ਵਿਸ਼ਵ ਸਿਹਤ ਸੰਗਠਨ ਵੱਲੋਂ ਹਰ ਸਾਲ 31 ਮਈ ਦਾ ਦਿਨ 'ਵਿਸ਼ਵ ਤੰਬਾਕੂ ਮੁਕਤ ਦਿਵਸ' ਵਜੋਂ ਮਨਾਇਆ ਜਾਂਦਾ ਹੈ। 'ਵਿਸ਼ਵ ਤੰਬਾਕੂ ਮੁਕਤ ਦਿਵਸ' ਪਹਿਲੀ ਵਾਰ 7 ਅਪ੍ਰੈਲ 1988 ਨੂੰ ਮਨਾਇਆ ਗਿਆ ਤੇ ਇਸ ਤੋਂ ਬਾਅਦ ਹਰ ਸਾਲ 31 ਮਈ ਨੂੰ ਪੂਰੀ ਦੁਨੀਆ 'ਚ ਇਹ ਦਿਵਸ ਮਨਾਇਆ ਜਾਣ ਲੱਗਾ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ 'ਚ ਤੰਬਾਕੂ ਦੀ ਵਰਤੋਂ ਦੇ ਨੁਕਸਾਨ ਪ੍ਰਤੀ ਜਾਗਰੂਕਤਾ ਲਿਆ ਕੇ ਤੰਬਾਕੂ ਦੀ ਹਰ ਤਰ੍ਹਾਂ ਦੀ ਖਪਤ ਨੂੰ ਘਟਾਉਣਾ ਤੇ ਰੋਕਣਾ ਹੈ।

ਤੰਬਾਕੂ ਵੇਚਣ ਵਿਰੋਧੀ ਕਾਨੂੰਨ

ਦੇਸ਼ ਵਿਚ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਵੇਚਣ ਵਿਰੁੱਧ ਕਾਨੂੰਨ ਬਣਿਆ ਹੋਇਆ ਹੈ ਪਰ ਲੋੜ ਹੈ ਇਸ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ। 2014 ਵਿਚ ਕੇਂਦਰੀ ਸਿਹਤ ਮੰਤਰਾਲੇ ਨੇ ਤੰਬਾਕੂ ਦੇ ਪੈਕੇਟਾਂ 'ਤੇ ਦੋਵੇਂ ਪਾਸੇ 85 ਫ਼ੀਸਦੀ ਹਿੱਸੇ 'ਤੇ ਮੋਟੇ ਅੱਖ਼ਰਾਂ ਤੇ ਤਸਵੀਰਾਂ ਰਾਹੀਂ ਇਸ ਦੀ ਵਰਤੋਂ ਨਾ ਕਰਨ ਸਬੰਧੀ ਚਿਤਾਵਨੀ ਛਾਪਣ ਦੇ ਹੁਕਮ ਦਿੱਤੇ ਸਨ ਪਰ ਤੰਬਾਕੂ ਸਨਅਤਕਾਰਾਂ ਦੇ ਦਬਾਅ ਕਾਰਨ ਇਨ੍ਹਾਂ ਹੁਕਮਾਂ 'ਤੇ ਅਮਲ ਨਹੀਂ ਹੋ ਸਕਿਆ।

ਪ੍ਰਭਾਵ

ਤੰਬਾਕੂਨੋਸ਼ੀ ਕਾਰਨ ਹਰ ਸਾਲ ਵਿਸ਼ਵ ਵਿਚ ਲਗਪਗ 7 ਮਿਲੀਅਨ ਲੋਕ ਮੌਤ ਦੇ ਮੂੰਹ 'ਚ ਜਾ ਰਹੇ ਹਨ। ਮਰਨ ਵਾਲਿਆਂ ਵਿੱਚੋਂ 6 ਮਿਲੀਅਨ ਤੋਂ ਜ਼ਿਆਦਾ ਲੋਕ ਸਿੱਧੇ ਰੂਪ 'ਚ ਤੰਬਾਕੂ ਦੀ ਵਰਤੋਂ ਕਰਨ ਵਾਲੇ ਹਨ, ਜਦਕਿ 9 ਲੱਖ ਲੋਕ ਅਜਿਹੇ ਹਨ, ਜਿਹੜੇ ਆਪ ਤੰਬਾਕੂ ਦਾ ਸੇਵਨ ਨਹੀਂ ਕਰਦੇ ਪਰ ਉਹ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੇ ਸੰਪਰਕ 'ਚ ਆਉਣ ਕਰਕੇ ਲੱਗਣ ਵਾਲੀਆਂ ਬਿਮਾਰੀਆਂ ਨਾਲ ਮਰ ਜਾਂਦੇ ਹਨ। ਜੇ ਇਸ ਮਹਾਮਾਰੀ ਨੂੰ ਨਾ ਰੋਕਿਆ ਗਿਆ ਤਾਂ ਸਾਲ 2030 ਤਕ ਹਰ ਸਾਲ ਤੰਬਾਕੂਨੋਸ਼ੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 8 ਮਿਲੀਅਨ ਤਕ ਪਹੁੰਚ ਜਾਵੇਗੀ। ਤੰਬਾਕੂਨੋਸ਼ੀ ਕਰਨ ਵਾਲੇ ਵਿਸ਼ਵ ਦੇ ਲਗਪਗ 1.3 ਮਿਲੀਅਨ ਲੋਕਾਂ ਵਿੱਚੋਂ 80 ਫ਼ੀਸਦੀ ਤੋਂ ਜ਼ਿਆਦਾ ਲੋਕ ਗ਼ਰੀਬ ਤੇ ਵਿਕਾਸਸ਼ੀਲ ਦੇਸ਼ਾਂ ਦੇ ਹਨ ਤੇ ਇਨ੍ਹਾਂ ਦੇਸ਼ਾਂ ਵਿਚ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਕਰਕੇ ਮਰਨ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।

ਨੁਕਸਾਨ

ਵਿਸ਼ਵ ਤੰਬਾਕੂ ਮੁਕਤ ਦਿਵਸ ਮਨਾਉਣ ਦਾ ਮੁੱਖ ਨਿਸ਼ਾਨਾ ਸਿਰਫ਼ ਵਰਤਮਾਨ ਤੇ ਆਉਣ ਵਾਲੀ ਪੀੜ੍ਹੀ ਨੂੰ ਤੰਬਾਕੂਨੋਸ਼ੀ ਦੇ ਸਰੀਰ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਸੁਚੇਤ ਕਰਨਾ ਹੀ ਨਹੀਂ ਬਲਕਿ ਤੰਬਾਕੂਨੋਸ਼ੀ ਕਾਰਨ ਹੁੰਦੇ ਸਮਾਜਿਕ, ਵਾਤਾਵਰਨਿਕ ਤੇ ਆਰਥਿਕ ਨੁਕਸਾਨ ਬਾਰੇ ਚੇਤੰਨ ਕਰਨਾ ਵੀ ਹੈ। ਤੰਬਾਕੂ ਦੇ ਸੇਵਨ ਨਾਲ ਦਿਲ ਦੀ ਧੜਕਣ ਤੇ ਲਹੂ ਦੇ ਦਬਾਅ 'ਚ ਵਾਧਾ ਹੁੰਦਾ ਹੈ, ਜਿਸ ਨਾਲ ਕੁਝ ਸਮਂੇ ਲਈ ਸਰੀਰ ਦੀ ਸਮਰੱਥਾ ਤਾਂ ਵਧ ਜਾਂਦੀ ਹੈ ਪਰ ਇਸ ਦੇ ਸੇਵਨ ਨਾਲ ਸਰੀਰ ਕਈ ਪ੍ਰਕਾਰ ਦੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਵਿਸ਼ਵ 'ਚ ਤੰਬਾਕੂ ਦੇ ਸੇਵਨ ਨਾਲ ਹਰ 6 ਸੈਕਿੰਡ ਬਾਅਦ ਇਕ ਵਿਅਕਤੀ ਦੀ ਮੌਤ ਹੋ ਰਹੀ ਹੈ। ਇਕ ਅਧਿਐਨ ਮੁਤਾਬਕ ਸੰਸਾਰ 'ਚ ਮਰਨ ਵਾਲੇ 10 ਬਾਲਗ ਵਿਅਕਤੀਆਂ 'ਚ ਮਰਨ ਵਾਲਾ ਇਕ ਵਿਅਕਤੀ ਸਿੱਧੇ ਜਾਂ ਅਸਿੱਧੇ ਰੂਪ 'ਚ ਤੰਬਾਕੂਨੋਸ਼ੀ ਦਾ ਸ਼ਿਕਾਰ ਹੁੰਦਾ ਹੈ। ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਵਿੱਚੋਂ ਲਗਪਗ 50 ਫ਼ੀਸਦੀ ਵਿਅਕਤੀ ਤੰਬਾਕੂ ਰਾਹੀਂ ਹੁੰਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਹਨ। ਤੰਬਾਕੂ ਦੇ ਧੂੰਏਂ 'ਚ 4 ਹਜ਼ਾਰ ਰਸਾਇਣਕ ਤੱਤ ਹੁੰਦੇ ਹਨ, ਇਨ੍ਹਾਂ ਵਿਚ 250 ਰਸਾਇਣ ਸਾਡੇ ਸਰੀਰ ਲਈ ਬਹੁਤ ਹਾਨੀਕਾਰਕ ਹੁੰਦੇ ਹਨ ਤੇ 50 ਤੋਂ ਜ਼ਿਆਦਾ ਰਸਾਇਣ ਕੈਂਸਰ ਵਰਗੀ ਲਾ-ਇਲਾਜ ਅਲਾਮਤ ਦਾ ਮੁੱਖ ਕਾਰਨ ਬਣਦੇ ਹਨ। ਤੰਬਾਕੂ ਦਾ ਧੂੰਆਂ ਛੋਟੇ ਬੱਚਿਆਂ ਨੂੰ ਬੜੀ ਜਲਦੀ ਪ੍ਰਭਾਵਿਤ ਕਰ ਕੇ ਉਨ੍ਹਾਂ ਦੀ ਮੌਤ ਦਾ ਕਾਰਨ ਬਣਦਾ ਹੈ। ਜਨਤਕ ਥਾਵਾਂ 'ਤੇ ਲਗਪਗ 50 ਫ਼ੀਸਦੀ ਬੱਚੇ ਤੰਬਾਕੂ ਦੇ ਧੂੰਏ ਕਾਰਨ ਪ੍ਰਦੂਸ਼ਿਤ ਹੋਈ ਹਵਾ 'ਚ ਸਾਹ ਲੈਣ ਲਈ ਮਜਬੂਰ ਹਨ।

ਜਾਗਰੂਕਤਾ

ਤੰਬਾਕੂ ਦੀ ਵਰਤੋਂ ਸਬੰਧੀ ਬਣੇ ਕਾਨੂੰਨਾਂ ਰਾਹੀਂ ਤੰਬਾਕੂ ਦੀ ਵਰਤੋਂ ਨਾ ਕਰਨ ਵਾਲੇ ਵਿਅਕਤੀਆਂ ਦੀ ਸਿਹਤ ਦੀ ਰੱਖਿਆ ਕੀਤੀ ਜਾ ਸਕਦੀ ਹੈ। ਤੰਬਾਕੂਨੋਸ਼ੀ ਕਰਨ ਵਾਲੇ ਵਿਅਕਤੀਆਂ ਨੂੰ ਤੰਬਾਕੂ ਦੇ ਗੰਭੀਰ ਸਿੱਟਿਆਂ ਬਾਰੇ ਦੱਸ ਕੇ ਇਸ ਦਾ ਸੇਵਨ ਨਾ ਕਰਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਚੀਨ 'ਚ ਕੀਤੇ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਤੰਬਾਕੂ ਦੀ ਵਰਤੋਂ ਕਰਨ ਵਾਲੇ ਬਹੁਤ ਥੋੜ੍ਹੇ ਲੋਕਾਂ ਨੂੰ ਇਹ ਪਤਾ ਹੈ ਕਿ ਤੰਬਾਕੂ ਸਰੀਰ ਲਈ ਨੁਕਸਾਨਦੇਹ ਹੈ ਅਤੇ ਇਸ ਦੀ ਵਰਤੋਂ ਨਾਲ ਕੈਂਸਰ, ਟੀਬੀ, ਦਿਲ ਦਾ ਦੌਰਾ ਤੇ ਹੋਰ ਭਿਆਨਕ ਬਿਮਾਰੀਆਂ ਲਗਦੀਆਂ ਹਨ। ਤੰਬਾਕੂਨੋਸ਼ੀ ਕਰਨ ਵਾਲੇ ਵੱਡੀ ਗਿਣਤੀ 'ਚ ਅਜੇ ਵੀ ਇਸ ਦੇ ਸੇਵਨ ਨਾਲ ਹੋਣ ਵਾਲੇ ਰੋਗਾਂ ਤੋਂ ਅਨਜਾਣ ਹਨ। ਇਸ ਲਈ ਤੰਬਾਕੂ ਦੇ ਨੁਕਸਾਨਾਂ ਬਾਰੇ ਜਾਗਰੂਕਤਾ ਫੈਲਾਉਣ ਦੀ ਬੜੀ ਜ਼ਰੂਰਤ ਹੈ। ਤੰਬਾਕੂਨੋਸ਼ੀ ਕਾਰਨ ਇਕ ਸਾਲ 'ਚ ਇਕੱਲੇ ਭਾਰਤ 'ਚ ਹੀ 10 ਲੱਖ ਲੋਕ ਮੌਤ ਦੇ ਮੂੰਹ 'ਚ ਜਾ ਰਹੇ ਹਨ। ਵਿਸ਼ਵ ਸਿਹਤ ਸੰਗਠਨ ਵੱਲੋਂ ਤੰਬਾਕੂ ਦੀ ਵਰਤੋਂ ਵਿਰੁੱਧ ਸ਼ੁਰੂ ਕੀਤੀ ਗਈ ਲੜਾਈ 'ਚ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਤੰਬਾਕੂਨੋਸ਼ੀ ਕਰਨ ਵਾਲੇ ਵਿਅਕਤੀਆਂ ਨੂੰ ਇਸ ਦੇ ਸਿਹਤ ਅਤੇ ਵਾਤਾਵਰਨ 'ਤੇ ਪੈ ਰਹੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਕੇ ਇਸ ਮਾੜੀ ਲਤ ਤੋਂ ਛੁਟਕਾਰਾ ਦਿਵਾਉਣਾ ਚਾਹੀਦਾ ਹੈ।

Posted By: Harjinder Sodhi