ਗਰਮੀਆਂ ’ਚ ਨੱਕ ’ਚੋਂ ਖ਼ੂਨ ਆਉਣਾ ਕਿਸ ਗੱਲ ਦਾ ਹੈ ਸੰਕੇਤ? ਡਾਕਟਰ ਨੇ ਦੱਸਿਆ ਕਦੋਂ ਤੁਰੰਤ ਭੱਜਣਾ ਚਾਹੀਦਾ ਹੈ ਹਸਪਤਾਲ
ਗਰਮੀਆਂ ਦਾ ਮੌਸਮ ਆਉਂਦੇ ਹੀ ਕਈ ਲੋਕਾਂ ਨੂੰ ਨੱਕ ਵਿੱਚੋਂ ਖ਼ੂਨ ਆਉਣ (ਨਕਸੀਰ ਫੁੱਟਣ) ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਦੇਖ ਕੇ ਘਬਰਾਉਣਾ ਲਾਜ਼ਮੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਇਹ ਕੋਈ ਗੰਭੀਰ ਗੱਲ ਨਹੀਂ ਹੁੰਦੀ?
Publish Date: Tue, 09 Jun 2026 11:26 AM (IST)
Updated Date: Tue, 09 Jun 2026 11:28 AM (IST)

ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਗਰਮੀਆਂ ਦਾ ਮੌਸਮ ਆਉਂਦੇ ਹੀ ਕਈ ਲੋਕਾਂ ਨੂੰ ਨੱਕ ਵਿੱਚੋਂ ਖ਼ੂਨ ਆਉਣ (ਨਕਸੀਰ ਫੁੱਟਣ) ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਦੇਖ ਕੇ ਘਬਰਾਉਣਾ ਲਾਜ਼ਮੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਇਹ ਕੋਈ ਗੰਭੀਰ ਗੱਲ ਨਹੀਂ ਹੁੰਦੀ?
ਕੈਲਾਸ਼ ਦੀਪਕ ਹਸਪਤਾਲ ਦੀ ਕੰਸਲਟੈਂਟ ਫਿਜ਼ੀਸ਼ੀਅਨ ਡਾ. ਮਾਨਸੀ ਨਿਗਮ ਨੇ ਇਸ ਸਮੱਸਿਆ ਦੇ ਕਾਰਨ, ਬਚਾਅ ਅਤੇ ਇਸ ਨੂੰ ਰੋਕਣ ਦੇ ਸਹੀ ਤਰੀਕੇ ਦੱਸੇ ਹਨ। ਆਓ, ਇਸ ਆਰਟੀਕਲ ਵਿੱਚ ਸਮਝਦੇ ਹਾਂ ਕਿ ਗਰਮੀ ਵਿੱਚ ਨੱਕ ਵਿੱਚੋਂ ਖ਼ੂਨ ਆਵੇ ਤਾਂ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ।
ਗਰਮੀ ਵਿੱਚ ਕਿਉਂ ਹੁੰਦੀ ਹੈ ਨੋਜ਼ ਬਲੀਡਿੰਗ?
ਡਾਕਟਰ ਦੱਸਦੇ ਹਨ ਕਿ ਸਾਡੇ ਨੱਕ ਦੇ ਅੰਦਰ ਦੀ ਪਰਤ ਅਤੇ ਖ਼ੂਨ ਦੀਆਂ ਨਸਾਂ ਬਹੁਤ ਹੀ ਨਾਜ਼ੁਕ ਹੁੰਦੀਆਂ ਹਨ। ਤੇਜ਼ ਗਰਮੀ, ਸੁੱਕੀ ਹਵਾ, ਲੂ ਅਤੇ ਸਰੀਰ ਵਿੱਚ ਪਾਣੀ ਦੀ ਕਮੀ ਕਾਰਨ ਨੱਕ ਦੇ ਅੰਦਰ ਦੀ ਇਹ ਪਰਤ ਸੁੱਕ ਕੇ ਸੰਵੇਦਨਸ਼ੀਲ ਹੋ ਜਾਂਦੀ ਹੈ। ਅਜਿਹੇ ਵਿੱਚ ਇਹ ਛੋਟੀਆਂ ਨਸਾਂ ਫਟ ਜਾਂਦੀਆਂ ਹਨ ਅਤੇ ਖ਼ੂਨ ਵਹਿਣ ਲੱਗਦਾ ਹੈ।
ਇਸ ਤੋਂ ਇਲਾਵਾ, ਗਰਮੀਆਂ ਵਿੱਚ ਅਸੀਂ ਲੰਬੇ ਸਮੇਂ ਤੱਕ AC ਵਿੱਚ ਰਹਿੰਦੇ ਹਾਂ, ਜਿਸ ਨਾਲ ਨੱਕ ਦਾ ਰਸਤਾ ਹੋਰ ਜ਼ਿਆਦਾ ਸੁੱਕ ਜਾਂਦਾ ਹੈ। ਜਦੋਂ ਨੱਕ ਪਹਿਲਾਂ ਹੀ ਸੁੱਕੀ ਅਤੇ ਇਰੀਟੇਟਿਡ ਹੁੰਦੀ ਹੈ ਤਾਂ ਅਜਿਹੇ ਵਿੱਚ ਵਾਰ-ਵਾਰ ਨੱਕ ਰਗੜਨ, ਜ਼ੋਰ ਦੀ ਨੱਕ ਸਾਫ਼ ਕਰਨ ਜਾਂ ਨੱਕ ਵਿੱਚ ਉਂਗਲ ਪਾਉਣ ਵਰਗੀਆਂ ਆਦਤਾਂ ਨਾਲ ਤੁਰੰਤ ਬਲੀਡਿੰਗ ਸ਼ੁਰੂ ਹੋ ਸਕਦੀ ਹੈ।
ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ
ਅਕਸਰ ਲੋਕ ਨੱਕ ਵਿੱਚੋਂ ਖ਼ੂਨ ਆਉਂਦੇ ਹੀ ਆਪਣਾ ਸਿਰ ਪਿੱਛੇ ਵੱਲ ਝੁਕਾ ਲੈਂਦੇ ਹਨ। ਡਾਕਟਰ ਅਨੁਸਾਰ ਇਹ ਇੱਕ ਬਹੁਤ ਹੀ ਆਮ ਗ਼ਲਤੀ ਹੈ ਅਤੇ ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ। ਸਿਰ ਪਿੱਛੇ ਕਰਨ ਨਾਲ ਖ਼ੂਨ ਗਲੇ ਦੇ ਰਸਤੇ ਪੇਟ ਵਿੱਚ ਜਾ ਸਕਦਾ ਹੈ।
ਇਸ ਦੇ ਨਾਲ ਹੀ, ਲੋਕਾਂ ਨੂੰ ਵਾਰ-ਵਾਰ ਇਹ ਚੈੱਕ ਕਰਨ ਤੋਂ ਵੀ ਬਚਣਾ ਚਾਹੀਦਾ ਹੈ ਕਿ ਖ਼ੂਨ ਆਉਣਾ ਬੰਦ ਹੋਇਆ ਜਾਂ ਨਹੀਂ। ਵਾਰ-ਵਾਰ ਨੱਕ ਨੂੰ ਛੂਹਣ ਨਾਲ ਖ਼ੂਨ ਦਾ ਥੱਕਾ ਬਣਨ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ ਅਤੇ ਬਲੀਡਿੰਗ ਦੁਬਾਰਾ ਸ਼ੁਰੂ ਹੋ ਸਕਦੀ ਹੈ।
ਖ਼ੂਨ ਰੋਕਣ ਦਾ ਸਹੀ ਅਤੇ ਆਸਾਨ ਤਰੀਕਾ
ਜ਼ਿਆਦਾਤਰ ਨੋਜ਼ ਬਲੀਡਿੰਗ ਖ਼ਤਰਨਾਕ ਨਹੀਂ ਹੁੰਦੀ ਅਤੇ ਇਸ ਨੂੰ ਘਰ ਵਿੱਚ ਹੀ ਸ਼ਾਂਤੀ ਨਾਲ ਰੋਕਿਆ ਜਾ ਸਕਦਾ ਹੈ। ਜੇਕਰ ਨੱਕ ਵਿੱਚੋਂ ਖ਼ੂਨ ਆ ਜਾਵੇ, ਤਾਂ ਇਹ ਆਸਾਨ ਸਟੈਪਸ ਫਾਲੋ ਕਰੋ:
ਅੱਗੇ ਵੱਲ ਝੁਕੋ: ਸਿੱਧੇ ਬੈਠ ਜਾਓ ਅਤੇ ਆਪਣੇ ਸਿਰ ਨੂੰ ਥੋੜ੍ਹਾ ਅੱਗੇ ਵੱਲ ਝੁਕਾ ਲਓ।
ਨੱਕ ਨੂੰ ਦਬਾਓ: ਨੱਕ ਦੇ ਅੱਗੇ ਵਾਲੇ ਨਰਮ ਹਿੱਸੇ ਨੂੰ ਆਪਣੀਆਂ ਉਂਗਲਾਂ ਨਾਲ ਕਰੀਬ 10 ਤੋਂ 15 ਮਿੰਟ ਤੱਕ ਹਲਕੇ ਜਿਹੇ ਨੱਪ ਕੇ ਰੱਖੋ।
ਮੂੰਹ ਰਾਹੀਂ ਸਾਹ ਲਓ: ਨੱਕ ਬੰਦ ਹੋਣ ਕਾਰਨ ਇਸ ਦੌਰਾਨ ਆਪਣੇ ਮੂੰਹ ਰਾਹੀਂ ਸਾਹ ਲੈਂਦੇ ਰਹੋ।
ਠੰਢੀ ਸੇਕ: ਖ਼ੂਨ ਦੇ ਵਹਾਅ ਨੂੰ ਹੌਲੀ ਕਰਨ ਲਈ ਤੁਸੀਂ ਨੱਕ ਜਾਂ ਗੱਲ੍ਹਾਂ 'ਤੇ ਕੋਲਡ ਕੰਪ੍ਰੈਸ ਦੀ ਵਰਤੋਂ ਕਰ ਸਕਦੇ ਹੋ।
ਗਰਮੀਆਂ ਵਿੱਚ ਕਿਵੇਂ ਕਰੀਏ ਬਚਾਅ?
ਗਰਮੀ ਦੇ ਮੌਸਮ ਵਿੱਚ ਹਾਈਡ੍ਰੇਸ਼ਨ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੀ ਹੈ। ਭਰਪੂਰ ਮਾਤਰਾ ਵਿੱਚ ਤਰਲ ਪਦਾਰਥ ਲਓ, ਤਾਂ ਜੋ ਸ਼ਰੀਰ ਅਤੇ ਨੱਕ ਦੇ ਅੰਦਰ ਨਮੀ ਬਣੀ ਰਹੇ। ਇਸ ਨਾਲ ਸੁੱਕਾਪਣ ਘੱਗੇਗਾ ਅਤੇ ਜਲਨ ਤੋਂ ਰਾਹਤ ਮਿਲੇਗੀ। ਕੁਝ ਮਾਮਲਿਆਂ ਵਿੱਚ ਨੱਕ ਦੀ ਨਮੀ ਬਣਾਈ ਰੱਖਣ ਲਈ ਸਲਾਈਨ ਨੋਜ਼ਲ ਸਪ੍ਰੇਅ ਜਾਂ ਹਿਊਮਿਡੀਫਾਇਰ (ਹਵਾ 'ਚ ਨਮੀ ਵਧਾਉਣ ਵਾਲਾ ਯੰਤਰ) ਦੀ ਵਰਤੋਂ ਵੀ ਫ਼ਾਇਦੇਮੰਦ ਹੋ ਸਕਦੀ ਹੈ।
ਡਾਕਟਰ ਕੋਲ ਜਾਣਾ ਕਦੋਂ ਜ਼ਰੂਰੀ ਹੈ?
ਇੰਝ ਤਾਂ ਨੋਜ਼ ਬਲੀਡਿੰਗ ਆਸਾਨੀ ਨਾਲ ਘਰ ਵਿੱਚ ਰੁਕ ਜਾਂਦੀ ਹੈ, ਪਰ ਕੁਝ ਸਥਿਤੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇਕਰ ਤੁਹਾਨੂੰ ਹੇਠਾਂ ਦਿੱਤੇ ਲੱਛਣ ਦਿਖਣ, ਤਾਂ ਇਹ ਕਿਸੇ ਅੰਦਰੂਨੀ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ ਅਤੇ ਅਜਿਹੇ ਵਿੱਚ ਤੁਰੰਤ ਮੈਡੀਕਲ ਸਹਾਇਤਾ ਲੈਣੀ ਚਾਹੀਦੀ ਹੈ:
ਜਦੋਂ ਵਾਰ-ਵਾਰ ਨੱਕ ਵਿੱਚੋਂ ਖ਼ੂਨ ਆ ਰਿਹਾ ਹੋਵੇ।
ਬਲੀਡਿੰਗ ਬਹੁਤ ਜ਼ਿਆਦਾ ਹੋਵੇ।
ਖ਼ੂਨ ਆਉਣ ਦੇ ਨਾਲ ਚੱਕਰ ਮਹਿਸੂਸ ਹੋ ਰਹੇ ਹੋਣ।
ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਹੋਵੇ।
ਜੇਕਰ ਕਿਸੇ ਸੱਟ ਲੱਗਣ ਤੋਂ ਬਾਅਦ ਨੱਕ ਵਿੱਚੋਂ ਖ਼ੂਨ ਵਹਿਣਾ ਸ਼ੁਰੂ ਹੋਇਆ ਹੋਵੇ।