ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਕੌਮਾਂਤਰੀ ਯੋਗ ਦਿਵਸ 'ਤੇ ਦੇਸ਼ ਹੀ ਨਹੀਂ ਬਲਕਿ ਸਮੁੱਚੀ ਦੁਨੀਆ ਸ਼ੁੱਕਰਵਾਰ ਨੂੰ ਯੋਗ ਕਰੇਗੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝਾਰਖੰਡ ਦੇ ਰਾਂਚੀ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਰਿਆਣਾ ਦੇ ਰੋਹਤਕ ਵਿਚ ਯੋਗ ਕਰਨਗੇ।

'ਯੋਗਾ ਫਾਰ ਹਾਰਟ ਕੇਅਰ' ਦੀ ਥੀਮ 'ਤੇ ਇਸ ਵਾਰ ਕਰਵਾਏ ਜਾਣ ਵਾਲੇ ਪੰਜਵੇਂ ਕੌਮਾਂਤਰੀ ਯੋਗ ਦਿਵਸ 'ਤੇ ਸ਼ਹਿਰਾਂ 'ਚ ਹੀ ਨਹੀਂ, ਬਲਕਿ ਪੇਂਡੂ ਇਲਾਕਿਆਂ ਵਿਚ ਵੀ ਪ੍ਰੋਗਰਾਮ ਕਰਵਾਏ ਜਾਣਗੇ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕਰਵਾਏ ਜਾਣ ਵਾਲੇ ਕੈਂਪ ਵਿਚ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਸਮੇਤ ਕਈ ਮੰਤਰੀਆਂ ਦੀ ਮੌਜੂਦਗੀ ਵਿਚ ਲੱਖਾਂ ਲੋਕ ਯੋਗ ਆਸਨ ਕਰਨਗੇ।

ਰਾਂਚੀ 'ਚ ਹੋਵੇਗਾ ਰਾਸ਼ਟਰੀ ਪ੍ਰੋਗਰਾਮ

ਸਾਲ ਦਾ ਸਭ ਤੋਂ ਲੰਬਾ ਦਿਨ ਯਾਨੀ 21 ਜੂਨ। ਸਭ ਤੋਂ ਲੰਬੇ ਦਿਨ 'ਤੇ ਆਪਣੀ ਲੰਬੀ ਉਮਰ ਲਈ ਪੂਰੀ ਦੁਨੀਆ ਦੇ ਲੋਕ ਸ਼ੁੱਕਰਵਾਰ ਨੂੰ ਯੋਗ ਕਰਨਗੇ। ਦੇਸ਼ ਦਾ ਰਾਸ਼ਟਰੀ ਪ੍ਰੋਗਰਾਮ ਰਾਂਚੀ ਦੇ ਧੁਰਵਾ ਸਥਿਤ ਪ੍ਰਭਾਤ ਤਾਰਾ ਮੈਦਾਨ ਵਿਚ ਹੋਵੇਗਾ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹਜ਼ਾਰਾਂ ਲੋਕ ਯੋਗ ਕਰਨਗੇ। ਇਸ ਵਿਚ ਦੂਜੇ ਸੂਬਿਆਂ ਅਤੇ ਵਿਦੇਸ਼ਾਂ ਦੇ ਵੀ ਲੋਕ ਵੀ ਸ਼ਾਮਲ ਹੋਣਗੇ।

ਪ੍ਰਧਾਨ ਮੰਤਰੀ ਰਾਤ 'ਚ ਹੀ ਪਹੁੰਚ ਗਏ ਰਾਂਚੀ

ਰਾਸ਼ਟਰੀ ਪ੍ਰਰੋਗਰਾਮ 'ਚ ਸ਼ਿਰਕਤ ਕਰਨ ਲਈ ਪ੍ਰਧਾਨ ਮੰਤਰੀ ਵੀਰਵਾਰ ਰਾਤ ਹੀ ਰਾਂਚੀ ਪਹੁੰਚ ਗਏ ਹਨ। ਉਹ ਸ਼ੁੱਕਰਵਾਰ ਸਵੇਰੇ ਸਾਢੇ ਛੇ ਵਜੇ ਰਾਜਭਵਨ ਤੋਂ ਸੜਕ ਮਾਰਗ ਰਾਹੀਂ ਧੁਰਵਾ ਸਥਿਤ ਪ੍ਰਭਾਤ ਤਾਰਾ ਮੈਦਾਨ ਪਹੁੰਚਣਗੇ। ਸਵੇਰੇ 7.35 ਵਜੇ ਤਕ ਪ੍ਰਰੋਗਰਾਮ ਵਿਚ ਸ਼ਾਮਲ ਹੋਣਗੇ।

ਪੀਐੱਮ ਲਈ ਤਿੰਨ ਐਂਟਰੀ ਪੁਆਇੰਟ

ਪ੍ਰੋਗਰਾਮ ਸਥਾਨ 'ਤੇ ਸੁਰੱਖਿਆ ਕਾਰਨਾਂ ਤੋਂ ਪ੍ਰਧਾਨ ਮੰਤਰੀ ਦੇ ਪ੍ਰਵੇਸ਼ ਲਈ ਤਿੰਨ ਐਂਟਰੀ ਪੁਆਇੰਟ ਬਣਾਏ ਗਏ ਹਨ। ਇਨ੍ਹਾਂ ਵਿਚੋਂ ਕਿਸੇ ਇਕ ਐਂਟਰੀ ਪੁਆਇੰਟ ਤੋਂ ਪ੍ਰਧਾਨ ਮੰਤਰੀ ਅੰਦਰ ਪ੍ਰਵੇਸ਼ ਕਰਨਗੇ। ਹੋਰਨਾਂ ਲੋਕਾਂ ਲਈ ਪ੍ਰਵੇਸ਼ ਲਈ 11 ਐਂਟਰੀ ਪੁਆਇੰਟ ਬਣਾਏ ਗਏ ਹਨ ਜਿਨ੍ਹਾਂ ਦੇ ਨੰਬਰ ਉਨ੍ਹਾਂ ਦੇ ਪਾਸ ਵਿਚ ਲਿਖ ਦਿੱਤੇ ਗਏ ਹਨ।

ਇਹ ਸਾਮਾਨ ਲਿਜਾਣ 'ਤੇ ਹੈ ਪਾਬੰਦੀ

ਪ੍ਰੋਗਰਾਮ ਸਥਾਨ 'ਤੇ ਪਾਣੀ ਦੀਆਂ ਬੋਤਲਾਂ, ਪਲਾਸਟਿਕ, ਕਾਲੇ ਕੱਪੜੇ ਆਦਿ ਲਿਜਾਣ 'ਤੇ ਪਾਬੰਦੀ ਹੈ। ਹਿੱਸਾ ਲੈਣ ਵਾਲੇ ਲੋਕ ਆਪਣਾ ਮੈਟ ਵੀ ਨਹੀਂ ਲਿਜਾ ਸਕਣਗੇ। ਲੋਕਾਂ ਨੂੰ ਮੋਬਾਈਲ ਤੇ ਜੁੱਤੀਆਂ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਕੈਰੀ ਬੈਗ ਉਪਲੱਬਧ ਕਰਵਾਏਗਾ।

ਕਵਰ ਕਰਨ ਪਹੁੰਚਿਆ ਰਾਸ਼ਟਰੀ-ਅੰਤਰਰਾਸ਼ਟਰੀ ਮੀਡੀਆ

ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਨੂੰ ਕਵਰ ਕਰਨ ਲਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦਾ ਮੀਡੀਆ ਪਹੁੰਚ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਸ਼ਹਿਰ ਦੇ ਵੱਖ-ਵੱਖ ਹੋਟਲਾਂ 'ਚ ਠਹਿਰਾਇਆ ਸੀ। ਦੂਰਦਰਸ਼ਨ ਤੋਂ ਇਲਾਵਾ ਕਈ ਚੈਨਲਾਂ ਵਿਚ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।

2014 ਤੋਂ ਹੋਈ ਸੀ ਪ੍ਰੋਗਰਾਮ ਦੀ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਸੰਯੁਕਤ ਰਾਸ਼ਟਰ ਮਹਾਸਭਾ ਨੇ ਦਸੰਬਰ 2014 ਵਿਚ ਮਤਾ ਪਾਸ ਕੀਤਾ ਸੀ ਕਿ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਉਦੋਂ ਤੋਂ ਚਾਰ ਵਾਰ ਇਹ ਦਿਵਸ ਪੂਰੀ ਦੁਨੀਆ ਵਿਚ ਮਨਾਇਆ ਜਾ ਚੁੱਕਾ ਹੈ। ਭਾਰਤ 'ਚ ਰਾਂਚੀ ਤੋਂ ਪਹਿਲਾਂ 2018 'ਚ ਦੇਹਰਾਦੂਨ, 2017 ਵਿਚ ਲਖਨਊ, 2016 ਵਿਚ ਚੰਡੀਗੜ੍ਹ ਅਤੇ 2015 ਵਿਚ ਨਵੀਂ ਦਿੱਲੀ 'ਚ ਇਸ ਤਰ੍ਹਾਂ ਦਾ ਪ੍ਰੋਗਰਾਮ ਹੋ ਚੁੱਕਾ ਹੈ।

ਸ਼ਾਹ ਨਾਲ 25 ਹਜ਼ਾਰ ਲੋਕ ਕਰਨਗੇ ਯੋਗ

ਰੋਹਤਕ ਦੀ ਮੇਲਾ ਗਰਾਊਂਡ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਮਨੋਹਰ ਲਾਲ ਤੇ ਸਿਹਤ ਤੇ ਖੇਡ ਮੰਤਰੀ ਅਨਿਲ ਵਿਜ ਨਾਲ ਕਰੀਬ 25 ਹਜ਼ਾਰ ਲੋਕ ਇਕੱਠੇ ਯੋਗ ਕਰਨਗੇ। ਸੂਬਾ ਪੱਧਰੀ ਸਮਾਗਮ ਵਿਚ ਰਾਜ ਮੰਤਰੀ ਮਨੀਸ਼ ਗਰੋਵਰ ਅਤੇ ਸੰਸਦ ਮੈਂਬਰ ਅਰਵਿੰਦ ਸ਼ਰਮਾ ਵੀ ਸ਼ਾਮਲ ਹੋਣਗੇ। ਸਵੇਰੇ ਠੀਕ ਸੱਤ ਵਜੇ ਯੋਗਆਸਨ ਸ਼ੁਰੂ ਹੋਣਗੇ ਜਿਹੜੇ 45 ਮਿੰਟ ਤਕ ਚੱਲਣਗੇ।