Vitamin D Deficiency : ਵਿਟਾਮਿਨ-ਡੀ ਚਰਬੀ 'ਚ ਘੁਲਸਣਸ਼ੀਲ ਇਕ ਵਿਟਾਮਿਨ ਹੈ ਜਿਹੜਾ ਸਾਡੀਆਂ ਹੱਡੀਆਂ ਨੂੰ ਕੈਲਸ਼ੀਅਮ ਦੀ ਸਪਲਾਈ ਤੋਂ ਲੈ ਕੇ ਸਾਡੀ ਰੋਗ-ਪ੍ਰਤੀਰੋਧਕ ਰੱਖਿਆ ਪ੍ਰਣਾਲੀ ਮਜ਼ਬੂਤ ਬਣਾਉਣ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਉਂਦਾ ਹੈ। ਅਸੀਂ ਆਮ ਤੌਰ 'ਤੇ ਇਸ ਵਿਟਾਮਿਨ ਨੂੰ ਖ਼ੁਰਾਕੀ ਪਦਾਰਥਾਂ, ਸਪਲੀਮੈਂਟਸ ਤੇ ਸੂਰਜ ਦੀਆਂ ਕਿਰਨਾਂ ਤੋਂ ਪ੍ਰਾਪਤ ਕਰਦੇ ਹਾਂ, ਪਰ ਜਦੋਂ ਕੁਝ ਗ਼ਲਤ ਹੋ ਜਾਂਦਾ ਹੈ ਤਾਂ ਸਾਨੂੰ ਵਿਟਾਮਿਨ ਡੀ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿਚ ਸਾਡੇ ਸਰੀਰ ਦਾ ਪੂਰਾ ਸਿਸਟਮ ਖ਼ਰਾਬ ਹੋ ਸਕਦਾ ਹੈ।

ਇਸ ਲੇਖ ਜ਼ਰੀਏ ਅਸੀਂ ਹੇਠਾਂ ਲਿਖੇ ਵਿਟਾਮਿਨ ਡੀ ਲੈਵਲ (What are the signs of Vitamin D deficiency) ਦੇ ਸਭ ਤੋਂ ਸਾਧਾਰਨ ਸੰਕੇਤਾਂ ਦਾ ਅਧਿਐਨ ਕੀਤਾ ਹੈ ਅਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਹਮਣੇ ਕੀ ਆਇਆ...

ਵਿਟਾਮਿਨ ਡੀ ਦੀ ਘਾਟ ਦੇ ਸੰਕੇਤ - signs of vitamin D deficiency

ਸਿਰ 'ਚੋਂ ਬਹੁਤ ਜ਼ਿਆਦਾ ਪਸੀਨਾ ਨਿਕਲਣਾ

ਵਿਗਿਆਨੀ ਸਾਹਿਤ (Scientific literature) ਬਹੁਤ ਜ਼ਿਆਦਾ ਪਸੀਨੇ ਦਾ ਵਰਣਨ ਕਰਦਾ ਹੈ ਜੋ ਵਿਟਾਮਿਨ ਡੀ ਦੀ ਘਾਟ ਦੇ ਸ਼ੁਰੂਆਤੀ ਲੱਛਣਾਂ 'ਚੋਂ ਇਕ ਹੈ। ਸਰੀਰ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਸਿਰ 'ਚੋਂ ਜ਼ਿਆਦਾ ਪਸੀਨਾ ਆਉਣਾ ਬਾਲਗਾਂ 'ਚ ਵਿਟਾਮਿਨ-ਡੀ ਦਾ ਇਕ ਵੱਖਰੀ ਤਰ੍ਹਾਂ ਦਾ ਸੰਕੇਤ ਹੈ। ਜੇਕਰ ਤੁਹਾਡੇ ਸਿਰ 'ਚੋਂ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਇਹ ਤੁਹਾਡੇ ਸਰੀਰ 'ਚ ਵਿਟਾਮਿਨ-ਡੀ ਦੀ ਘਾਟ ਨਾਲ ਸਬੰਧਤ ਹੋ ਸਕਦਾ ਹੈ ਅਤੇ ਤੁਹਾਨੂੰ ਆਪਣੇ ਡਾਕਟਰ ਤੋਂ ਸਲਾਹ ਲੈਣ ਦੀ ਜ਼ਰੂਰਤ ਪੈ ਸਕਦੀ ਹੈ।

ਹੱਡੀਆਂ 'ਚ ਦਰਦ

ਅਸਲ ਵਿਚ ਵਿਟਾਮਿਨ ਡੀ ਹੱਡੀਆਂ 'ਚ ਕੈਲਸ਼ੀਅਮ ਦੀ ਸਪਲਾਈ ਨੂੰ ਯਕੀਨੀ ਬਣਾਉਂਦਾ ਹੈ। ਜੇਕਰ ਸਰੀਰ 'ਚ ਵਿਟਾਮਿਨ ਡੀ ਦੀ ਘਾਟ ਆ ਜਾਵੇ ਤਾਂ ਹੱਡੀਆਂ 'ਚ ਸਹੀ ਤਰ੍ਹਾਂ ਨਾਲ ਕੈਲਸ਼ੀਅਮ ਦੀ ਸਪਲਾਈ ਨਹੀਂ ਹੁੰਦੀ ਤੇ ਹੱਡੀਆਂ 'ਚ ਦਰਦ ਦੀ ਸਮੱਸਿਆ ਪੈਦਾ ਹੋਣ ਲਗਦੀ ਹੈ। ਵਿਟਾਮਿਨ ਡੀ ਦੀ ਘਾਟ ਵੱਖ-ਵੱਖ ਮਸਕੂਲੋਸਕੈਲੇਟਲ ਦਰਦ ਨਾਲ ਜੁੜੀ ਹੋ ਸਕਦੀ ਹੈ। ਹੱਡੀਆਂ ਦੇ ਦਰਦ, ਹੱਡੀਆਂ ਦੇ ਫ੍ਰੈਕਚਰ ਅਤੇ ਓਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਵਿਟਾਮਿਨ-ਡੀ ਦੀ ਲੋੜੀਂਦੀ ਮਾਤਰਾ ਜ਼ਰੂਰੀ ਹੈ। ਇਸ ਦੇ ਮੁੱਖ ਸ੍ਰੋਤ ਸੂਰਜ ਤੇ ਕੁਝ ਖ਼ੁਰਾਕੀ ਪਦਾਰਥ ਹਨ।

ਮਾਸਪੇਸ਼ੀਆਂ 'ਚ ਦਰਦ

ਵਿਟਾਮਿਨ ਡੀ ਨਾ ਸਿਰਫ਼ ਸਾਡੀਆਂ ਹੱਡੀਆਂ ਬਲਕਿ ਸਾਡੀਆਂ ਮਾਸਪੇਸ਼ੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸ ਵਿਟਾਮਿਨ ਦੀ ਘਾਟ ਨਾਲ ਸਰੀਰਕ ਗਤੀਵਿਧੀਆਂ ਜਿਵੇਂ- ਐਕਸਰਸਾਈਜ਼ ਜਾਂ ਸਪੋਰਟਸ ਐਕਟੀਵਿਟੀ ਤੇ ਕਿਸੇ ਮੁਸ਼ੱਕਤ ਵਾਲੇ ਕੰਮ ਤੋਂ ਬਾਅਦ ਮਾਸਪੇਸ਼ੀਆਂ 'ਚ ਦਰਦ, ਕਮਜ਼ੋਰੀ ਆਦਿ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਵਿਟਾਮਿਨ ਡੀ ਦਾ ਘਟਣਾ ਸਰੀਰ 'ਚ ਕ੍ਰੋਨਿਕ ਪੇਨ ਦਾ ਕਾਰਨ ਬਣ ਸਕਦਾ ਹੈ ਜੋ ਫਾਈਬ੍ਰੋਮਾਇਲਜ਼ੀਆ ਦੇ ਮੁੱਖ ਲੱਛਣਾਂ 'ਚੋਂ ਇਕ ਹੈ।

ਰੋਗਾਂ ਨਾਲ ਲੜਨ ਦੀ ਤਾਕਤ ਘਟਣੀ

ਵਿਟਾਮਿਨ-ਡੀ ਸਾਡੀ ਰੱਖਿਆ ਪ੍ਰਣਾਲੀ ਦਾ ਸਮਰਥਨ ਕਰਨ 'ਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ। ਅਣਜਾਣੇ 'ਚ ਐਂਟੀ-ਬਾਇਓਟਿਕਸ ਦੀ ਖੋਜ ਤੋਂ ਬਹੁਤ ਪਹਿਲਾਂ ਡਾਕਟਰਾਂ ਨੇ ਸੰਕ੍ਰਮਣ ਦਾ ਇਲਾਜ ਕਰਨ ਲਈ ਇਸ ਵਿਟਾਮਿਨ ਦੀ ਵਰਤੋਂ ਸ਼ੁਰੂ ਕਰ ਦਿੱਤੀ ਸੀ। ਉਦਾਹਰਨ ਲਈ, ਤਪਦਿਕ ਦੇ ਰੋਗੀਆਂ ਨੂੰ ਸੈਨੇਟੋਰੀਅਮ ਭੇਜਿਆ ਜਾਂਦਾ ਹੈ ਜਿੱਥੇ ਉਨ੍ਹਾਂ ਨੂੰ ਧੁੱਪ ਦੇ ਸੰਪਰਕ 'ਚ ਲਿਆਂਦਾ ਜਾਂਦਾ ਹੈ। ਇਸ ਨਾਲ ਸਿੱਧੇ ਸੰਕ੍ਰਮਣ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਲਗਾਤਾਰ ਵਾਇਰਲ ਸੰਕ੍ਰਮਣ ਤੋਂ ਪੀੜਤ ਹੋ ਤਾਂ ਘੱਟ ਵਿਟਾਮਿਨ-ਡੀ ਹੋਣ ਦਾ ਕਾਰਨ ਵੀ ਹੋ ਸਕਦਾ ਹੈ।

ਥਕਾਵਟ ਤੇ ਸੁਸਤੀ

ਅਸੀਂ ਅਕਸਰ ਰੁਝੇਵਿਆਂ ਵਾਲੀ ਜੀਵਨਸ਼ੈਲੀ ਜਾਂ ਨੀਂਦ ਦੀ ਘਾਟ ਕਾਰਨ ਥਕਾਵਟ ਤੇ ਸੁਸਤੀ ਮਹਿਸੂਸ ਕਰਦੇ ਹਾਂ। ਹਾਲਾਂਕਿ, ਖੋਜ 'ਚ ਪਤਾ ਚੱਲਿਆ ਹੈ ਕਿ ਸਰੀਰ 'ਚ ਵਿਟਾਮਿਨ ਡੀ ਦੀ ਘਾਟ ਥਕਾਵਟ ਤੇ ਸੁਸਤੀ ਦਾ ਸੰਕੇਤ ਹੋ ਸਕਦੀ ਹੈ। ਥਕਾਵਟ ਨਾਲ ਰੋਗੀਆਂ 'ਤੇ ਵਿਟਾਮਿਨ ਡੀ ਸਪਲੀਮੈਂਟ ਦੇ ਅਸਰ ਦਾ ਅਧਿਐਨ ਕਰਨ ਵਾਲੇ ਇਕ ਅਧਿਐਨ 'ਚ ਵਿਟਾਮਿਨ ਡੀ ਦੇ ਪੱਧਰ ਦੇ ਆਮ ਹੋਣ ਤੋਂ ਬਾਅਦ ਥਕਾਵਟ ਦੇ ਲੱਛਣਾਂ 'ਚ ਕਮੀ ਦੇਖੀ ਗਈ।

ਵਾਲ਼ਾਂ ਦਾ ਝੜਨਾ

ਅਜਿਹੇ ਕਈ ਕਾਰਨ ਹਨ ਜਿਹੜੇ ਵਾਲ਼ ਝੜਨ ਨੂੰ ਬੜ੍ਹਾਵਾ ਦੇ ਸਕਦੇ ਹਨ ਅਤੇ ਵਿਟਾਮਿਨ ਡੀ ਦੀ ਘਾਟ ਉਨ੍ਹਾਂ ਵਿਚੋਂ ਇਕ ਹੈ। ਇਸ ਵਿਟਾਮਿਨ ਦੀ ਘਾਟ ਵਾਲ਼ ਉੱਗਣ ਅਤੇ ਟੁੱਟਣ ਦੀ ਪ੍ਰਕਿਰਿਆ ਪ੍ਰਭਾਵਿਤ ਕਰ ਸਕਦੀ ਹੈ ਜਿਵੇਂ- ਵਾਲ਼ਾਂ ਦਾ ਪਤਲਾ ਹੋਣ ਤੇ ਵਾਲ਼ਾਂ ਦਾ ਝੜਨਾ ਆਦਿ। ਵਿਟਾਮਿਨ ਡੀ ਵਾਲ਼ਾਂ ਲਈ ਇਕ ਜ਼ਰੂਰੀ ਪੋਸ਼ਕ ਤੱਤ ਹੈ ਅਤੇ ਇਸ ਦੀ ਵਰਤੋਂ ਬਿਨਾਂ ਕਿਸੇ ਨੁਕਸਾਨ ਦੇ ਇਲਾਜ ਦੇ ਉਦੇਸ਼ ਨਾਲ ਸਪਲੀਮੈਂਟ ਦੇ ਰੂਪ 'ਚ ਕੀਤੀ ਜਾ ਸਕਦੀ ਹੈ।

ਤਣਾਅ

ਵਿਟਾਮਿਨ ਡੀ ਇਕ ਅਨੋਖਾ ਵਿਟਾਮਿਨ ਹੈ ਜੋ ਸਾਡੇ ਸਰੀਰ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਵਿਚ ਦਿਮਾਗ਼ ਵੀ ਸ਼ਾਮਲ ਹੈ। ਸਾਡੀ ਚਮੜੀ 'ਚ ਵਿਟਾਮਿਨ ਡੀ ਸੰਸ਼ਲੇਸ਼ਿਤ ਹੋਣ ਤੋਂ ਬਾਅਦ ਇਹ ਡੋਪਾਮਾਈਨ ਅਤੇ ਸੇਰੋਟੋਨਿਨ ਵਰਗੇ ਨਿਊਰੋਟ੍ਰਾਂਸਮੀਟਰ ਨੂੰ ਮੁਕਤ ਕਰਦਾ ਹੈ ਜੋ ਦਿਮਾਗ਼ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਦੇ ਹਨ। ਵਿਗਿਆਨੀਆਂ ਅਨੁਸਾਰ, ਵਿਟਾਮਿਨ ਡੀ ਦੀ ਘਾਟ ਨਾਲ ਚਿੰਤਾ, ਤਣਾਅ ਹੋ ਸਕਦਾ ਹੈ। ਇਹ ਸੀਜ਼ੋਫ੍ਰੇਨੀਆ ਸਮੇਤ ਮਾਨਸਿਕ ਬਿਮਾਰੀਆਂ ਨਾਲ ਵੀ ਸਬੰਧਤ ਹੋ ਸਕਦਾ ਹੈ।

ਜੇਕਰ ਤੁਹਾਡੇ ਸਰੀਰ 'ਚ ਵਿਟਾਮਿਨ ਡੀ ਦੀ ਘਾਟ ਦੇ ਸੰਕੇਤ ਹਨ ਤਾਂ ਤੁਸੀਂ ਕਿਸੇ ਚੰਗੇ ਡਾਕਟਰ ਨੂੰ ਮਿਲਣ ਦੀ ਯੋਜਨਾ ਬਣਾਓ ਜਿਹੜਾ ਤੁਹਾਡੇ ਸਰੀਰ 'ਚ ਇਸ ਵਿਟਾਮਿਨ ਦੇ ਲੈਵਲ ਦਾ ਮੁਲਾਂਕਣ ਕਰੇਗਾ ਅਤੇ ਤੁਹਾਡੀ ਵਿਟਾਮਿਨ ਡੀ ਦੀ ਲੋੜੀਂਦੀ ਖ਼ੁਰਾਕ ਨਿਰਧਾਰਤ ਕਰੇਗਾ।

Posted By: Seema Anand