ਉਮਰ ਵਧਣ ਨਾਲ ਸਿਰਫ਼ ਸਰੀਰ ਹੀ ਕਮਜ਼ੋਰ ਨਹੀਂ ਹੁੰਦਾ ਸਗੋਂ ਸਰੀਰ ਦੀਆਂ ਹੱਡੀਆਂ ਵੀ ਕਮਜ਼ੋਰ ਹੋਣ ਲਗਦੀਆਂ ਹਨ। ਅਜਿਹੇ 'ਚ ਚੱਲਣ-ਫਿਰਨ 'ਚ ਵੀ ਮੁਸ਼ਕਲ ਹੋਣ ਲਗਦੀ ਹੈ। ਕਈ ਵਾਰ ਉੱਠਣ-ਬੈਠਣ ਦੌਰਾਨ ਵੀ ਮਾਸਪੇਸ਼ੀਆਂ ਤੇ ਹੱਡੀਆਂ 'ਚ ਦਰਦ ਹੋਣ ਲਗਦਾ ਹੈ। ਅਜਿਹੀ ਹੀ ਇਕ ਬਿਮਾਰੀ ਹੈ ਓਸਟੀਓਪਰੋਸਿਸ, ਜਿਸ ਦਾ ਖ਼ਤਰਾ ਮਹਿਲਾਵਾਂ 'ਚ ਜ਼ਿਆਦਾ ਹੁੰਦਾ ਹੈ। ਮੀਨੋਪੌਜ਼ ਤੋਂ ਬਾਅਦ ਅਜਿਹੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ।

ਇਸ ਬਿਮਾਰੀ 'ਚ ਸਰੀਰ ਦੀਆਂ ਹੱਡੀਆਂ ਦੀ ਘਣਤਾ ਘੱਟ ਹੋਣ ਲਗਦੀ ਹੈ। ਇਸ ਨਾਲ ਹੱਡੀਆਂ ਹੌਲੀ-ਹੌਲੀ ਘਿਸਣ ਕਾਰਨ ਕਮਜ਼ੋਰ ਹੋਣ ਲਗਦੀਆਂ ਹਨ। ਮੀਨੋਪੌਜ਼ ਤੋਂ ਬਾਅਦ ਘੱਟੋ-ਘੱਟ 50-55 ਸਾਲ ਦੀ ਉਮਰ ਤੋਂ ਬਾਅਦ ਹੱਡੀਆਂ ਖੁਰਨ ਦੀਆਂ ਸਮੱਸਿਆ ਕਾਫ਼ੀ ਵੱਧ ਜਾਂਦੀ ਹੈ।

ਹੱਡੀਆਂ ਤੇ ਆਸ-ਪਾਸ ਦੀਆਂ ਮਾਸਪੇਸ਼ੀਆਂ 'ਚ ਲਗਾਤਾਰ ਦਰਦ ਰਹਿੰਦਾ ਹੈ, ਜਿਸ ਨਾਲ ਮਰੀਜ਼ ਦੀਆਂ ਗਤੀਵਿਧੀਆਂ ਸੀਮਤ ਹੋ ਜਾਂਦੀਆਂ ਹਨ। ਕਈ ਵਾਰ ਡਿਗਣ ਜਾਂ ਮਾਮੂਲੀ ਸੱਟ ਲੱਗਣ ਕਾਰਨ ਵੀ ਫਰੈਕਚਰ ਹੋ ਸਕਦਾ ਹੈ। ਕਈ ਮਾਮਲਿਆਂ 'ਚ ਹੱਡੀਆਂ ਦੀ ਘਣਤਾ ਇੰਨੀ ਘੱਟ ਹੋ ਜਾਂਦੀ ਹੈ ਕਿ ਹੱਡੀਆਂ ਆਪਣੇ ਆਪ ਟੁੱਟਣ ਲਗਦੀਆਂ ਹਨ। ਕਈ ਵਾਰ ਹੱਡੀਆਂ 'ਚ ਪੈਦਾ ਹੋਏ ਅਜਿਹੇ ਵਿਕਾਰ ਅਪੰਗਤਾ ਦਾ ਰੂਪ ਲੈ ਲੈਂਦੇ ਹਨ।

ਬਚਾਅ ਲਈ ਕੀ ਕਰੀਏ

ਆਮ ਤੌਰ 'ਤੇ 30 ਸਾਲ ਤੋਂ ਬਾਅਦ ਸਰੀਰ 'ਚ ਕੈਲਸ਼ੀਅਮ ਦੀ ਕਮੀ ਹੋਣ ਲਗਦੀ ਹੈ। ਇਸ ਉਮਰ ਤੋਂ ਬਾਅਦ ਇਕ ਵਾਰ ਫਿਰ 'ਬੋਨ ਮਿਨਰਲਜ਼ ਡੈਂਸਿਟੀ' ਚੈੱਕ ਕਰਵਾਓ। ਇਹ ਜਾਂਚ ਸੀਟੀ ਸਕੈਨ ਜਾਂ ਡੈਕਸਾ ਜ਼ਰੀਏ ਕੀਤੀ ਜਾਂਦੀ ਹੈ। ਜੇ ਹੱਡੀਆਂ ਦੀ ਘਣਤਾ ਘੱਟ ਹੋਵੇ ਤਾਂ ਡਾਕਟਰ ਦੀ ਸਲਾਹ ਨਾਲ ਕੈਲਸ਼ੀਅਮ ਤੇ ਵਿਟਾਮਿਨ-ਡੀ ਦੀ ਦਵਾਈ ਲਵੋ। ਇਸ ਨਾਲ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਣ ਲਈ ਮਹਿਲਾਵਾਂ ਨੂੰ ਸਿਹਤਮੰਦ ਜੀਵਨਸ਼ੈਲੀ ਤੇ ਸੰਤੁਲਿਤ ਖ਼ੁਰਾਕ ਲੈਣੀ ਚਾਹੀਦੀ ਹੈ।

ਰੱਖੋ ਖ਼ੁਰਾਕ ਦਾ ਧਿਆਨ

ਕੈਲਸ਼ੀਅਮ ਤੇ ਵਿਟਾਮਿਨ-ਡੀ ਭਰਪੂਰ ਖ਼ੁਰਾਕ ਨੂੰ ਆਪਣੇ ਭੋਜਨ 'ਚ ਸ਼ਾਮਿਲ ਕਰੋ। ਮੀਨੋਪੌਜ਼ ਤੋਂ ਪਹਿਲਾਂ ਰੋਜ਼ਾਨਾ 1,000 ਮਿਲੀਗ੍ਰਾਮ ਤੇ ਇਸ ਤੋਂ ਬਾਅਦ ਕਰੀਬ 1500 ਮਿਲੀਗ੍ਰਾਮ ਕੈਲਸ਼ੀਅਮ ਮਹਿਲਾਵਾਂ ਨੂੰ ਲੈਣਾ ਚਾਹੀਦਾ ਹੈ। ਦੁੱਧ ਅਤੇ ਦੁੱਧ ਤੋਂ ਬਣੇ ਖ਼ੁਰਾਕੀ ਪਦਾਰਥਾਂ ਦਾ ਸੇਵਨ ਕਰੋ। ਖ਼ੁਰਾਕ 'ਚ ਨਿਯਮਿਤ ਰੂਪ ਵਿਚ ਪਾਲਕ, ਬੀਨਜ਼, ਕੇਲੇ, ਸੰਤਰੇ ਅਤੇ ਸੇਬ ਜਿਹੇ ਫਲਾਂ ਤੇ ਸਬਜ਼ੀਆਂ ਨੂੰ ਸ਼ਾਮਿਲ ਕਰੋ।

ਰੋਜ਼ਾਨਾ ਧੁੱਪ ਸੇਕੋ

ਵਿਟਾਮਿਨ-ਡੀ ਸਰੀਰ 'ਚ ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕਰ ਕੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਮਹਿਲਾਵਾਂ ਨੂੰ ਹਰ ਹਫ਼ਤੇ ਘੱਟੋ-ਘੱਟ 50 ਹਜ਼ਾਰ ਯੂਨਿਟ ਵਿਟਾਮਿਨ-ਡੀ ਲੈਣਾ ਜ਼ਰੂਰੀ ਹੈ। ਧੁੱਪ ਵਿਟਾਮਿਨ-ਡੀ ਦਾ ਸਭ ਤੋਂ ਵਧੀਆ ਸਰੋਤ ਹੈ। ਦਿਨ 'ਚ ਘੱਟੋ-ਘੱਟ 20-25 ਮਿੰਟ ਧੁੱਪ ਜ਼ਰੂਰ ਸੇਕੋ।

ਕਸਰਤ ਕਰੋ

ਰੋਜ਼ਾਨਾ ਕਸਰਤ ਨਾਲ ਇਸ ਬਿਮਾਰੀ ਦੇ ਖ਼ਤਰੇ ਨੂੰ 50 ਫ਼ੀਸਦੀ ਤਕ ਘੱਟ ਕੀਤਾ ਜਾ ਸਕਦਾ ਹੈ। ਇਸ ਨਾਲ ਹੱਡੀਆਂ ਹੀ ਨਹੀਂ, ਮਾਸਪੇਸ਼ੀਆਂ ਵੀ ਮਜ਼ਬੂਤ ਹੁੰਦੀਆਂ ਹਨ ਤੇ ਉਨ੍ਹਾਂ 'ਚ ਲਚਕੀਲਾਪਣ ਬਣਿਆ ਰਹਿੰਦਾ ਹੈ। ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਫਿਜ਼ੀਓਥੈਰੇਪਿਸਟ ਨਾਲ ਸਲਾਹ ਜ਼ਰੂਰ ਕਰ ਲਵੋ।

ਚੁਸਤ ਰਹੋ

ਚੁਸਤ ਰਹਿਣ ਨਾਲ ਹੱਡੀਆਂ ਦਾ ਖੁਰਨਾ ਘਟਦਾ ਹੈ, ਜਿਸ ਨਾਲ ਪੱਠਿਆਂ ਦੀ ਤਾਕਤ ਠੀਕ ਰਹਿੰਦੀ ਹੈ। ਥੋੜ੍ਹਾ-ਬਹੁਤ ਭਾਰ ਚੁੱਕਣ ਵਾਲੀ ਵਰਜਿਸ਼ ਕਰਦੇ ਰਹੋ ਤੇ ਪੱਠਿਆਂ ਦੀ ਹਿਲਜੁਲ ਰੱਖੋ, ਜਿਵੇਂ ਤੇਜ਼ ਸੈਰ, ਪੌੜੀਆਂ ਚੜ੍ਹਨਾ-ਉਤਰਨਾ, ਟੈਨਿਸ ਖੇਡਣਾ, ਯੋਗਾ ਆਦਿ।

ਕੈਲਸ਼ੀਅਮ

ਹੱਡੀਆਂ ਨੂੰ ਠੀਕ-ਠਾਕ ਰੱਖਣ ਲਈ ਕੈਲਸ਼ੀਅਮ ਦੀ ਲੋੜ ਹੁੰਦੀ ਹੈ। ਭੋਜਨ 'ਚ ਲੋੜੀਂਦੀ ਮਾਤਰਾ ਵਿਚ ਕੈਲਸ਼ੀਅਮ ਹੋਣਾ ਚਾਹੀਦਾ ਹੈ। ਇਸ ਲਈ ਕੈਲਸ਼ੀਅਮ ਦੀਆਂ ਗੋਲੀਆਂ ਵੀ ਲਈਆਂ ਜਾ ਸਕਦੀਆਂ ਹਨ। ਉਮਰ ਅਨੁਸਾਰ 9-18 ਸਾਲ ਤਕ 1300 ਮਿਲੀਗ੍ਰਾਮ, 19-50 ਸਾਲ ਤਕ 1000 ਮਿਲੀਗ੍ਰਾਮ ਤੇ 51 ਸਾਲ ਤੋਂ ਬਾਅਦ 1200 ਮਿਲੀਗ੍ਰਾਮ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਪਾਲਕ ਤੇ ਪਨੀਰ ਵਿਚ ਕਾਫ਼ੀ ਮਾਤਰਾ 'ਚ ਕੈਲਸ਼ੀਅਮ ਹੁੰਦਾ ਹੈ।

ਪਰਹੇਜ਼ ਜ਼ਰੂਰੀ

ਭਾਰ ਕੰਟਰੋਲ ਰੱਖਣ ਲਈ ਘਿਓ ਜਾਂ ਮੱਖਣ ਜਿਹੇ ਵਾਧੂ ਫੈਟ ਵਾਲੇ ਤੇ ਸਰੀਰ 'ਚ ਜਮ੍ਹਾਂ ਕਰਨ ਵਾਲੀ ਫੈਟ ਵਾਲੇ ਖ਼ੁਰਾਕੀ ਪਦਾਰਥਾਂ ਦਾ ਸੇਵਨ ਸੀਮਤ ਮਾਤਰਾ 'ਚ ਹੀ ਕਰੋ। ਸ਼ਰਕਰਾ ਦੀ ਜ਼ਿਆਦਾ ਮਾਤਰਾ ਖ਼ੂਨ 'ਚ ਅਲਾਮਤਾਂ ਪੈਦਾ ਕਰਦੀ ਹੈ, ਜਿਸ ਨਾਲ ਹੱਡੀਆਂ 'ਚੋਂ ਕੈਲਸ਼ੀਅਮ ਜ਼ਿਆਦਾ ਮਾਤਰਾ ਵਿਚ ਨਿਕਲਦੀ ਹੈ। ਇਸ ਤਰ੍ਹਾਂ ਮਹਿਲਾਵਾਂ ਨੂੰ ਬੋਨ 'ਚ ਜ਼ਿਆਦਾ ਫੈਟ ਵਾਲੇ ਖ਼ੁਰਾਕੀ ਪਦਾਰਥਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ, ਜਿਵੇਂ ਤਲਿਆ ਹੋਇਆ ਭੋਜਨ ਤੇ ਸਾਫਟ ਡਰਿੰਕਜ਼ ਆਦਿ। ਇਸ ਨਾਲ ਐਸਟ੍ਰੋਜਨ ਹਾਰਮੋਨਜ਼ ਘੱਟ ਹੁੰਦੇ ਹਨ, ਜਿਸ ਨਾਲ ਹੱਡੀਆਂ ਖੁਰਨ ਦਾ ਖ਼ਤਰਾ ਜ਼ਿਆਦਾ ਵੱਧਦਾ ਹੈ।

ਅਲਾਮਤਾਂ

ਪਿੱਠ 'ਚ ਦਰਦ, ਕੁੱਬ ਨਿਕਲ ਆਉਣਾ, ਸਮਾਂ ਪਾ ਕੇ ਕੱਦ ਘਟ ਜਾਣਾ, ਰੀੜ੍ਹ ਦੀ ਹੱਡੀ ਦੇ ਮਣਕੇ ਫਿੱਸ ਜਾਣਾ, ਗੁੱਟ, ਹੱਡੀ ਦਾ ਟੁੱਟ ਜਾਣਾ, ਚੂਲ੍ਹੇ ਜਾਂ ਹੋਰ ਜੋੜਾਂ ਦੀਆਂ ਹੱਡੀਆਂ ਟੁੱਟ ਸਕਦੀਆਂ ਹਨ। ਨਾਰਮਲ ਹੱਡੀ ਨੂੰ ਦੇਖੀਏ ਤਾਂ ਇਹ ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ਵਾਂਗ ਦਿਖਾਈ ਦਿੰਦੀ ਹੈ। ਓਸਟੀਓਪਰੋਸਿਸ ਵਾਲੀ ਹੱਡੀ ਅੰਦਰੋਂ ਬਹੁਤ ਜ਼ਿਆਦਾ ਖ਼ਾਲੀ ਹੋ ਜਾਂਦੀ ਹੈ। ਹੱਡੀਆਂ ਦੀ ਘਣਤਾ ਜਾਂ ਤਾਕਤ ਜਾਂ ਇਸ ਦਾ ਠੋਸ ਹੋਣਾ ਇਸ ਵਿਚਲੇ ਖਣਿਜਾਂ 'ਤੇ ਨਿਰਭਰ ਕਰਦੀ ਹੈ। ਜਦੋਂ ਇਨ੍ਹਾਂ ਖਣਿਜਾਂ ਦੀ ਮਾਤਰਾ ਘਟ ਜਾਂਦੀ ਹੈ ਤਾਂ ਹੱਡੀਆਂ ਦੀ ਕਮਜ਼ੋਰੀ, ਕੁੱਬ ਅਤੇ ਫਰੈਕਚਰ ਹੋਣ ਲਗਦੇ ਹਨ।

ਮਹਿਲਾਵਾਂ 'ਚ ਬਿਮਾਰੀ ਦਾ ਖ਼ਤਰਾ ਜ਼ਿਆਦਾ

ਕੁਝ ਮਹਿਲਾਵਾਂ 'ਚ ਵਿਟਾਮਿਨ-ਡੀ ਦੀ ਜ਼ਿਆਦਾ ਕਮੀ ਹੋ ਜਾਂਦੀ ਹੈ, ਜਿਸ ਨਾਲ ਇਸ ਬਿਮਾਰੀ ਦਾ ਖ਼ਤਰਾ ਜ਼ਿਆਦਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਮੋਟਾਪਾ ਤੇ ਸਮੇਂ ਤੋਂ ਪਹਿਲਾਂ ਮੀਨੋਪੌਜ਼ ਹੋਣ ਵਾਲੀਆਂ ਮਹਿਲਾਵਾਂ 'ਚ ਇਸ ਦਾ ਜੋਖਮ ਵੱਧ ਜਾਂਦਾ ਹੈ। ਇਕ ਅਨੁਮਾਨ ਅਨੁਸਾਰ ਦੇਸ਼ 'ਚ 2013 ਤਕ 3.6 ਕਰੋੜ ਲੋਕਾਂ 'ਚ ਇਸ ਬਿਮਾਰੀ ਦੀ ਸ਼ੰਕਾ ਜਤਾਈ ਗਈ ਸੀ। ਹੱਡੀਆਂ ਦਾ ਖੁਰਨਾ ਇਕ ਹੌਲੀ ਪ੍ਰਕਿਰਿਆ ਹੈ। ਇਸ 'ਚ ਹੱਡੀਆਂ ਰਾਤੋ-ਰਾਤ ਕਮਜ਼ੋਰ ਨਹੀਂ ਹੁੰਦੀਆਂ ਸਗੋਂ ਇਹ ਪ੍ਰਕਿਰਿਆ ਸਾਲਾਂ ਤਕ ਚੱਲਦੀ ਹੈ। 30 ਸਾਲ ਦੀ ਉਮਰ ਤੋਂ ਬਾਅਦ ਅੰਦਰੂਨੀ ਟਿਸ਼ੂਆਂ ਦੇ ਨਿਰਮਾਣ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ ਤੇ 55 ਸਾਲ ਦੀ ਉਮਰ ਤਕ ਇਹ ਟਿਸ਼ੂ ਹੌਲੀ-ਹੌਲੀ ਖ਼ਤਮ ਹੋਣ ਲਗਦੇ ਹਨ। ਅਜਿਹੇ 'ਚ ਹੱਡੀਆਂ ਵਿਚ ਕੈਲਸ਼ੀਅਮ ਦੀ ਘਾਟ ਹੋਣ ਕਾਰਨ ਉਨ੍ਹਾਂ ਦੀ ਘਣਤਾ 'ਚ ਕਮੀ ਆ ਜਾਂਦੀ ਹੈ।

Posted By: Harjinder Sodhi