ਥੈਲੇਾਸੀਮੀਆ ; ਜਾਗਰੂਕਤਾ ਹੀ ਬਚਾਅ ਹੈ

ਥੈਲੇਸੀਮੀਆ (ਖ਼ੂਨ ਨਾ ਬਣਨਾ) ਜਮਾਂਦਰੂ ਬਿਮਾਰੀ ਹੈ। ਇਸ ਰੋਗ ਕਾਰਨ ਨਵ-ਜਨਮੇ ਬੱਚੇ ਵਿਚ ਖ਼ੂਨ ਬਣਨ ਦੀ ਪ੍ਰਕਿਰਿਆ ਘੱਟ ਹੁੰਦੀ ਹੈ ਤੇ ਬੱਚੇ ਨੂੰ ਹਰ 10 ਜਾਂ 15 ਦਿਨਾਂ ਬਾਅਦ ਖ਼ੂਨ ਚਡ਼੍ਹਾਉਣ ਦੀ ਜ਼ਰੂਰਤ ਪੈਂਦੀ ਹੈ। ਸ਼ੁਰੂ ਵਿਚ ਇਹ ਬਿਮਾਰੀ ਅਰਬ ਮੁਲਕਾਂ ਵਿਚ ਹੁੰਦੀ ਸੀ। ਸਾਡੇ ਮੁਲਕ ਭਾਰਤ ਵਿਚ 4 ਕਰੋਡ਼ ਤੋਂ ਵੱਧ ਔਰਤ-ਮਰਦ ਹਨ ਜੋ ਕਿ ਦੇਖਣ ਵਿਚ ਤੰਦਰੁਸਤ ਲੱਗਣ ਦੇ ਬਾਵਜੂਦ, ਮਾਈਨਰ ਥੈਲੇਸੀਮਿਕ ਜੀਨ ਕਰੀਅਰ (ਵਾਹਕ) ਹੁੰਦੇ ਹਨ।

ਜਦੋਂ ਦੋ ‘ਥੈਲੇਸੀਮਿਕ ਮਾਇਨਰਾਂ’ ਦਾ ਵਿਆਹ ਹੁੰਦਾ ਹੈ ਤਾਂ ਉਨ੍ਹਾਂ ਦੀ ਔਲਾਦ ਦੇ ‘ਥੈਲੇਸੀਮਿਕ ਮੇਜਰ’ ਹੋਣ ਦੇ ਆਸਾਰ ਹੁੰਦੇ ਹਨ। ਕਈ ਮਸ਼ਹੂਰ ਹਸਤੀਆਂ ਥੈਲੇਸੀਮਿਕ ਮਾਈਨਰ ਹਨ, ਜਿਵੇਂ ਕਿ ਫਿਲਮ ਕਲਾਕਾਰ ਅਮਿਤਾਭ ਬੱਚਨ, ਦੀਆ ਮਿਰਜ਼ਾ, ਕ੍ਰਿਕਟਰ ਪਾਰਥਵ ਪਟੇਲ ਤੇ ਹੋਰ ਜਣੇ ਹਨ। ਥੈਲੇਸੀਮੀਕ ਮੇਜਰ ਦਾ ਇੱਕੋ ਇਕ ਇਲਾਜ ਹੈ-ਬੋਨ ਮੈਰੋ ਟਰਾਂਸਪਲਾਂਟੇਸ਼ਨ ਹੈ ਜੋ ਕਿ ਮਹਿੰਗਾ ਪੈਂਦਾ ਹੈ। ਕਿਸੇ ਨਾਲ ਬੋਨ ਮੈਰੋ ਮਿਲਣਾ ਆਸਾਨ ਨਹੀਂ ਹੁੰਦਾ ਹੈ।

ਥੈਲੇਸੀਮੀਆ ਵਿਚ ਥੈਲੇਸ ਗਰੀਕ ਲ਼ਫ਼ਜ਼ ਹੈ, ਇਸਦਾ ਅਰਥ ਹੈ ਸਮੁੰਦਰ ਕੰਢੇ ਰਹਿਣ ਕਾਰਨ ਖ਼ੂਨ ਦੀ ਕਮੀ ਵਾਲਾ ਰੋਗ ਹੈ ਤੇ ਦੂਜਾ ਲ਼ਫ਼ਜ਼ ਅਨੇਮੀਆ ਹੈ। ਮਨੁੱਖੀ ਖ਼ੂਨ ਦੋ ਤਰ੍ਹਾਂ ਦੇ ਪ੍ਰੋਟੀਨਾਂ ਨਾਲ ਬਣਦਾ ਹੈੈ-ਐਲਫਾ ਗਲੋਬਿਨ ਤੇ ਬੀਟਾ ਗਲੋਬਿਨ। ਥੈਲੇਸੀਮੀਆ ਕਾਰਨ ਇਨ੍ਹਾਂ ਪ੍ਰੋਟੀਨਾਂ ਵਿਚ ਗਲੋਬਿਨ ਬਣਨ ਦੇ ਅਮਲ ਵਿਚ ਖ਼ਰਾਬੀ ਹੁੰਦੀ ਹੈ। ਇਸ ਕਾਰਨ ਲਾਲ ਖ਼ੂਨ ਕੋਸ਼ਿਕਾਵਾਂ ਨਸ਼ਟ ਹੋ ਜਾਂਦੀਆ ਹਨ। ਖ਼ੂਨ ਦੀ ਘਾਟ ਕਾਰਨ ਪੀਡ਼ਤ ਨੂੰ ਵਾਰ ਵਾਰ ਖ਼ੂਨ ਚਡ਼੍ਹਾਉਣਾ ਪੈਂਦਾ ਹੈ। ਵਾਰ ਵਾਰ ਖ਼ੂਨ ਚਡ਼੍ਹਾਉਣ ਨਾਲ ਰੋਗੀ ਦੇ ਸਰੀਰ ਵਿਚ ਲੋਹ-ਤੱਤ ਵੱਧ ਜਾਂਦੇ ਹਨ ਜੋ ਕਿ ਦਿਲ, ਲੀਵਰ ਤੇ ਫੇਫਡ਼ਿਆਂ ਵਿਚ ਪਹੁੰਚ ਕੇ ਨੁਕਸਾਨ ਕਰਦੇ ਹਨ।

ਥੈਲੇਸੀਮੀਆ ਕਾਰਨ ਜਿਸ ਬੱਚੇ ਵਿਚ ਖ਼ੂਨ ਦੀ ਕਮੀ ਹੋ ਜਾਂਦੀ ਹੈ, ਉਹ ਬੱਚਾ ਅੱਗੇ ਚੱਲ ਕੇ ਕਮਜ਼ੋਰ ਹੋ ਜਾਂਦਾ ਹੈ। ਉਸ ਦੇ ਦਿਲ ਦੀ ਧਡ਼ਕਣ ਵੱਧ ਜਾਂਦੀ ਹੈ ਉਹ ਖੇਡ ਕੁੱਦ ਵਿਚ ਹਿੱਸਾ ਨਹੀਂ ਲੈਂਦਾ। ਇਸ ਦੇ ਨਾਲ ਹੀ ਬੱਚੇ ਦੇ ਗਲੇ ਤੇ ਅੱਖਾਂ ਵਿਚ ਸੋਜ ਰਹਿਣ ਲੱਗ ਜਾਂਦੀ ਹੈ। ਉਸ ਵਿਚ ਥਕਾਵਟ, ਕਮਜ਼ੋਰੀ, ਪੀਲਾ ਪੇਸੀ, ਚਮਡ਼ੀ ਦੀ ਯੈਲੋ (ਪੀਲੀਆ), ਚਿਹਰੇ ਦੇ ਹੱਡੀ ਰੋਗ, ਹੌਲੀ ਵਿਕਾਸ ਦੇ ਲੱਛਣ ਦਿਸਦੇ ਹਨ।

ਥੈਲੇਸੀਮੀਆ ਤੋਂ ਬਚਾਅ ਦੇ ਢੰਗ

ਵਿਆਹ ਤੋਂ ਪਹਿਲਾਂ ਤੇ ਗਰਭ ਠਹਿਰਣ ਦੇ ਦੂਸਰੇ ਮਹੀਨੇ ਪਿੱਛੋਂ ਐੱਚਬੀਏ-2 ਦਾ ਟੈਸਟ ਕਰਵਾਉਣਾ ਬੇਹੱਦ ਜ਼ਰੂਰੀ ਹੈ। ਰੋਗੀ ਦਾ ਹੀਮੋਗਲੋਬਿਨ 11 ਜਾਂ 12 ਰੱਖਿਆ ਜਾਵੇ। ਕੇਂਦਰ ਸਰਕਾਰ ਵੱਲੋਂ ਕੌਮੀ ਬਾਲ ਸਿਹਤ ਪ੍ਰੋਗਰਾਮ ਤਹਿਤ ਥੈਲੇਸੀਮੀਆ ਪੀਡ਼ਤ ਬੱਚਿਆਂ ਨੂੰ ਮੁਫ਼ਤ ਇਲਾਜ ਸਹੂਲਤ ਦਿੰਦੀ ਹੈ। ਮੁਫ਼ਤ ਇਲਾਜ ਲਈ ਪੀਜੀਆਈ ਚੰਡੀਗਡ਼੍ਹ ਤੇ ਪੰਜਾਬ ਦੀਆਂ 5 ਥੈਲੇਸੀਮਿਕ ਸੋਸਾਇਟੀਆਂ (ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ, ਫ਼ਰੀਦਕੋਟ, ਦਇਆਨੰਦ ਹਸਪਤਾਲ ਲੁਧਿਆਣਾ, ਸਿਵਲ ਹਸਪਤਾਲ ਜਲੰਧਰ) ਮੌਜੂਦ ਹਨ।

ਕੌਮੀ ਬਾਲ ਸਿਹਤ ਪ੍ਰੋਗਰਾਮ ਤਹਿਤ ਸਰਕਾਰੀ ਹਸਪਤਾਲਾਂ ਵਿਚ ਜੰਮੇ ਬੱਚੇ (0 ਤੋਂ 6 ਹਫਤੇ), ਆਂਗਣਵਾਡ਼ੀ ਸੈਂਟਰਾਂ ਵਿਚ ਦਰਜ ਬੱਚੇ (6 ਹਫ਼ਤੇ ਤੋਂ 6 ਸਾਲ), ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪਡ਼੍ਹਦੇ ਪਹਿਲੀ ਤੋਂ ਬਾਰ੍ਹਵੀਂ ਕਲਾਸ (6 ਤੋਂ 18 ਸਾਲ) ਤਕ ਦੇ ਬੱਚੇ ਮੁਫ਼ਤ ਇਲਾਜ ਦੇ ਹੱਕਦਾਰ ਹਨ। ਥੈਲੇਸੀਮੀਆ ਪੀਡ਼ਤ ਤੇ ਸਰਕਾਰੀ ਸਕੂਲਾਂ ਵਿਚ ਪਡ਼੍ਹਦੇ ਬੱਚੇ ਪੀਜੀਆਈ ਚੰਡੀਗਡ਼੍ਹ ਜਾਂ ਹੋਰ ਥੈਲੇਸੀਮਿਕ ਸੋਸਾਇਟੀਆਂ ਵਿੱਚੋਂ ਪਹਿਲਾਂ ਤੋਂ ਇਲਾਜ ਕਰਵਾ ਰਹੇ ਹਨ, ਉਹ ਵੀ ਯੋਜਨਾ ਤਹਿਤ ਮੁਫ਼ਤ ਇਲਾਜ ਦੇ ਹੱਕਦਾਰ ਹਨ। ਜ਼ਿਲ੍ਹੇ ਦੇ ਸਿਵਲ ਸਰਜਨ ਦਫ਼ਤਰ ਵਿਚ ਜਾ ਕੇ ਮਾਪੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

Posted By: Sandip Kaur