ਆਯੁਰਵੇਦ ਵਿਚ ਤੁਲਸੀ ਬਹੁਤ ਅਸਰਦਾਇਕ ਤੇ ਅਨੇਕਾ ਰੋਗਾਂ ’ਚ ਫ਼ਾਇਦੇਮੰਦ ਮੰਨੀ ਗਈ ਹੈ। ਇਹ ਕਫ ਰੋਗਾਂ ’ਚ ਕਾਰਗਰ ਹੈ, ਇਮਿਊਨਿਟੀ ਬੂਸਟਰ ਹੈ ਤੇ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦੀ ਹੈ। ਆਯੁਰਵੇਦ ’ਚ ਜਿੰਨੇ ਵੀ ਕਫ ਸਿਰਪ ਆਉਂਦੇ ਹਨ, ਉਨ੍ਹਾਂ ਵਿਚ ਤੁਲਸੀ ਜ਼ਰੂਰ ਪਾਈ ਜਾਂਦੀ ਹੈ। ਕਈ ਕੰਪਨੀਆਂ ਪੰਜ ਤੁਲਸੀ ਦੇ ਨਾਂ ’ਤੇ ਡਰੌਪਸ ਬੜੇ ਜ਼ੋਰਾਂ-ਸ਼ੋਰਾਂ ਨਾਲ ਬਾਜ਼ਾਰ ’ਚ ਵੇਚ ਰਹੀਆਂ ਹਨ।

ਪੰਜ ਤੁਲਸੀ ਨਾਲ ਕਈ ਰੋਗਾਂ ਦੇ ਠੀਕ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਜੋ ਇਕ ਸੱਚਾਈ ਹੈ ਕਿਉਂਕਿ ਸਰੀਰ ’ਚ ਇਕੱਠੇ ਹੋਏ ਵਿਸ਼ੈਲੇ ਤੱਤ ਬਾਹਰ ਕੱਢਦੀ ਹੈ। ਜਦੋਂ ਤੁਹਾਡੇ ਸਰੀਰ ’ਚੋਂ ਜ਼ਹਿਰੀਲਾਪਣ ਬਾਹਰ ਨਿਕਲਦਾ ਹੈ ਤਾਂ ਸਰੀਰ ਦੀ ਸਫ਼ਾਈ ਹੁੰਦੀ ਹੈ। ਜਦੋਂ ਗੰਦਗੀ ਸਰੀਰ ’ਚੋਂ ਬਾਹਰ ਜਾਵੇਗੀ, ਉਸ ਨਾਲ ਸਰੀਰ ਦਾ ਸਿਸਟਮ ਠੀਕ ਹੋਣਾ ਸ਼ੁਰੁੂ ਹੋ ਜਾਵੇਗਾ ਤੇ ਸਰੀਰ ਨੂੰ ਲੱਗੇ ਰੋਗ ਠੀਕ ਹੋਣੇ ਸ਼ੁਰੂ ਹੋ ਜਾਣਗੇ। ਘਰ ’ਚ ਕੋਈ ਵੀ ਦਵਾਈਆਂ ਵਾਲੇ ਪੌਦੇ ਲਗਾ ਕੇ ਸਾਨੂੰ ਵਿਹਲੇ ਨਹੀਂ ਹੋਣਾ ਚਾਹੀਦਾ ਸਗੋਂ ਉਸ ਦੀ ਪੂਰੀ ਜਾਣਕਾਰੀ ਲੈ ਕੇ ਰੋਜ਼ਾਨਾ ਜ਼ਿੰਦਗੀ ’ਚ ਉਨ੍ਹਾਂ ਨੂੰ ਵਰਤੋਂ ’ਚ ਲਿਆਉਣਾ ਚਾਹੀਦਾ ਹੈ, ਜਿਨ੍ਹਾਂ ’ਚੋਂ ਤੁਲਸੀ ਵੀ ਇਕ ਹੈ।

ਤੁਲਸੀ ਦੀਆਂ ਕਿਸਮਾਂ

ਤੁਲਸੀ ਪੰਜ ਤਰ੍ਹਾਂ ਦੀ ਹੁੰਦੀ ਹੈ-ਸ਼ਿਆਮ ਤੁਲਸੀ, ਰਾਮ ਤੁਲਸੀ, ਵਿਸ਼ਣੂ ਤੁਲਸੀ, ਵਣ ਤੁਲਸੀ ਅਤੇ ਨਿੰਬੂ ਤੁਲਸੀ। ਇਨ੍ਹਾਂ ’ਚੋਂ ਰਾਮ ਤੁਲਸੀ ਤੇ ਸ਼ਿਆਮ ਤੁਲਸੀ ਨੂੰ ਘਰਾਂ ’ਚ ਲਾਇਆਂ ਜਾਂਦਾ ਹੈ। ਰਾਮ ਤੁਲਸੀ ਦੇ ਹਰੇ ਰੰਗ ਦੇ ਪੱਤੇ ਹੁੰਦੇ ਹਨ। ਸ਼ਿਆਮ ਤੁਲਸੀ ਦੇ ਪੱਤੇ ਹਲਕੇ-ਹਲਕੇ ਕਾਲੇ ਹੁੰਦੇ ਹਨ। ਵਣ ਤੁਲਸੀ ਦੇ ਪੱਤੇ ਇਨ੍ਹਾਂ ਦੋਵਾਂ ਨਾਲੋਂ ਵੱਡੇ ਹੁੰਦੇ ਹਨ। ਇਹ ਤਿੰਨੋਂ ਤੁਲਸੀਆਂ ਆਸਾਨੀ ਨਾਲ ਮਿਲ ਜਾਂਦੀਆਂ ਹਨ ਤੇ ਬਾਕੀ ਦੋ ਤੁਲਸੀਆਂ ਦੇ ਪੱਤੇ ਹਰੇ ਹੀ ਹੁੰਦੇ ਹਨ ਅਤੇ ਹਰ ਥਾਂ ਨਹੀਂ ਮਿਲਦੀਆਂ। ਗ੍ਰੰਥਾਂ ’ਚ ਤੁਲਸੀ 10 ਤਰ੍ਹਾਂ ਦੀ ਦੱਸੀ ਗਈ ਹੈ। ਇਸੇ ਕਰਕੇ ਤੁਲਸੀ ਦੇ ਬੂਟੇ ਨਾਲ ਮਿਲਦੇ-ਜੁਲਦੇ ਪੌਦੇ ਨੂੰ ਹੀ ਤੁਲਸੀ ਦੱਸਿਆ ਜਾਂਦਾ ਹੈ।

ਕਈ ਰੋਗਾਂ ’ਚ ਕਾਰਗਰ

ਉਪਰੋਕਤ ਪੰਜ ਤੁਲਸੀਆਂ ਦਾ ਅਰਕ ਕੱਢਿਆ ਜਾਂਦਾ ਹੈ, ਜਿਸ ਨੂੰ ਬਾਜ਼ਾਰ ’ਚ ਪੰਜ ਤੁੁਲਸੀ ਡਰੌਪ ਕਹਿ ਕੇ ਕਈ ਰੋਗ ਠੀਕ ਹੋਣ ’ਚ ਕਾਰਗਰ ਦੱਸਿਆ ਗਿਆ ਹੈ ਕਿਉਂਕਿ ਇਹ ਐਂਟੀ ਆਕਸੀਡੈਂਟ (ਸਰੀਰ ’ਚੋਂ ਜ਼ਹਿਰੀਲੇ ਤੱਤ ਕੱਢਣ), ਐਂਟੀ ਬੈਕਟੀਰੀਅਲ (ਕਿਸੇ ਵੀ ਵਾਇਰਲ ਬੁਖ਼ਾਰ ਨੂੰ ਖ਼ਤਮ ਕਰਨ), ਐਂਟੀ ਫਲੂ (ਐਲਰਜਿਕ ਜ਼ੁਕਾਮ, ਖਾਂਸੀ ਠੀਕ ਕਰਨ), ਐਂਟੀ ਬਾਇਓਟਿਕ (ਹਰ ਤਰ੍ਹਾਂ ਦੀ ਇਨਫੈਕਸ਼ਨ ਖ਼ਤਮ ਕਰਨ), ਐਂਟੀ ਇਨਫਲਾਮੈਂਟਰੀ (ਦਰਦ ਨਾਸ਼ਕ) ਹੁੰਦੀ ਹੈ। ਇੰਨੇ ਗੁਣ ਹੋਣ ਕਰਕੇ ਇਹ ਕਈ ਰੋਗ ਠੀਕ ਕਰਦੀ ਹੈ। ਤੁਲਸੀ ਦੇ ਪੱਤੇ ਚਾਹ ’ਚ ਲੌਂਗ, ਛੋਟੀ ਇਲਾਇਚੀ, ਅਦਰਕ ਪਾ ਕੇ ਪੀਤੇ ਜਾਂਦੇ ਹਨ, ਜਿਸ ਨਾਲ਼ ਖਾਂਸੀ, ਜ਼ੁਕਾਮ, ਗਲ਼ਾ ਖ਼ਰਾਬ ਨਹੀਂ ਹੁੰਦਾ। ਬਾਜ਼ਾਰ ’ਚ ਤੁਲਸੀ ਦਾ ਰਸ ਵੇਚਿਆ ਜਾਂਦਾ ਹੈ, ਜਿਸ ਵਿਚ ਕੈਮੀਕਲ ਹੁੰਦੇ ਹਨ ਤੇ ਇਨ੍ਹਾਂ ਦੇ ਸਰੀਰ ’ਤੇ ਮਾੜੇ ਪ੍ਰਭਾਵ ਹਨ।

ਫ਼ਾਇਦੇ

ਕੋਰੋਨਾ ਕਾਲ ਦੇ ਇਸ ਦੌਰ ’ਚ ਤੁਲਸੀ ਇਮਿਊਨਿਟੀ ਵਧਾਉਣ ’ਚ ਬਹੁਤ ਲਾਹੇਵੰਦ ਹੈ। ਤੁਲਸੀ ਨੂੰ ਹੋਰ ਜੜ੍ਹੀਆਂ- ਬੂਟੀਆਂ ਨਾਲ ਵਰਤ ਕੇ ਅਸੀਂ ਇਸ ਤੋਂ ਬਹੁਤ ਸਾਰੇ ਫ਼ਾਇਦੇ ਲੈ ਸਕਦੇ ਹਾਂ।

ਤੁਲਸੀ ਦਾ ਤੇਲ ਨੱਕ ’ਚ ਪਾਉਣ ਨਾਲ ਪੁਰਾਣਾ ਸਿਰਦਰਦ ਠੀਕ ਹੁੰਦਾ ਹੈ।

ਕਾਲੀ ਮਿਰਚ ਤੇ ਤੁਲਸੀ ਦੇ ਪੱਤਿਆਂ ਨੂੰ ਆਪਸ ’ਚ ਰਗੜ ਕੇ ਗੋਲੀ ਜਿਹੀ ਬਣਾਓ, ਜਿਨ੍ਹਾਂ ਦੀ ਜਾੜ੍ਹ (ਦਾੜ੍ਹ) ਦੁਖਦੀ ਹੈ, ਉਨ੍ਹਾਂ ਨੂੰ ਇਹ ਗੋਲੀ ਜਾੜ੍ਹ ਥੱਲੇ ਰੱਖਣੀ ਚਾਹੀਦੀ ਹੈ, ਦਰਦ ਠੀਕ ਹੋ ਜਾਂਦਾ ਹੈ।

ਇਕ ਚਮਚ ਤੁਲਸੀ ਰਸ, ਥੋੜ੍ਹੀ ਜਿਹੀ ਹਲਦੀ, ਥੋੜ੍ਹਾ ਜਿਹਾ ਸੇਂਧਾ ਨਮਕ ਇਕ ਗਲਾਸ ਕੋਸੇ ਪਾਣੀ ’ਚ ਪਾ ਕੇ ਗਰਾਰੇ ਕਰੋ, ਦੰਦਾਂ ਦੇ ਰੋਗ, ਗਲਾ ਦੁਖਣਾ ਠੀਕ ਹੋ ਜਾਂਦਾ ਹੈ।

ਤੁਲਸੀ ਦੇ ਬੀਜ 100 ਗ੍ਰਾਮ, ਸਤਾਵਰ 100 ਗ੍ਰਾਮ, ਸਫ਼ੈਦ ਮੂਸਲੀ 100 ਗ੍ਰਾਮ, ਕੌਚ ਬੀਜ 100 ਗ੍ਰਾਮ ਸਾਰਿਆਂ ਨੂੰ ਮਿਲਾ ਕੇ ਪਾਊਡਰ ਬਣਾਓ। ਅੱਧਾ ਚਮਚ ਦੁੱਧ ਨਾਲ ਸਵੇਰੇ-ਸ਼ਾਮ ਖਾਓ, ਨਾਮਰਦੀ ’ਚ ਬਹੁਤ ਫ਼ਾਇਦਾ ਹੁੰਦਾ ਹੈ।

ਇਕ ਚਮਚ ਤੁਲਸੀ ਰਸ, ਇਕ ਟੁਕੜਾ ਅਦਰਕ, ਕਾਲੀ ਮਿਰਚ, ਇਕ ਟੁਕੜਾ ਗਲੋਅ ਸਾਰਿਆਂ ਨੂੰ ਮੋਟਾ-ਮੋਟਾ ਕੱੁਟ ਕੇ ਦੋ ਗਲਾਸ ਪਾਣੀ ’ਚ ਉਬਾਲੋ। ਇਕ ਗਲਾਸ ਰਹਿਣ ’ਤੇ ਇਕ ਚਮਚ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਇਮਿਊਨਿਟੀ ਵਧੇਗੀ, ਖੰਘ, ਜ਼ੁਕਾਮ ਕਰਕੇ ਬੁਖ਼ਾਰ ਹੋਇਆ ਹੋਵੇ, ਇਸ ’ਚ ਅਸਰਦਾਰ ਸਿੱਧ ਹੁੰਦੀ ਹੈ।

ਆਯੁਰਵੈਦਿਕ ਚਾਹ ਮਸਾਲਾ

ਛੋਟੀ ਇਲਾਇਚੀ 50 ਗ੍ਰਾਮ, ਵੱਡੀ ਇਲਾਇਚੀ 5, ਤੁਲਸੀ ਦੇ ਸੁੱਕੇ ਪੱਤੇ 25 ਗ੍ਰਾਮ, ਸੁੰਢ 25 ਗ੍ਰਾਮ, ਜੈ ਫਲ 10 ਗ੍ਰਾਮ, ਦਾਲ ਚੀਨੀ 50 ਗ੍ਰਾਮ, ਕਾਲੀ ਮਿਰਚ 20 ਗ੍ਰਾਮ, ਲੌਂਗ 20 ਗ੍ਰਾਮ ਇਨ੍ਹਾਂ ਸਾਰਿਆਂ ਨੂੰ ਕੜਾਹੀ ’ਚ ਪਾ ਕੇ ਬਿਲਕੁਲ ਹਲਕਾ-ਹਲਕਾ ਫਰਾਈ ਕਰੋ। ਸਾਰਿਆਂ ਦਾ ਪਾਊਡਰ ਬਣਾਓ। ਹੁਣ ਇਸ ’ਚ 50 ਗ੍ਰਾਮ ਮਿਸ਼ਰੀ ਤੇ 10 ਗ੍ਰਾਮ ਮੁਠਲੀ ਕੁੱਟ ਕੇ ਮਿਲਾ ਲਵੋ। ਇਸ ਨਾਲ ਖੰਘ, ਜ਼ੁਕਾਮ ਨਹੀਂ ਹੁੰਦਾ, ਹਾਜ਼ਮਾ ਠੀਕ ਰਹਿੰਦਾ ਹੈ ਅਤੇ ਇਹ ਇਮਿਊਨਿਟੀ ਬੂਸਟਰ ਹੈ।

- ਵੈਦ ਬੀਕੇ ਸਿੰਘ

Posted By: Harjinder Sodhi