ਨਿਊਯਾਰਕ : ਪਹਿਲਾਂ ਹਾਰਟ ਅਟੈਕ ਜਾਂ ਸਟ੍ਰੋਕ ਨੂੰ ਰੋਕਣ ਜਾਂ ਉਸਦੇ ਖਤਰੇ ਨੂੰ ਘੱਟ ਕਰਨ ਲਈ ਆਮ ਤੌਰ 'ਤੇ ਡਾਕਟਰਾਂ ਵਲੋਂ ਐਸਪਰਿਨ ਦੀ ਹਲਕੀ ਡੋਜ਼ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਅਮਰੀਕੀ ਮਾਹਿਰਾਂ ਦੇ ਇਕ ਪੈਨਲ ਮੁਤਾਬਕ ਹਾਲ ਹੀ 'ਚ ਅਜਿਹੇ ਕਈ ਸਬੂਤ ਮਿਲੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਐਸਪਰਿਨ ਨਾਲ ਫ਼ਾਇਦਾ ਘੱਟ ਨੁਕਸਾਨ ਜ਼ਿਆਦਾ ਹੈ। ਐਸਪਰਿਨ ਨੂੰ ਕਦੇ ਦਿਲ ਦੀ ਬਿਮਾਰੀ ਖ਼ਿਲਾਫ਼ ਲੜਾਈ 'ਚ ਸਭ ਤੋਂ ਸਸਤਾ ਹਥਿਆਰ ਮੰਨਿਆ ਜਾਂਦਾ ਸੀ।

ਪੈਨਲ ਨੇ ਇਸ ਬਾਰੇ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਡਾਕਟਰਾਂ ਨੂੰ ਪਹਿਲਾਂ ਹਾਰਟ ਅਟੈਕ ਜਾਂ ਸਟ੍ਰੋਕ ਦੇ ਉੱਚ ਖ਼ਤਰੇ ਵਾਲੇ ਲੋਕਾਂ ਨੂੰ ਨਿਯਮਤ ਰੂਪ ਨਾਲ ਐਸਪਰਿਨ ਦੀ ਹਲਕੀ ਡੋਜ਼ ਲੈਣ ਦਾ ਸੁਝਾਅ ਨਹੀਂ ਦੇਣਾ ਚਾਹੀਦਾ। ਅਮਰੀਕੀ ਪੈਨਲ 2016 'ਚ ਕੀਤੀ ਗਈ ਆਪਣੀ ਉਸ ਸਿਫਾਰਸ਼ ਨੂੰ ਵੀ ਵਾਪਸ ਲੈਣ ਦੀ ਯੋਜਨਾ ਬਣਾ ਰਿਹਾ ਹੈ, ਜਿਸ 'ਚ ਕੋਲੋਰੈਕਟਲ ਕੈਂਸਰ ਦੀ ਰੋਕਥਾਮ ਲਈ ਐਸਪਰਿਨ ਦੀ ਹਲਕੀ ਡੋਜ਼ ਲੈਣ ਦਾ ਸੁਝਾਅ ਦਿੱਤਾ ਗਿਆ ਹੈ। ਪੈਨਲ ਦਾ ਕਹਿਣਾ ਹੈ ਕਿ ਨਵੇਂ ਅੰਕੜਿਆਂ ਨਾਲ ਕੈਂਸਰ ਦੇ ਇਲਾਜ 'ਚ ਇਸ ਦੇ ਇਸਤੇਮਾਲ ਨੂੰ ਲੈ ਕੇ ਸਵਾਲ ਉੱਠੇ ਹਨ, ਇਸ ਲਈ ਇਸ ਨੂੰ ਲੈ ਕੇ ਹੋਰ ਖੋਜ ਕੀਤੇ ਜਾਣ ਦੀ ਲੋੜ ਹੈ।