ਤਪਦਿਕ ਜਾਂ ਟੀਬੀ ਜਿਹੇ ਇਨਫੈਕਸ਼ਨ ਰੋਗ ਦੇ ਖ਼ਾਤਮੇ ਲਈ ਭਾਰਤ ਨੇ ਤਾਂ ਕਮਰਕੱਸ ਲਈ ਹੈ ਪਰ ਅਜੇ ਵੀ ਲੱਖਾਂ ਲੋਕ ਅਜਿਹੇ ਹਨ, ਜੋ ਇਸ ਬਿਮਾਰੀ ਨਾਲ ਨਜਿੱਠਣ ਲਈ ਸਰਕਾਰ ਦੀਆਂ ਸਿਹਤ ਸਕੀਮਾਂ 'ਚ ਸ਼ਾਮਲ ਨਹੀਂ ਹੋ ਸਕੇ। ਜ਼ਾਹਿਰ ਹੈ ਕਿ ਅਜਿਹੇ ਟੀਬੀ ਰੋਗੀਆਂ ਬਾਰੇ ਪਤਾ ਨਹੀਂ ਚੱਲਦਾ ਤੇ ਉਨ੍ਹਾਂ ਦਾ ਚੰਗਾ ਤੇ ਪੂਰੀ ਤਰ੍ਹਾਂ ਇਲਾਜ ਨਹੀਂ ਹੁੰਦਾ। ਇਸੇ ਦਾ ਨਤੀਜਾ ਮਰੀਜ਼ਾਂ ਦੀ ਵੱਧਦੀ ਗਿਣਤੀ ਦੇ ਰੂਪ 'ਚ ਸਾਹਮਣੇ ਆਉਂਦਾ ਹੈ।

ਗਿਣਤੀ ਦਾ ਅੰਦਾਜ਼ਾ

ਭਾਰਤ 'ਚ ਟੀਬੀ ਦੇ ਮਰੀਜ਼ਾਂ ਦੀ ਗਿਣਤੀ ਦਾ ਅੰਦਾਜ਼ਾ ਸਿਰਫ਼ ਹਸਪਤਾਲਾਂ 'ਚ ਕੱਟੀ ਜਾਣ ਵਾਲੀ ਪਰਚੀ ਜਾਂ ਰਜਿਸਟ੍ਰੇਸ਼ਨ ਤੋਂ ਹੀ ਲੱਗਦਾ ਹੈ। ਅਜਿਹੇ 'ਚ ਜੋ ਲੋਕ ਹਸਪਤਾਲ ਨਹੀਂ ਜਾਂਦੇ ਤੇ ਇੱਧਰ-ਉਧਰ ਇਲਾਜ ਕਰਵਾਉਣ ਲਈ ਮਜਬੂਰ ਹੁੰਦੇ ਹਨ, ਉਹ ਇਸ ਗਿਣਤੀ ਤੋਂ ਬਾਹਰ ਰਹਿ ਜਾਂਦੇ ਹਨ। ਪਿੱਛੇ ਜਿਹੇ ਵਿਸ਼ਵ ਸਿਹਤ ਸੰਗਠਨ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਭਾਰਤ 'ਚ ਪਿਛਲੇ ਸਾਲ ਟੀਬੀ ਦੇ ਤਕਰੀਬਨ ਪੰਜ ਲੱਖ ਪੰਜਾਹ ਹਜ਼ਾਰ ਮਾਮਲੇ ਦਰਜ ਹੋਣ ਤੋਂ ਹੀ ਰਹਿ ਗਏ। ਹਾਲਾਂਕਿ ਸਕੂਨ ਦੇਣ ਵਾਲੀ ਗੱਲ ਇਹ ਹੈ ਕਿ ਦੇਸ਼ 'ਚ ਸਾਲ 2018 'ਚ ਟੀਬੀ ਦੇ ਮਰੀਜ਼ਾਂ ਦੀ ਗਿਣਤੀ 'ਚ 50 ਹਜ਼ਾਰ ਦੀ ਕਮੀ ਆਈ ਹੈ।

ਅੱਜ ਵੀ ਵੱਡੀ ਸਮੱਸਿਆ

ਭਾਰਤ 'ਚ ਟੀਬੀ ਅੱਜ ਵੀ ਵੱਡੀ ਸਮੱਸਿਆ ਬਣੀ ਹੋਈ ਹੈ। ਹਰ ਸਾਲ ਲੱਖਾਂ ਲੋਕ ਇਸ ਬਿਮਾਰੀ ਨਾਲ ਮਰ ਜਾਂਦੇ ਹਨ। ਇਸ ਤੋਂ ਵੀ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਹੈ, ਜੋ ਹਰ ਸਾਲ ਇਸ ਨਾਮੁਰਾਦ ਬਿਮਾਰੀ ਦੀ ਲਪੇਟ 'ਚ ਆ ਰਹੇ ਹਨ। ਅਜਿਹੇ 'ਚ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਆਜ਼ਾਦੀ ਤੋਂ 72 ਸਾਲ ਬਾਅਦ ਵੀ ਆਖ਼ਰ ਭਾਰਤ ਟੀਬੀ ਤੋਂ ਨਿਜਾਤ ਪਾਉਣ 'ਚ ਕਾਮਯਾਬ ਕਿਉਂ ਨਹੀਂ ਹੋਇਆ? ਟੀਬੀ ਜਿਹੀ ਬਿਮਾਰੀ ਦਾ ਸਿੱਧਾ ਸਬੰਧ ਸਾਫ਼-ਸਫਾਈ ਤੇ ਸਿਹਤ ਨਾਲ ਜੁੜਿਆ ਹੈ ਤੇ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਦੋਵੇਂ ਮੋਰਚਿਆਂ 'ਤੇ ਭਾਰਤ ਦੀ ਹਾਲਤ ਤਰਸਯੋਗ ਹੈ।

ਵਿਸ਼ਵ ਸਿਹਤ ਸੰਗਠਨ ਦਾ ਟੀਚਾ

ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਨੂੰ 2025 ਤਕ ਟੀਬੀ ਮੁਕਤ ਕਰਵਾਉਣ ਦਾ ਟੀਚਾ ਮਿੱਥਿਆ ਹੈ, ਜਦੋਂਕਿ ਭਾਰਤ ਨੇ ਇਸ ਤੋਂ ਦੋ ਸਾਲ ਪਹਿਲਾਂ ਜਾਣੀਂ 2023 ਤਕ ਇਸ ਦੇ ਖ਼ਾਤਮੇ ਦਾ ਪ੍ਰਣ ਲਿਆ ਹੈ। ਇਹ ਇਕ ਵੱਡੀ ਚੁਣੌਤੀ ਇਸ ਲਈ ਹੈ ਕਿ ਜਿੰਨਾ ਵੱਡਾ ਇਹ ਕੰਮ ਹੈ, ਉਸ ਦੇ ਬਰਾਬਰ ਵਕਤ ਤੇ ਲੋੜੀਂਦੇ ਸਾਧਨ ਬਹੁਤ ਘੱਟ ਹਨ। ਦੁਨੀਆ ਦੇ 27 ਫ਼ੀਸਦੀ ਟੀਬੀ ਦੇ ਮਰੀਜ਼ ਭਾਰਤ ਵਿਚ ਹਨ।

ਜਾਗਰੂਕਤਾ ਦੀ ਕਮੀ

ਸਮੱਸਿਆ ਗੰਭੀਰ ਇਸ ਲਈ ਹੈ ਕਿ ਟੀਬੀ ਦੇ ਜ਼ਿਆਦਾਤਰ ਮਾਮਲੇ ਸ਼ੁਰੂਆਤ 'ਚ ਸਾਹਮਣੇ ਨਹੀਂ ਆਉਂਦੇ। ਬਿਮਾਰੀ ਅੰਦਰੋ-ਅੰਦਰ ਪਣਪਦੀ ਰਹਿੰਦੀ ਹੈ ਪਰ ਮਰੀਜ਼ ਨੂੰ ਅਜਿਹਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ ਕਿ ਉਸ ਨੂੰ ਜਾਂਚ ਕਰਵਾਉਣ ਦੀ ਲੋੜ ਮਹਿਸੂਸ ਹੋਵੇ। ਅਜਿਹੇ 'ਚ ਬਿਮਾਰੀ ਵੱਧਦੀ ਰਹਿੰਦੀ ਹੈ। ਦੂਜੀ ਵੱਡੀ ਸਮੱਸਿਆ ਇਹ ਹੈ ਕਿ ਇਸ ਬਿਮਾਰੀ ਪ੍ਰਤੀ ਲੋਕਾਂ 'ਚ ਅੱਜ ਵੀ ਜਾਗਰੂਕਤਾ ਦੀ ਕਮੀ ਹੈ। ਸ਼ਹਿਰੀ ਇਲਾਕਿਆਂ 'ਚ ਤਾਂ ਲੋਕ ਫਿਰ ਵੀ ਹਸਪਤਾਲ ਚਲੇ ਜਾਂਦੇ ਹਨ ਪਰ ਪੇਂਡੂ ਖੇਤਰਾਂ 'ਚ ਲੋਕ ਇਲਾਜ ਪ੍ਰਤੀ ਸੁਚੇਤ ਨਹੀਂ ਹਨ। ਟੀਬੀ ਕੋਈ ਲਾਇਲਾਜ ਬਿਮਾਰੀ ਨਹੀਂ ਹੈ ਜਿਸ 'ਤੇ ਕਾਬੂ ਨਾ ਪਾਇਆ ਜਾ ਸਕੇ। ਜੇ ਟੀਬੀ ਨੂੰ ਖ਼ਤਮ ਕਰਨ ਦਾ ਪ੍ਰਣ ਪੂਰਾ ਕਰਨਾ ਹੈ ਤਾਂ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਪਵੇਗਾ ਤਾਂ ਹੀ ਭਾਰਤ ਅਗਲੇ ਚਾਰ ਸਾਲਾਂ 'ਚ ਟੀਬੀ-ਮੁਕਤ ਹੋ ਸਕੇਗਾ।

- ਹਰਪ੍ਰੀਤ ਸਿੰਘ ਬਰਾੜ

94649-96501

Posted By: Harjinder Sodhi