ਵਿਸ਼ਵ ਸਿਹਤ ਸੰਗਠਨ ਵੱਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਹਰ ਸਾਲ 31 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਤੰਬਾਕੂ ਦੀ ਵਰਤੋਂ ਨਾਲ ਹੋ ਰਹੇ ਨੁਕਸਾਨ, ਇਸ ਦੀ ਰੋਕਥਾਮ ਬਾਰੇ ਗਿਆਨ ਫੈਲਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਤੰਬਾਕੂ ਦੀ ਵਰਤੋਂ ਸਰੀਰ 'ਤੇ ਬਹੁਤ ਮਾੜੇ ਪ੍ਰਭਾਵ ਪਾਉਂਦੀ ਹੈ। ਸਿਹਤ ਵਿਚ ਨਿਘਾਰ ਤੇ ਹੋਰ ਬਿਮਾਰੀਆਂ ਦੀ ਆਮਦ ਤੰਬਾਕੂ ਵਰਤੋਂ ਦਾ ਆਮ ਲੱਛਣ ਹੈ ਤੇ ਇਸ ਦੀ ਵਰਤੋਂ ਨਾਲ ਬਹੁਤ ਸਾਰੇ ਲੋਕਾਂ ਨੂੰ ਆਪਣੀ ਜਾਨ ਵੀ ਗੁਆਉਣੀ ਪੈਂਦੀ ਹੈ। ਤੰਬਾਕੂ ਨੂੰ ਹੌਲੀ ਰਫ਼ਤਾਰ ਵਾਲਾ ਜ਼ਹਿਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਸਮੇਂ ਤੋਂ ਪਹਿਲਾਂ ਮੌਤ ਵੱਲ ਧੱਕਦਾ ਹੈ।

ਦਹਾਕਿਆਂ ਤੋਂ ਤੰਬਾਕੂ ਉਦਯੋਗ ਨੇ ਨੌਜਵਾਨਾਂ ਨੂੰ ਤੰਬਾਕੂ ਤੇ ਨਿਕੋਟੀਨ ਉਤਪਾਦਾਂ ਵੱਲ ਆਕਰਸ਼ਤ ਕਰਨ ਲਈ ਜਾਣਬੁੱਝ ਕੇ ਰਣਨੀਤਕ, ਹਮਲਾਵਰ ਤੇ ਵਧੀਆ ਢੰਗ ਨਾਲ ਜੁੜੇ ਕਾਰਜਾਂ ਨੂੰ ਵਰਤਿਆ ਹੈ। ਤੰਬਾਕੂ ਦੀ ਮਾਰਕੀਟਿੰਗ ਵੱਡੇ ਫਿਲਮੀ ਸਿਤਾਰਿਆਂ ਤੋਂ ਜਾਂ ਖਿਡਾਰੀਆਂ ਤੋਂ ਕਰਵਾਈ ਜਾਂਦੀ ਹੈ ਤਾਂ ਜੋ ਨੌਜਵਾਨ ਆਕਰਸ਼ਿਤ ਹੋ ਕੇ ਤੰਬਾਕੂ ਦੀ ਵਰਤੋਂ ਕਰਨ। ਤੰਬਾਕੂ ਤੇ ਇਸ ਨਾਲ ਜੁੜੇ ਉਦਯੋਗਾਂ ਦੀਆਂ ਨੌਜਵਾਨਾਂ ਨੂੰ ਤੰਬਾਕੂ ਵੱਲ ਆਕਰਸ਼ਤ ਕਰਨ ਲਈ ਯੋਜਨਾਬੱਧ, ਹਮਲਾਵਰ ਤੇ ਨਿਰੰਤਰ ਚਾਲਾਂ ਦੇ ਜਵਾਬ 'ਚ ਵਿਸ਼ਵ ਤੰਬਾਕੂ ਰਹਿਤ ਦਿਵਸ 2020 ਇਕ ਵਿਰੋਧੀ-ਮਾਰਕੀਟਿੰਗ ਮੁਹਿੰਮ ਪ੍ਰਦਾਨ ਕਰੇਗਾ ਅਤੇ ਨੌਜਵਾਨਾਂ ਨੂੰ ਤੰਬਾਕੂ ਦੇ ਵਿਰੁੱਧ ਲੜਨ 'ਚ ਸਮਰੱਥਾ ਦੇਵੇਗਾ।

ਭਾਰਤ ਵਿਚ ਹਰ ਸਾਲ 6 ਲੱਖ ਤੋਂ ਵੱਧ ਮੌਤਾਂ ਤੰਬਾਕੂ ਦੀ ਵਰਤੋਂ ਕਾਰਨ ਹੁੰਦੀਆਂ ਹਨ। ਤੰਬਾਕੂ ਸੇਵਨ ਨਾਲ ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ, ਫੇਫੜਿਆਂ ਦਾ ਕੈਂਸਰ, ਮਿਹਦੇ ਦਾ ਕੈਂਸਰ ਆਦਿ ਦੇ ਮਰੀਜ਼ਾਂ ਵਿਚ ਹਰ ਸਾਲ ਲਗਾਤਾਰ ਵਾਧਾ ਹੋ ਰਿਹਾ ਹੈ। ਇਕ ਸਰਵੇ ਅਨੁਸਾਰ 40 ਫ਼ੀਸਦੀ ਕੈਂਸਰ ਦਾ ਕਾਰਨ ਤੰਬਾਕੂ ਦੀ ਵਰਤੋਂ ਹੈ।ਤੰਬਾਕੂ 4000 ਜ਼ਹਿਰੀਲੇ ਰਸਾਇਣਾਂ ਦਾ ਮਿਸ਼ਰਣ ਹੈ। ਨਿਕੋਟੀਨ, ਨਾਈਟ੍ਰੋਜਨ ਯੋਗਿਕਾਂ ਨੂੰ ਮਨੁੱਖੀ ਸਿਹਤ ਲਈ ਸਭ ਤੋਂ ਵੱਧ ਹਾਨੀਕਾਰਕ ਐਲਾਨਿਆ ਗਿਆ ਹੈ। ਇਹ ਜ਼ਹਿਰੀਲੇ ਅੰਸ਼ ਦਿਲ, ਦਿਮਾਗ, ਗੁਰਦੇ, ਮਿਹਦੇ, ਸਾਹ ਪ੍ਰਣਾਲੀ ਤੇ ਪ੍ਰਜਣਨ ਪ੍ਰਣਾਲੀ 'ਤੇ ਬੁਰਾ ਅਸਰ ਪਾਉਂਦੇ ਹਨ। ਨਿਕੋਟੀਨ ਦਿਲ ਦੀ ਗਤੀ ਤੇ ਬਲੱਡ ਪ੍ਰਰੈੱਸ਼ਰ ਨੂੰ ਤੇਜ਼ ਕਰਦਾ ਹੈ। ਇਸ ਦੀ ਵਰਤੋਂ ਨਾਲ ਦਿਲ ਦੇ ਦੌਰੇ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਤੋਂ ਇਲਾਵਾ ਖੂਨ ਦੀਆਂ ਨਸਾਂ ਤੰਗ ਹੋਣ ਨਾਲ ਦਿਮਾਗ ਦੀ ਨਾੜੀ ਫਟ ਜਾਣ ਦਾ ਖ਼ਤਰਾ ਬਣ ਜਾਂਦਾ ਹੈ। ਤੰਬਾਕੂਨੋਸ਼ੀ ਨਾਲ ਦਮੇ ਦੀ ਬੀਮਾਰੀ ਸਹਿਜੇ ਹੀ ਚਿੰਬੜ ਜਾਂਦੀ ਹੈ। ਇਹ ਇਨਸਾਨ ਨੂੰ ਸਮੇਂ ਤੋਂ ਪਹਿਲਾਂ ਹੀ ਬੁੱਢਾ ਕਰ ਦਿੰਦੀ ਹੈ।

ਤੰਬਾਕੂਨੋਸ਼ੀ ਨੂੰ ਰੋਕਣ ਲਈ ਭਾਰਤੀ ਦੰਡ ਵਿਧਾਨ ਦੀ ਧਾਰਾ 278 ਅਨੁਸਾਰ ਜਨਤਕ ਥਾਵਾਂ 'ਤੇ ਇਸ ਦਾ ਸੇਵਨ ਸਜ਼ਾਯੋਗ ਅਪਰਾਧ ਹੈ। ਸੁਪਰੀਮ ਕੋਰਟ ਨੇ ਵੀ ਇਕ ਮਈ 2004 ਨੂੰ ਜਨਤਕ ਥਾਵਾਂ 'ਤੇ ਸਿਗਰਟ ਪੀਣ 'ਤੇ ਪਾਬੰਦੀ ਲਾਈ ਹੈ ਪਰ ਫਿਰ ਵੀ ਬਹੁਤੇ ਲੋਕ ਇਸਦੀ ਉਲੰਘਣਾ ਕਰਦੇ ਹਨ। ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਦਿਨ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਕਈ ਪ੍ਰਰੋਗਰਾਮ ਉਲੀਕੇ ਜਾਂਦੇ ਹਨ ਕਿਉਂਕਿ ਤੰਬਾਕੂਨੋਸ਼ੀ ਨੂੰ ਰੋਕਣਾ ਮਨੁੱਖਤਾ ਲਈ ਬਹੁਤ ਜ਼ਰੂਰੀ ਹੋ ਰਿਹਾ ਹੈ। ਤੰਬਾਕੂ ਦੀ ਵਰਤੋਂ ਕਰਨ ਵਾਲੇ ਮਾਪਿਆਂ ਦੇ ਨਵਜੰਮੇ ਬੱਚੇ ਵੀ ਕਈ ਵਾਰ ਗੰਭੀਰ ਬਿਮਾਰੀਆਂ ਨਾਲ ਗ੍ਸਤ ਹੁੰਦੇ ਹਨ ਜਾਂ ਉਨ੍ਹਾਂ ਦੀ ਸਿਹਤ ਬਹੁਤੀ ਚੰਗੀ ਨਹੀਂ ਹੁੰਦੀ।

ਤੰਬਾਕੂ ਨੂੰ ਛੱਡਣਾ ਬਹੁਤ ਹੀ ਔਖਾ ਕਾਰਜ ਹੈ। ਨਿਕੋਟੀਨ ਬਹੁਤ ਜ਼ਿਆਦਾ ਤਾਕਤਵਰ ਅਮਲ ਵਾਲਾ ਡਰੱਗ ਹੈ, ਪਰ ਸਹੀ ਪਹੁੰਚ ਰਾਹੀਂ ਤੁਸੀਂ ਇਸ ਨੂੰ ਛੱਡ ਸਕਦੇ ਹੋ। ਇਸ ਆਦਤ ਨੂੰ ਛੱਡਣ ਲਈ ਬਹੁਤ ਜ਼ਿਆਦਾ ਧੀਰਜ ਅਤੇ ਆਤਮਕ ਸ਼ਕਤੀ ਦੀ ਲੋੜ ਹੁੰਦੀ ਹੈ। ਇਹ ਆਦਤ ਇਕ ਦਿਨ 'ਚ ਨਹੀਂ ਜਾਂਦੀ ਤੇ ਲਗਾਤਾਰ ਕੋਸ਼ਿਸ਼ ਕਰਨ ਨਾਲ ਆਖ਼ਿਰਕਰ ਇਸ ਆਦਤ ਨੂੰ ਪੂਰੀ ਤਰ੍ਹਾਂ ਛੱਡਿਆ ਜਾ ਸਕਦਾ ਹੈ।

ਜੇ ਤੁਸੀਂ ਤੰਬਾਕੂ ਛੱਡਣਾ ਚਾਹੁੰਦੇ ਹੋ, ਪਰ ਇਹ ਸਭ ਕਿਵੇਂ ਕੀਤਾ ਜਾਏ ਇਸ ਬਾਰੇ ਉਲਝਣ 'ਚ ਹੋ ਤਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐੱਮਓਐੱਚਐੱਫਡਬਲਯੂ) ਵੱਲੋਂ ਜਾਰੀ ਐੱਮ-ਸੀਸੈਸ਼ਨ ਪ੍ਰੋਗਰਾਮ 'ਚ ਸ਼ਾਮਲ ਹੋਵੋ।

- ਡਾ. ਜਸਪ੍ਰੀਤ ਕੌਰ

ਮੋਬਾਈਲ ਨੰਬਰ-7009898729।