ਹਲਦੀ ਸਿਹਤ ਲਈ ਬਹੁਤ ਲਾਭਦਾਇਕ ਹੈ। ਇਸ ਨੂੰ ਹਰ ਰੋਜ਼ ਦਾਲ-ਸਬਜ਼ੀ 'ਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਬਿਨਾਂ ਨਾ ਤਾਂ ਦਾਲ-ਸਬਜ਼ੀ ਦਾ ਰੰਗ ਵਧੀਆ ਬਣਦਾ ਹੈ ਤੇ ਨਾ ਹੀ ਸੁਆਦ। ਹਲਦੀ ਦੇ ਅਨੇਕਾਂ ਗੁਣ ਹਨ। ਇਹ ਖ਼ੂਨ ਸਾਫ਼ ਕਰਦੀ ਹੈ ਤੇ ਸਰੀਰ 'ਚੋਂ ਜ਼ਹਿਰੀਲੇ ਮਾਦੇ ਨੂੰ ਬਾਹਰ ਕੱਢਣ 'ਚ ਸਹਾਇਕ ਹੈ। ਉਮਰ ਵਧਣ ਨਾਲ ਸਰੀਰ 'ਚ ਤੇਜ਼ਾਬੀ ਮਾਦਾ ਵਧ ਜਾਂਦਾ ਹੈ ਤੇ ਚਮੜੀ ਖ਼ੁਸ਼ਕ ਹੋਣੀ ਸ਼ੁਰੂ ਹੋ ਜਾਂਦੀ ਹੈ। ਹਲਦੀ ਦੇ ਪ੍ਰਯੋਗ ਨਾਲ ਇਨ੍ਹਾਂ ਵਿਕਾਰਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ।

ਰੋਗਾਂ ਨੂੰ ਦੂਰ ਰੱਖਣ 'ਚ ਕਾਰਗਰ

ਕਈ ਰੋਗਾਂ ਨੂੰ ਦੂਰ ਰੱਖਣ 'ਚ ਸਹਾਈ ਹੋਣ ਵਾਲੇ ਖ਼ੁਰਾਕੀ ਪਦਾਰਥਾਂ ਦੀ ਸੂਚੀ 'ਚ ਹਲਦੀ ਦਾ ਸਥਾਨ ਸਭ ਤੋਂ ਉੱਤੇ ਹੈ ਅਤੇ ਇਹ ਸੇਬ ਨਾਲੋਂ ਵੀ ਲਾਹੇਵੰਦ ਹੈ। ਵਡੇਰੀ ਉਮਰ ਦੇ ਲੋਕਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਖਾਂਸੀ ਤੇ ਗਲੇ ਦਾ ਦਰਦ

ਖੰਘ ਤੇ ਗਲੇ ਦੇ ਦਰਦ ਲਈ ਇਕ ਚਮਚ ਪੀਸੀ ਹੋਈ ਹਲਦੀ ਤੇ ਥੋੜ੍ਹੀ ਜਿਹੀ ਕਾਲੀ ਮਿਰਚ ਮਿਲਾ ਕੇ ਇਕ ਗਿਲਾਸ ਦੁੱਧ 'ਚ ਉਬਾਲੋ। ਇਹ ਖੰਘ ਅਤੇ ਗਲੇ ਦੇ ਦਰਦ ਦਾ ਢੁੱਕਵਾਂ ਇਲਾਜ ਹੈ।

ਚਮੜੀ ਰੋਗ

ਅਜਵਾਇਣ ਦਾ ਪਾਊਡਰ ਤੇ ਪੀਸੀ ਹੋਈ ਹਲਦੀ 12-12 ਗ੍ਰਾਮ ਲੈ ਕੇ ਪਿਆਜ਼ ਦੇ ਰਸ 'ਚ ਮਿਲਾ ਕੇ ਇਸਤੇਮਾਲ ਕਰਨ ਨਾਲ ਚਮੜੀ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਦਾ ਸੇਵਨ ਦਿਨ 'ਚ ਦੋ ਵਾਰ ਕੀਤਾ ਜਾਵੇ।

ਦੰਦਾਂ ਦੀ ਮਜ਼ਬੂਤੀ

ਪੀਸੀ ਹੋਈ ਹਲਦੀ 'ਚ ਨਮਕ ਮਿਲਾ ਕੇ ਸਵੇਰੇ ਦੰਦਾਂ 'ਤੇ ਰਗੜੋ। ਇਸ ਨਾਲ ਦੰਦ ਮਜ਼ਬੂਤ ਹੋਣਗੇ। ਅਜਿਹਾ ਕਰਨ ਨਾਲ ਮੂੰਹ 'ਚੋਂ ਬਦਬੂ ਵੀ ਖ਼ਤਮ ਹੋਵੇਗੀ ਤੇ ਦੰਦਾਂ ਦੇ ਦਰਦ ਤੋਂ ਵੀ ਰਾਹਤ ਮਿਲੇਗੀ।

ਜ਼ਖ਼ਮਾਂ ਤੋਂ ਰਾਹਤ

ਜੇ ਸਰੀਰ ਉੱਪਰ ਕਿਸੇ ਕਿਸਮ ਦਾ ਜ਼ਖ਼ਮ ਹੋਵੇ ਤਾਂ ਹਲਦੀ ਨੂੰ ਸਰ੍ਹੋਂ ਦੇ ਤੇਲ 'ਚ ਮਿਲਾ ਕੇ ਗਰਮ ਕਰ ਕੇ ਲਗਾਉਣ ਵਾਲ ਜਲਦੀ ਫ਼ਾਇਦਾ ਹੋਵੇਗਾ ਤੇ ਦਰਦ ਤੋਂ ਵੀ ਰਾਹਤ ਮਿਲੇਗੀ।

ਚਿਹਰੇ ਦੀ ਸੁੰਦਰਤਾ

ਹਲਦੀ 'ਚ ਚਿਹਰੇ ਨੂੰ ਨਿਖ਼ਾਰਨ ਵਾਲੇ ਗੁਣ ਵੀ ਹਨ। ਇਕ ਛੋਟਾ ਚਮਚ ਪੀਸੀ ਹੋਈ ਹਲਦੀ ਤੇ ਵੇਸਣ ਜਾਂ ਚੰਦਨ ਦੇ ਪਾਊਡਰ ਨੂੰ ਮਲਾਈ 'ਚ ਮਿਲਾ ਕੇ 10-12 ਦਿਨ ਲਾਗਤਾਰ ਚਿਹਰੇ 'ਤੇ ਲਾਉਣ ਨਾਲ ਚਿਹਰੇ ਦੀ ਸੁੰਦਰਤਾ 'ਚ ਨਿਖ਼ਾਰ ਆਵੇਗਾ ਤੇ ਚਮੜੀ ਨਰਮ ਬਣੇਗੀ।

ਮੋਟਾਪੇ ਤੋਂ ਛੁਟਕਾਰਾ

ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ 'ਚ ਜਮ੍ਹਾਂ ਹੋਈ ਚਰਬੀ ਦੀ ਮਾਤਰਾ ਘਟਦੀ ਹੈ। ਇਸ 'ਚ ਮੌਜੂਦ ਕੈਲਸ਼ੀਅਮ ਤੇ ਹੋਰ ਪੌਸ਼ਟਿਕ ਤੱਤ ਮੋਟਾਪਾ ਘਟਾਉਣ 'ਚ ਮਦਦਗਾਰ ਹੁੰਦੇ ਹਨ।

ਸਾਹ ਦੀ ਪਰੇਸ਼ਾਨੀ

ਹਲਦੀ ਦੁੱਧ 'ਚ ਉਬਾਲ ਕੇ ਪੀਣ ਨਾਲ ਸਾਹ ਸਬੰਧੀ ਤਕਲੀਫ਼ਾਂ ਤੋਂ ਨਿਜਾਤ ਮਿਲਦੀ ਹੈ। ਇਹ ਸਰੀਰ 'ਚ ਗਰਮੀ ਲਿਆ ਕੇ ਕਫ਼ ਨੂੰ ਹਟਾਉਣ 'ਚ ਮਦਦ ਕਰਦੀ ਹੈ ਅਤੇ ਬੈਕਟੀਰੀਆ ਵਿਰੁੱਧ ਲੜਨ 'ਚ ਵੀ ਸਹਾਇਕ ਹੁੰਦੀ ਹੈ।

Posted By: Harjinder Sodhi