ਜੇ ਤੁਸੀਂ ਦੁੱਧ ਪੀਣ ਤੋਂ ਪਰਹੇਜ਼ ਕਰਦੇ ਹੋ ਅਤੇ ਸਹੀ ਮਾਤਰਾ 'ਚ ਧੁੱਪ ਵੀ ਨੀਂ ਲੈਂਦੇ ਤਾਂ ਤੁਹਾਡੇ ਸਰੀਰ ਵਿਚ ਕੈਲਸ਼ੀਅਮ ਅਤੇ ਵਿਟਾਮਿਨ-ਡੀ ਦੀ ਕਮੀ ਆ ਸਕਦੀ ਹੈ। ਜੇ ਤੁਸੀਂ ਪੂਰਨ ਰੂਪ 'ਚ ਸ਼ਾਕਾਹਾਰੀ ਹੋ ਤਾਂ ਇਹ ਤੁਹਾਡੇ ਲਈ ਹੋਰ ਵੀ ਗੰਭੀਰ ਵਿਸ਼ਾ ਹੈ, ਕਿਉਂਕਿ ਵਿਟਾਮਿਨ-ਡੀ ਦੀ ਪੂਰਤੀ ਲਈ ਤੁਹਾਡੇ ਕੋਲ ਸੀਮਤ ਬਦਲ ਮੌਜੂਦ ਹਨ ਅਤੇ ਇਸ ਦੀ ਘਾਟ ਸਿਹਤ ਸਬੰਧੀ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

ਹੱਡੀਆਂ ਤੇ ਮਾਸਪੇਸ਼ੀਆਂ ਦੀ ਕਮਜ਼ੋਰੀ

ਜੇ ਤੁਸੀਂ ਹੱਡੀਆਂ 'ਚ ਦਰਦ ਜਾਂ ਕਮਜ਼ੋਰੀ ਦੇ ਨਾਲ-ਨਾਲ ਮਾਸਪੇਸ਼ੀਆਂ 'ਚ ਲਗਾਤਾਰ ਦਰਦ ਮਹਿਸੂਸ ਕਰਦੇ ਹੋ ਤਾਂ ਇਸ ਦਾ ਕਾਰਨ ਵਿਟਾਮਿਨ-ਡੀ ਦੀ ਘਾਟ ਹੋ ਸਕਦਾ ਹੈ। ਵਿਟਾਮਿਨ-ਡੀ ਹੱਡੀਆਂ ਲਈ ਬਹੁਤ ਜ਼ਰੂਰੀ ਹੋਣ ਦੇ ਨਾਲ-ਨਾਲ ਦੰਦਾਂ ਤੇ ਮਾਸਪੇਸ਼ੀਆਂ ਲਈ ਵੀ ਜ਼ਰੂਰੀ ਪੋਸ਼ਕ ਤੱਤ ਹੈ।

ਹਾਈ ਬਲੱਡ ਪ੍ਰੈਸ਼ਰ

ਜੇ ਤੁਹਾਡੇ ਸਰੀਰ 'ਚ ਵਿਟਾਮਿਨ-ਡੀ ਦੀ ਘਾਟ ਹੋ ਰਹੀ ਹੈ ਤਾਂ ਇਸ ਦਾ ਅਸਰ ਤੁਹਾਡੇ ਬਲੱਡ ਪ੍ਰੈਸ਼ਰ ਉੱਪਰ ਵੀ ਪੈ ਸਕਦਾ ਹੈ। ਇਸ ਦੀ ਘਾਟ ਨਾਲ ਅਕਸਰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਪੈਦਾ ਹੁੰਦੀ ਹੈ।

ਤਣਾਅ

ਖ਼ਾਸ ਤੌਰ 'ਤੇ ਔਰਤਾਂ ਵਿਚ ਵਿਟਾਮਿਨ-ਡੀ ਦੀ ਘਾਟ ਕਾਰਨ ਤਣਾਅ ਦੀ ਸਮੱਸਿਆ ਹੋ ਜਾਂਦੀ ਹੈ, ਜਿਸ ਕਾਰਨ ਉਹ ਲਗਾਤਾਰ ਉਦਾਸ ਤੇ ਚਿੜਚਿੜਾਪਨ ਮਹਿਸੂਸ ਕਰਦੀਆਂ ਹਨ। ਔਰਤਾਂ 'ਚ ਵਿਟਾਮਿਨ-ਡੀ ਦੀ ਜ਼ਰੂਰਤ ਮਰਦਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ।

ਮੂਡ 'ਤੇ ਅਸਰ

ਸਰੀਰ ਵਿਚ ਵਿਟਾਮਿਨ-ਡੀ ਦੀ ਘਾਟ ਦਾ ਸਿੱਧਾ ਅਸਰ ਤੁਹਾਡੇ ਮੂਡ ਉੱਪਰ ਵੀ ਪੈਂਦਾ ਹੈ। ਇਸ ਦੀ ਘਾਟ ਨਾਲ ਸਰੀਰ 'ਚ ਸੈਰੋਟੋਨਿਨ ਹਾਰਮੋਨ ਦੇ ਰਿਸਾਅ 'ਤੇ ਅਸਰ ਪੈਂਦਾ ਹੈ, ਜੋ ਤੁਹਾਡੇ ਬਦਲਦੇ ਮੂਡ ਲਈ ਜ਼ਿੰਮੇਵਾਰ ਹੋ ਸਕਦਾ ਹੈ।