ਭਵਿੱਖ 'ਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਕਰਨ ਲਈ ਬਚਪਨ ਤੋਂ ਹੀ ਚੌਕਸੀ ਜ਼ਰੂਰੀ ਹੈ। ਇਕ ਅਧਿਐਨ ਮੁਤਾਬਕ, ਤਿੰਨ ਸਾਲ ਦੀ ਉਮਰ ਤੋਂ ਹੀ ਸਰੀਰਕ ਸਰਗਰਮੀਆਂ ਬੱਚਿਆਂ ਨੂੰ ਅੱਗੇ ਚੱਲ ਕੇ ਫ਼ਾਇਦਾ ਦਿੰਦੀਆਂ ਹਨ। ਇਸ ਨਾਲ ਖ਼ੂਨ ਦੀਆਂ ਧਮਨੀਆਂ ਦੀ ਸਿਹਤ ਬਿਹਤਰ ਹੁੰਦੀ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਕੈਨੇਡਾ ਦੀ ਮੈਕਮਾਸਟਰ ਯੂਨੀਵਰਸਿਟੀ ਦੇ ਖੋਜੀ ਨਿਕੋਲ ਪ੍ਰਰਾਊਡਫੁਟ ਨੇ ਕਿਹਾ, 'ਜ਼ਿਆਦਾਤਰ ਲੋਕ ਸੋਚਦੇ ਹਨ ਕਿ ਦਿਲ ਦੀਆਂ ਬਿਮਾਰੀਆਂ ਵੱਡੀ ਉਮਰ 'ਚ ਹਮਲਾ ਕਰਦੀਆਂ ਹਨ, ਜਦਕਿ ਧਮਨੀਆਂ 'ਚ ਸਖ਼ਤੀ ਬਹੁਤ ਘੱਟ ਉਮਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਬਚਪਨ ਤੋਂ ਹੀ ਇਸ ਦਿਸ਼ਾ ਵਿਚ ਕਦਮ ਚੁੱਕੇ ਜਾਣ। ਸਾਨੂੰ ਬੱਚੇ ਨੂੰ ਸਰੀਰਕ ਰੂਪ ਨਾਲ ਸਰਗਰਮ ਰੱਖਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦੇ ਦਿਲ ਦੀ ਸਿਹਤ ਚੰਗੀ ਰਹੇ।' ਅਧਿਐਨ ਦੌਰਾਨ ਤਿੰਨ ਤੋਂ ਪੰਜ ਸਾਲ ਦੀ ਉਮਰ ਦੇ 400 ਤੋਂ ਜ਼ਿਆਦਾ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਅਤੇ ਤਿੰਨ ਸਾਲ ਤਕ ਅਧਿਐਨ ਤੋਂ ਬਾਅਦ ਇਹ ਸਿੱਟਾ ਕੱਢਿਆ ਗਿਆ। (ਆਈਏਐੱਨਐੱਸ)