ।

ਮੁੱਲਾ-ਦੋ-ਪਿਆਜ਼ਾ

ਮੁੱਲਾ-ਦੋ-ਪਿਆਜ਼ਾ ਅਕਬਰ ਦਾ ਗ੍ਰਹਿ ਮੰਤਰੀ ਸੀ। ਕਿਹਾ ਜਾਂਦਾ ਹੈ ਕਿ ਇਹ ਰਤਨ ਪਹਿਲਾਂ ਅਕਬਰ ਦੀਆਂ ਮੁਰਗੀਆਂ ਸਾਂਭਦਾ ਸੀ। ਇਕ ਵਾਰ ਇਸ ਨੇ ਅਕਬਰ ਦੇ ਮੁਰਗੀਖ਼ਾਨੇ 'ਚ ਬਹੁਤ ਵੱਡੀ ਬੱਚਤ ਭੋਜਨ 'ਤੇ ਖ਼ਰਚ ਹੁੰਦੀ ਰਕਮ ਨੂੰ ਬਚਾਕੇ ਕੀਤੀ। ਜਦੋਂ ਅਕਬਰ ਨੇ ਪ੍ਰਭਾਵਿਤ ਹੋ ਕੇ ਪੁੱਛਿਆ ਤਾਂ ਉਸਨੇ ਕਿਹਾ ਕਿ ਉਹ ਮਹਿਲ ਦਾ ਬਚਿਆ-ਖੁਚਿਆ ਭੋਜਨ ਮੁਰਗੀਆਂ ਨੂੰ ਪਾ ਦਿੰਦਾ ਸੀ। ਇਸ ਤੋਂ ਖ਼ੁਸ਼ ਅਕਬਰ ਨੇ ਉਸ ਨੂੰ ਕਿਤਾਬਖ਼ਾਨਾ ਸੌਂਪਿਆ। ਉਸ ਨੇ ਮਹਿਲ 'ਚ ਆਉਂਦੇ ਵਾਧੂ ਕੱਪੜਿਆਂ ਦੀਆਂ ਕਿਤਾਬਾਂ ਦੀ ਜਿਲਦਬੰਦੀ ਕਰਵਾ ਕੇ ਵੱਡੇ ਮੁਨਾਫ਼ੇ ਖ਼ਜ਼ਾਨੇ ਲਈ ਕੀਤੇ। ਖਾਣ-ਪੀਣ ਦਾ ਸ਼ੌਕੀਨ ਹੋਣ ਕਰਕੇ

ਤੇ ਪਿਆਜ਼ ਦੇ ਵੱਖ-ਵੱਖ ਪਕਵਾਨ ਬਣਾਉਣ ਕਰਕੇ ਉਸਦਾ ਨਾਂ ਮੁੱਲਾ-ਦੋ-ਪਿਆਜ਼ਾ ਪਿਆ।

- ਕੰਵਲ ਭੱਟੀ

Posted By: Harjinder Sodhi