ਖੋਜਾਰਥੀਆਂ ਨੇ ਪਤਾ ਲਗਾਇਆ ਹੈ ਕਿ ਰਾਤ ਨੂੰ ਸੌਣ ਵੇਲੇ ਫੇਸ ਮਾਸਕ ਪਾਉਣ ਨਾਲ ਨਾ ਸਿਰਫ਼ ਊਰਜਾ ਦੇ ਪੱਧਰ 'ਚ ਸੁਧਾਰ ਹੋ ਸਕਾਦ ਹੈ ਬਲਕਿ ਉਨ੍ਹਾਂ ਲੋਕਾਂ ਵੀ ਫ਼ਾਇਦਾ ਹੋ ਸਕਦਾ ਹੈ, ਜਿਹੜੇ ਸਲੀਪ ਐਪਨੀਆ ਤੋਂ ਪੀੜਤ ਹਨ। ਨੀਂਦ ਸਬੰਧੀ ਇਸ ਵਿਕਾਰ ਦਾ ਸਬੰਧ ਘੁਰਾੜਿਆਂ ਤੇ ਰਾਤ ਸਾਹ ਸਬੰਧੀ ਸਮੱਸਿਆ ਨਾਲ ਹੈ।

ਸੀਪੀਏਪੀ ਮਸ਼ੀਨ ਨਾਂ ਦੇ ਮਾਸਕ ਦੀ ਸਲਾਹ ਫਿਲਹਾਲ ਸਿਰਫ਼ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਂਦੀ ਹੈ, ਜਿਹੜੇ ਸਲੀਪ ਐਪਨੀਆ ਨਾਲ ਗੰਭੀਰ ਰੂਪ 'ਚ ਪੀੜਤ ਹੁੰਦੇ ਹਨ। ਇੰਪੀਰੀਅਲ ਕਾਲਜ ਲੰਡਨ ਦੇ ਖੋਜਾਰਥੀਆਂ ਨੇ ਸਲੀਪ ਐਪਨੀਆ ਨਾਲ ਮਾਮੂਲੀ ਪੀੜਤ ਕਰੀਬ 200 ਰੋਗੀਆਂ 'ਤੇ ਕੀਤੇ ਗਏ ਅਧਿਐਨ ਦੇ ਆਧਾਰ 'ਤੇ ਇਹ ਨਤੀਜਾ ਕੱਢਿਆ ਹੈ।

ਪ੍ਰਮੁੱਖ ਖੋਜਾਰਥੀਆਂ ਮੈਰੀ ਮੋਰਲ ਨੇ ਕਿਹਾ ਕਿ ਸਲੀਪ ਐਪਨੀਆ ਦੇ ਮਾਮਲੇ ਵਧ ਰਹੇ ਹਨ। ਪਹਿਲਾਂ ਇਹੀ ਮੰਨਿਆ ਜਾਂਦਾ ਸੀ ਕਿ ਵਧੇਰੇ ਵਜ਼ਨ ਵਾਲੇ ਲੋਕ ਹੀ ਉਸ ਤੋਂ ਪ੍ਰਭਾਵਿਤ ਹੁੰਦੇ ਹਨ ਪਰ ਇਸ ਵਿਕਾਰ ਦੀ ਚਪੇਟ 'ਚ ਔਰਤਾਂ, ਬੁਜ਼ੁਰਗ ਤੇ ਬੱਚੇ ਤਕ ਆ ਸਕਦੇ ਹਨ। ਇਸ ਵਿਕਾਰ ਦੇ ਕਰੀਬ 60 ਫ਼ੀਸਦੀ ਮਾਮਲੇ ਗੰਭੀਰ ਨਹੀਂ ਹੁੰਦੇ, ਪਰ ਅਜੇ ਤਕ ਇਹ ਪਾਤ ਨਹੀਂ ਸੀ ਕਿ ਅਜਿਹੇ ਰੋਗੀਆਂ ਲਈ ਸੀਪੀਏਪੀ ਮਦਦਗਾਰ ਹੋ ਸਕਦੀ ਹੈ।

ਨਵੇਂ ਤਰੀਕੇ ਨਾਲ ਹੋ ਸਕੇਗਾ ਪੈਨਕ੍ਰਿਏਟਿਕ ਕੈਂਸਰ ਦਾ ਇਲਾਜ

ਪੈਂਕ੍ਰਿਏਟਿਕ ਕੈਂਸਰ ਸਾਰੇ ਮੌਜੂਦਾ ਇਲਾਜਾਂ ਬਾਰੇ ਪ੍ਰਤੀਰੋਧੀ ਹੁੰਦਾ ਜਾ ਰਿਹਾ ਹੈ। ਇਸ ਹਾਲਤ 'ਚ ਇਸ ਬਿਮਾਰੀ ਤੋਂ ਪੀੜਤ ਰੋਗੀਆਂ ਦੇ ਬਚਣ ਦੀ ਉਮੀਦ ਘੱਟ ਹੁੰਦੀ ਜਾ ਰਹੀ ਹੈ। ਪਰ ਇਕ ਨਵੇਂ ਅਧਿਐਨ ਨਾਲ ਇਸ ਬਿਮਾਰੀ ਦੇ ਇਲਾਜ ਦੀ ਨਵੀਂ ਉਮੀਦ ਜਾਗੀ ਹੈ। ਅਧਿਐਨ 'ਚ ਇਕ ਮਾਲਿਕਿਊਲ 'ਚ ਅਜਿਹੀ ਸਮਰੱਥਾ ਪਾਈ ਗਈ ਹੈ, ਜਿਸ ਨਾਲ ਪੈਨਕ੍ਰਿਏਟਿਕ ਕੈਂਸਰ ਸੈਲ ਨੂੰ ਖ਼ੁਦ ਹੀ ਖ਼ਤਮ ਹੋਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ।

ਅੰਕੋਟਾਰਗੇਟ ਜਰਨਲ 'ਚ ਛਪੇ ਅਧਿਐਨ ਮੁਤਾਬਕ ਇਹ ਨਤੀਜਾ ਚੂਹੇ 'ਤੇ ਕੀਤੇ ਗਏ ਅਧਿਐਨ ਦੇ ਆਧਾਰ 'ਤੇ ਕੱਢਿਆ ਗਿਆ ਹੈ। ਇਸ ਚੂਹੇ 'ਚ ਹਿਊਮਨ ਪੈਨਕ੍ਰਿਏਟਿਕ ਕੈਂਸਰ ਟ੍ਰਾਂਸਪਲਾਂਟ ਕੀਤਾ ਗਿਆ ਸੀ। ਇਸ ਇਲਾਜ ਨਾਲ ਕਰੀਬ 90 ਫ਼ੀਸਦੀ ਕੈਂਸਰ ਸੈੱਲ ਖ਼ਤਮ ਹੋ ਗਏ। ਇਜ਼ਰਾਈਲ ਦੀ ਤਲ ਅਵੀਵ ਯੂਨੀਵਰਸਿਟੀ ਦੀ ਖੋਜਾਰਥੀ ਮਲਕਾ ਕੋਹੇਨ-ਅਰਮਨ ਨੇ ਕਿਹਾ ਕਿ ਅਸੀਂ ਇਕ ਅਜਿਹੇ ਤੰਤਰ ਦਾ ਪਤਾ ਲਗਾਇਆ ਹੈ, ਜਿਹੜਾ ਕੈਂਸਲ ਸੈਲ ਨੂੰ ਖ਼ੁਦ ਹੀ ਖ਼ਤਮ ਹੋਣ ਦਾ ਕਾਰਨ ਬਣਦਾ ਹੈ।

(ਆਈਏਐੱਨਐੱਸ)