ਕੋਰੋਨਾ ਵਾਇਰਸ (ਕੋਵਿਡ-19) ਨੂੰ ਗੰਭੀਰ ਹੋਣ ਤੋਂ ਰੋਕਣ 'ਚ ਵਿਟਾਮਿਨ ਡੀ ਦੀ ਭੂਮਿਕਾ ਸਾਹਮਣੇ ਆਈ ਹੈ। ਇਕ ਖੋਜ 'ਚ ਪਤਾ ਲੱਗਾ ਹੈ ਕਿ ਵਿਟਾਮਿਨ ਡੀ ਦਾ ਢੁੱਕਵਾਂ ਪੱਧਰ ਹੋਣ ਨਾਲ ਕਿਸੇ ਮਰੀਜ਼ 'ਚ ਕੋਰੋਨਾ ਦੇ ਮੱਦੇਨਜ਼ਰ ਗੰਭੀਰ ਸਮੱਸਿਆਵਾਂ ਤੇ ਮੌਤ ਦਾ ਖ਼ਤਰਾ ਘੱਟ ਹੋ ਸਕਦਾ ਹੈ। ਇਸ ਮਹੀਨੇ ਦੇ ਸ਼ੁਰੂ 'ਚ ਇਕ ਹੋਰ ਅਧਿਐਨ 'ਚ ਪਾਇਆ ਗਿਆ ਸੀ ਕਿ ਵਿਟਾਮਿਨ ਡੀ ਦੀ ਕਮੀ ਕਾਰਨ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ ਵੱਧ ਸਕਦਾ ਹੈ। ਵਿਟਾਮਿਨ ਡੀ ਇਕ ਹਾਰਮੋਨ ਹੈ, ਜੋ ਸਾਡੀ ਚਮੜੀ ਦੇ ਸੂਰਜ ਦੀ ਰੋਸ਼ਨੀ ਦੇ ਸੰਪਰਕ 'ਚ ਆਉਣ 'ਤੇ ਪੈਦਾ ਹੁੰਦਾ ਹੈ। ਇਹ ਸਰੀਰ 'ਚ ਕੈਲਸ਼ੀਅਮ ਤੇ ਫਾਸਫੇਟ ਦੀ ਮਾਤਰਾ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ, ਜੋ ਹੱਡੀਆਂ, ਦੰਦਾਂ ਤੇ ਮਾਸਪੇਸ਼ੀਆਂ ਨੂੰ ਸਿਹਤਮੰਦ ਰੱਖਣ ਲਈ ਬਹੁਤ ਜ਼ਰੂਰ ਹੈ।

ਪੀਐੱਲਓਐੱਸ ਵਨ ਮੈਗਜ਼ੀਨ 'ਚ ਪ੍ਰਕਾਸ਼ਿਤ ਅਧਿਐਨ ਮੁਤਾਬਕ, ਹਸਪਤਾਲ 'ਚ ਭਰਤੀ ਕੀਤੇ ਗਏ ਉਨ੍ਹਾਂ ਕੋਰੋਨਾ ਮਰੀਜ਼ਾਂ ਦੀ ਹਾਲਤ ਵਿਗੜਨ ਤੇ ਮੌਤ ਦੇ ਖ਼ਤਰੇ 'ਚ ਜ਼ਿਕਰਯੋਗ ਕਮੀ ਆਈ, ਜਿਨ੍ਹਾਂ 'ਚ ਵਿਟਾਮਿਨ ਡੀ ਦਾ ਢੁੱਕਵਾਂ ਪੱਧਰ ਸੀ। ਇਹ ਸਿੱਟਾ 235 ਰੋਗੀਆਂ 'ਤੇ ਕੀਤੇ ਗਏ ਇਕ ਅਧਿਐਨ ਦੇ ਆਧਾਰ 'ਤੇ ਕੱਿਢਆ ਗਿਆ ਹੈ। ਇਨ੍ਹਾਂ ਕੋਰੋਨਾ ਮਰੀਜ਼ਾਂ ਦੇ ਖ਼ੂਨ ਦੇ ਨਮੂਨਿਆਂ 'ਚ ਵਿਟਾਮਿਨ ਡੀ ਦੇ ਪੱਧਰ ਨੂੰ ਮਾਪਿਆ ਗਿਆ ਸੀ। ਜਿਨ੍ਹਾਂ ਪੀੜਤਾਂ 'ਚ ਵਿਟਾਮਿਨ ਡੀ ਦਾ ਪੱਧਰ ਘੱਟ ਰਿਹਾ, ਉਨ੍ਹਾਂ 'ਚ ਗੰਭੀਰ ਇਨਫੈਕਸ਼ਨ ਪਾਈ ਗਈ। ਅਜਿਹੇ ਮਰੀਜ਼ ਅਚੇਤ ਰਹੇ ਤੇ ਉਨ੍ਹਾਂ ਨੂੰ ਸਾਹ ਲੈਣ 'ਚ ਕਾਫੀ ਤਕਲੀਫ ਦਾ ਸਾਹਮਣਾ ਕਰਨਾ ਪਿਆ। ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਦੇ ਮੁੱਖ ਖੋਜਕਾਰ ਮਾਈਕਲ ਐੱਫ ਹੋਲਿਕ ਨੇ ਕਿਹਾ ਕਿ ਇਹ ਅਧਿਐਨ ਇਸ ਗੱਲ ਦਾ ਸਬੂਤ ਮੁਹੱਈਆ ਕਰਵਾਉਂਦਾ ਹੈ ਕਿ ਸਰੀਰ 'ਚ ਵਿਟਾਮਿਨ ਡੀ ਦੀ ਢੁੱਕਵੀਂ ਮੌਜੂਦਗੀ ਨਾਲ ਸਮੱਸਿਆਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। (ਆਈਏਐੱਨਐੱਸ)