ਆਪਣੀ ਕਮਜ਼ੋਰੀ ਜਾਂ ਸਮੱਸਿਆ ਨੂੰ ਥੋੜ੍ਹੇ ਸਮੇਂ ਲਈ ਭੁੱਲ ਜਾਣ ਦੇ ਮਕਸਦ ਨਾਲ ਜਾਂ ਝੂਠੀ ਮਾਨਸਿਕ ਸੰਤੁਸ਼ਟੀ ਲਈ ਕਿਸੇ ਨਸ਼ੀਲੇ ਪਦਾਰਥ ਦਾ ਸਰੀਰ ’ਤੇ ਕੀਤਾ ਇਸਤੇਮਾਲ ਨਸ਼ਾ ਅਖਵਾਉਂਦਾ ਹੈ। ਨਸ਼ਾ ਕਰਨ ਵਾਲੇ ਮਰੀਜ਼ ਮਾਨਸਿਕ ਰੋਗੀ ਵੀ ਹੁੰਦੇ ਹਨ ਕਿਉਂਕਿ ਨਸ਼ਾ ਸਰੀਰਕ ਜ਼ਰੂਰਤ ਤੋਂ ਕਿਤੇ ਜ਼ਿਆਦਾ ਮਾਨਸਿਕ ਜ਼ਰੂਰਤ ਬਣ ਜਾਂਦਾ ਹੈ। ਅਜਿਹੇ ਮਰੀਜ਼ ਦਾ ਪਤਾ ਲਗਦਿਆਂ ਹੀ ਤੁਰੰਤ ਇਲਾਜ ਕਰਵਾਇਆ ਜਾਣਾ ਬੇਹੱਦ ਜ਼ਰੂਰੀ ਹੈ। ਅੱਜ-ਕੱਲ੍ਹ ਇਹ ਇਲਾਜ ਸਰਕਾਰੀ ਸਿਹਤ ਕੇਦਰਾਂ ’ਚ ਖੋਲ੍ਹੇ ਗਏ ਨਸ਼ਾ-ਮੁਕਤੀ ਕੇਂਦਰਾਂ ਜਾਂ ਓਟ ਸੈਂਟਰਾਂ ’ਤੇ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।

ਕਿੰਨੇ ਤਰ੍ਹਾਂ ਦੇ ਹਨ ਨਸ਼ੇ

ਨਸ਼ੇ ਨੂੰ ਮਰੀਜ਼ ਆਪਣੀ ਮਰਜ਼ੀ ਅਨੁਸਾਰ ਵੱਖ-ਵੱਖ ਤਰੀਕੇ ਨਾਲ ਇਸਤੇਮਾਲ ਕਰਦੇ ਹਨ। ਇਨ੍ਹਾਂ ’ਚ ਪੀਣ ਵਾਲੇ ਨਸ਼ੇ, ਖਾਣ, ਸੁੰਘਣ, ਚਬਾਉਣ, ਚੂਸਣ, ਇੰਜੈਕਟ ਕਰਨ, ਚਮੜੀ ’ਤੇ ਲਗਾਉਣ ਅਤੇ ਧੂੰਏਂ ਵਾਲੇ ਨਸ਼ੇ ਆਦਿ ਸ਼ਾਮਲ ਹਨ।

ਕੀ ਆਉਂਦੀਆਂ ਹਨ ਸਮੱਸਿਆਵਾਂ

ਸਰੀਰਕ ਰੋਗ : ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ, ਜੀਭ ਦਾ ਕੈਂਸਰ, ਲਿਵਰ ਦਾ ਕੈਂਸਰ, ਅੰਤੜੀ ਰੋਗ, ਗੁਰਦਿਆਂ ਸਬੰਧੀ ਰੋਗ, ਦਿਲ ਦੀਆਂ ਬਿਮਾਰੀਆਂ, ਅਧਰੰਗ, ਹਾਰਟ ਅਟੈਕ, ਹਾਈ ਬਲੱਡ ਪ੍ਰੈਸ਼ਰ, ਨਿਪੁੰਸਕਤਾ ਜਾਂ ਬੱਚਾ ਪੈਦਾ ਕਰਨ ਦੀ ਸ਼ਕਤੀ ਖ਼ਤਮ ਹੋਣਾ, ਕਾਲਾ ਪੀਲੀਆ, ਐੱਚਆਈਵੀ/ਏਡਜ਼, ਸ਼ੱਕਰ ਰੋਗ, ਔਰਤਾਂ ’ਚ ਬਾਂਝਪਾਨ, ਅੰਨਾਪਣ ਜਾਂ ਨਜ਼ਰ ਮਰ ਜਾਣਾ, ਕਬਜ਼, ਨਸਾਂ ਵਿਚ ਬਲੌਕਜ਼, ਖ਼ੂਨ ’ਚ ਥੱਕੇ ਜੰਮਣਾ ਆਦਿ ਬਿਮਾਰੀਆਂ ਨਾਲ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ।

ਮਾਨਸਿਕ ਰੋਗ: ਪਾਲਗਪਨ, ਕੋਮਾਂ ’ਚ ਜਾਣਾ, ਸੋਚਣ ਸ਼ਕਤੀ ਦਾ ਖ਼ਤਮ ਹੋਣਾ, ਲੜਾਈ-ਝਗੜੇ ਵਾਲੀ ਪ੍ਰਵਿਰਤੀ ਜਾਂ ਸੁਭਾਅ ’ਚ ਚਿੜਚਿੜਾਪਨ ਤੇ ਦਿਮਾਗ਼ੀ ਦੌਰੇ ਪੈਣ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ।

ਘਰੇਲੂ ਸਮੱਸਿਆਵਾਂ : ਪਰਿਵਾਰ ’ਚ ਅਸ਼ਾਂਤੀ ਦਾ ਮਾਹੌਲ, ਬੱਚਿਆਂ ਦੀ ਪੜ੍ਹਾਈ ਤੇ ਦਿਮਾਗ਼ ’ਤੇ ਮਾੜਾ ਪ੍ਰਭਾਵ, ਘਰੇਲੂ ਹਿੰਸਾ ਦੀਆਂ ਘਟਨਾਵਾਂ, ਭੁੱਖਮਰੀ, ਆਰਥਿਕ ਮੰਦਹਾਲੀ ਜਾਂ ਗ਼ਰੀਬੀ ਵਰਗੇ ਹਾਲਾਤ, ਨਸ਼ਿਆਂ ਕਾਰਨ ਪਰਿਵਾਰਕ ਮੌਤ ਆਦਿ ਸਮੱਸਿਆਵਾਂ ਹੋ ਸਕਦੀਆਂ ਹਨ।

ਸਮਾਜਿਕ ਸਮੱਸਿਆਵਾਂ : ਲੁੱਟ-ਖੋਹ ਦੀਆਂ ਵਾਰਦਾਤਾਂ, ਕਤਲ, ਐਕਸੀਡੈਂਟ ਦੀਆਂ ਘਟਨਾਵਾਂ, ਔਰਤਾਂ ਨਾਲ ਮਾੜੀਆਂ ਘਟਨਾਵਾਂ ਤੇ ਅਸੁਰੱਖਿਅਤ ਮਾਹੌਲ, ਲੜਾਈ-ਝਗੜੇ, ਬੱਚਿਆਂ ਜਾਂ ਸਮਾਜ ਦਾ ਨਸ਼ਿਆਂ ਵੱਲ ਪ੍ਰਭਾਵਿਤ ਹੋਣ ਦਾ ਡਰ ਆਦਿ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

ਦੇਸ਼ ’ਤੇ ਪ੍ਰਭਾਵ : ਨਸ਼ਿਆਂ ਕਾਰਨ ਦੇਸ਼ ਵੀ ਵੱਡੇ ਪੱਧਰ ’ਤੇ ਪ੍ਰਭਾਵਿਤ ਹੁੰਦਾ ਹੈ। ਤਰੱਕੀ ਦੀ ਗਤੀ ਵਿਚ ਖੜੋਤ, ਨਸ਼ੇ ਨਾਲ ਵੋਟ ਬੈਂਕ ਪ੍ਰਭਾਵਿਤ ਹੋਣਾ ਤੇ ਭਿ੍ਰਸ਼ਟਾਚਾਰ ਨੂੰ ਬੜਾਵਾ ਮਿਲਣਾ।

ਮਰੀਜ਼ ਦੀ ਪਛਾਣ

ਨਸ਼ਾ ਕਰਨ ਵਾਲੇ ਮਰੀਜ਼ ਦੇ ਬਹੁਤ ਸਾਰੇ ਲੱਛਣ ਹਨ, ਜਿਨ੍ਹਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮਰੀਜ਼ ਨਸ਼ਾ ਲੈ ਰਿਹਾ ਹੈ। ਇਹ ਲੱਛਣ ਭਾਵੇਂ ਕੋਈ ਹੋਰ ਬਿਮਾਰੀਆਂ ਵਿਚ ਵੀ ਮੌਜੂਦ ਹਨ ਪਰ ਇਨ੍ਹਾਂ ਤੋਂ ਨਸ਼ਾ ਕਰਨ ਵਾਲੇ ਮਰੀਜ਼ ਨੂੰ ਵੀ ਅਸਾਨੀ ਨਾਲ ਲੱਭਿਆ ਜਾ ਸਕਦਾ ਹੈ ਜਿਵੇਂ ਅੱਖਾਂ ’ਚ ਅਲੱਗ ਚਮਕ ਜਾਂ ਲਾਲੀ ਰਹਿਣਾ, ਬਹੁਤ ਜ਼ਿਆਦਾ ਜਾਂ ਬਹੁਤ ਘੱਟ ਸੌਣਾ, ਪੜ੍ਹਨ ਤੇ ਖੇਡਣ ’ਚ ਰੁਚੀ ਨਾ ਲੈਣਾ, ਇਕੱਲੇ ਰਹਿਣਾ, ਮਾੜੀ ਸੰਗਤ ’ਚ ਰਹਿਣਾ ਪਸੰਦ ਕਰਨਾ, ਬਿਨਾਂ ਮੰਗਵਾਏ ਘਰ ਵਿੱਚੋਂ ਸਰਿੰਜਾਂ, ਸ਼ੀਸ਼ੀਆਂ ਤੇ ਦਵਾਈਆਂ ਆਦਿ ਦਾ ਮਿਲਣਾ, ਬੰਦ ਕਮਰੇ ਵਿਚ ਇਕੱਲੇ ਰਹਿਣ ਦੀ ਆਦਤ, ਅੱਖਾਂ ਅਤੇ ਗੱਲ੍ਹਾਂ ਦਾ ਵਿਚ ਧਸਣਾ, ਚਿੜਚਿੜਾ ਸੁਭਾਅ, ਦੇਰ ਰਾਤ ਘਰ ਵੜਨਾ, ਨਸਾਂ/ਨਾੜਾਂ ਦਾ ਨੀਲਾ ਫਿਰਨਾ, ਕੁਝ ਸਮੇਂ ਵਿਚ ਹੀ ਵਜ਼ਨ ਬਹੁਤ ਜ਼ਿਆਦਾ ਘਟਣਾ ਜਾਂ ਵਧਣਾ, ਹਮੇਸ਼ਾ ਸਰੀਰਕ ਥਕਾਨ ਮਹਿਸੂਸ ਕਰਨਾ, ਲੜਾਈ ਝਗੜੇ ਦੀਆਂ ਵਾਰਦਾਤਾਂ ਕਰਨਾ, ਬੁੱਲ੍ਹਾਂ ਥੱਲੇ ਚਿੱਟੇ ਰੰਗ ਦਾ ਜਾਂ ਭੂਰੇ ਰੰਗ ਦਾ ਧੱਬਾ ਹੋਣਾ, ਕਮਰੇ ਵਿੱਚੋਂ ਅਤੇ ਕੱਪੜਿਆਂ ’ਚੋਂ ਦੁਰਗੰਧ ਆਉਣਾ, ਦਰਦ ਜਾਂ ਤਲਬ ਲੱਗਣਾ ਤੇ ਘਰ ਵਿਚ ਚੋਰੀ ਦੀਆਂ ਘਟਨਾਵਾਂ ਵਾਪਰਨਾ। ਇਨ੍ਹਾਂ ਲੱਛਣਾਂ ਤੋਂ ਮਰੀਜ਼ ਦੀ ਪਛਾਣ ਕੀਤੀ ਜਾ ਸਕਦੀ ਹੈ।

ਇਲਾਜ

ਨਸ਼ਾ ਕਰਨ ਵਾਲੇ ਮਰੀਜ਼ ਦੀ ਪਛਾਣ ਤੋਂ ਬਾਅਦ ਕਈ ਗੱਲਾਂ ਨੂੰ ਧਿਆਨ ’ਚ ਰੱਖਦਿਆਂ ਇਲਾਜ ਕਰਾਇਆ ਜਾ ਸਕਦਾ ਹੈ, ਜਿਵੇਂ ਨਸ਼ਾ ਕਰਨ ਵਾਲੇ ਮਰੀਜ਼ ਨਾਲ ਹਮਦਰਦੀ, ਦੋਸਤਾਨਾ ਤਰੀਕੇ ਨਾਲ ਪੇਸ਼ ਆਉਣਾ, ਨਸ਼ੇੜੀ, ਅਮਲੀ ਜਾਂ ਹੋਰ ਗ਼ਲਤ ਸ਼ਬਦਾਂ ਨਾਲ ਸੰਬੋਧਿਤ ਨਾ ਕਰਨਾ, ਮਰੀਜ਼ ਸਬੰਧੀ ਗੁਪਤਤਾ, ਮਰੀਜ਼ ਨੂੰ ਭਰੋਸੇ ’ਚ ਲੈਣ ਉਪਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ’ਚ ਨਸ਼ਾ-ਮੁਕਤੀ ਕੇਂਦਰ ਲੈ ਕੇ ਜਾਣਾ, ਨਸ਼ਾ-ਮੁਕਤੀ ਦੀ ਦਵਾਈ ’ਚ ਲਗਾਤਾਰਤਾ ਬਣਾਈ ਰੱਖਣਾ, ਮਰੀਜ਼ ਦੇ ਸੰਪਰਕ ’ਚ ਰਹਿ ਕੇ ਉਸ ਨੂੰ ਪ੍ਰੇਰਿਤ ਕਰਦੇ ਰਹਿਣਾ, ਠੀਕ ਹੋਣ ਉਪਰੰਤ ਉਸ ਦਾ ਫਾਲੋਅਪ ਰੱਖਣਾ ਅਤੇ ਉਸ ਨੂੰ ਚੰਗੀ ਸੰਗਤ ਵਿਚ ਰਹਿਣ ਲਈ ਪ੍ਰੇਰਿਤ ਕਰਨਾ।

ਕਿਵੇਂ ਰੱਖਿਆ ਜਾਵੇ ਨਸ਼ਿਆਂ ਤੋਂ ਦੂਰ

ਬੱਚਿਆਂ ਜਾਂ ਵੱਡਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਤੰਦਰੁਸਤ ਜੀਵਨ ਲਈ ਚੰਗੀਆਂ ਆਦਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਕੁਝ ਗੱਲਾਂ ਨੂੰ ਅਮਲ ’ਚ ਲਿਆ ਕੇ ਅਸੀਂ ਮਾਨਸਿਕ ਅਤੇ ਸਰੀਰਕ ਤੌਰ ’ਤੇ ਹਮੇਸ਼ਾ ਨਿਰੋਗ ਤੇ ਤੰਦਰੁਸਤ ਰਹਿ ਸਕਦੇ ਹਾਂ।

ਬੱਚਿਆਂ ਨੂੰ ਰੋਜ਼ਾਨਾ ਆਪਣਾ ਵਕਤ ਦਿਉ ਅਤੇ ਬੱਚਿਆਂ ਨਾਲ ਬਾਹਰੀ ਖੇਡਾਂ ਖੇਡੋ, ਬੱਚਿਆਂ ਨਾਲ ਨਰਮੀ ਅਤੇ ਦੋਸਤਾਨਾ ਤਰੀਕੇ ਨਾਲ ਪੇਸ਼ ਆਵੋ। ਬੱਚੇ ਹਮੇਸ਼ਾ ਵੱਡਿਆਂ ਦੀ ਨਕਲ ਕਰਦੇ ਹਨ, ਇਸ ਲਈ ਪਹਿਲਾਂ ਨਸ਼ੇ ਦਾ ਖ਼ੁਦ ਤਿਆਗ ਕਰੋ ਤਾਂ ਜੋ ਬੱਚੇ ਤੁਹਾਨੂੰ ਦੇਖ ਕੇ ਚੰਗੀਆਂ ਆਦਤਾਂ ਗ੍ਰਹਿਣ ਕਰ ਸਕਣ। ਮੋਬਾਈਲ ਦੀ ਘੱਟ ਤੋਂ ਘੱਟ ਵਰਤੋਂ ਕਰੋ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਪੈਣ ’ਤੇ ਹੀ ਮੋਬਾਈਲ ਵਰਤਣ ਦੀ ਇਜਾਜ਼ਤ ਦਿਉ ਤਾਂ ਜੋ ਮੋਬਾਈਲ ਅਡਿਕਸ਼ਨ ਅਤੇ ਘਾਤਕ ਬਿਮਾਰੀਆਂ ਤਂੋ ਬਚਿਆ ਜਾ ਸਕੇ। ਰਾਤ ਨੂੰ ਸਹੀ ਸਮੇਂ ’ਤੇ ਸੌਵੋਂ ਤੇ ਸਵੇਰੇ ਜਲਦੀ ਉੱਠਣ ਦੀ ਆਦਤ ਪਾਉ। ਸਵੇਰੇ ਘੱਟੋ-ਘੱਟ ਇਕ ਘੰਟਾ ਸੈਰ ਕਰੋ ਤੇ ਇਕ ਘੰਟਾ ਕਸਰਤ ਕਰੋ। ਕਦੇ ਵੀ ਕਿਸੇ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦਾ ਸੇਵਨ ਨਾ ਕਰੋ।

ਸ਼ਰਾਬ ਜਾਂ ਨਸ਼ੇ ਵਾਲੇ ਸਮਾਗਮਾਂ ’ਚ ਨਾ ਖ਼ੁਦ ਜਾਵੋ ਅਤੇ ਨਾ ਹੀ ਬੱਚਿਆਂ ਨੂੰ ਜਾਣ ਦੇਵੋ। ਚੰਗੀਆਂ ਕਿਤਾਬਾਂ ਪੜ੍ਹੋ ਤੇ ਬੱਚਿਆਂ ਨੂੰ ਵੀ ਚੰਗੀਆਂ ਕਿਤਾਬਾਂ ਪੜ੍ਹਣ ਦੀ ਆਦਤ ਪਾਓ। ਇਤਿਹਾਸਕ ਸਥਾਨਾਂ ਦੀ ਯਾਤਰਾ ਕਰੋ ਅਤੇ ਬੱਚਿਆਂ ਨੂੰ ਵੀ ਇਤਿਹਾਸ ਸਬੰਧੀ ਜਾਣਕਾਰੀ ਦਿਉ। ਸੰਤੁਲਿਤ ਭੋਜਨ ਪਰਿਵਾਰ ਵਿਚ ਇਕੱਠੇ ਬੈਠ ਕੇ ਖਾਓ।

ਲੱਚਰ ਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਅਤੇ ਅਸ਼ਲੀਲ ਫਿਲਮਾਂ ਦਾ ਬਾਈਕਾਟ ਕਰੋ ਅਤੇ ਬੱਚਿਆਂ ਨੂੰ ਚੰਗੇ ਗੀਤ ਅਤੇ ਸਾਹਿਤਕ ਤੇ ਪਰਿਵਾਰਕ ਫਿਲਮਾਂ ਦੇਖਣ ਦਿਉ। ਸਮਾਜ ’ਚ ਚੱਲ ਰਹੇ ਚਲੰਤ ਮਾਮਲਿਆਂ ਸਬੰਧੀ ਘਰ ’ਚ ਵਿਚਾਰ-ਵਟਾਂਦਰਾ ਕਰੋ ਅਤੇ ਬੱਚਿਆਂ ਨੂੰ ਇਸ ਦੇ ਹੱਲ ਸਬੰਧੀ ਪ੍ਰੇਰਿਤ ਕਰੋ।

ਨਸ਼ਾ ਕਰਨ ਦੇ ਕਾਰਨ

ਨਸ਼ਾ ਕਰਨ ਦੇ ਬਹੁਤ ਸਾਰੇ ਕਾਰਨ ਹਨ, ਜਿਵੇਂ

ਗ਼ਲਤ ਸੰਗਤ ਦਾ ਅਸਰ।

ਡਿਪਰੈਸ਼ਨ ਤੋਂ ਰਾਹਤ ਪਾਉਣ।

ਥਕਾਵਟ ਲਾਹੁਣ।

ਵਿਆਹ ਜਾਂ ਕਿਸੇ ਸਮਾਗਮ ’ਤੇ ਮਨੋਰੰਜਨ ਲਈ ਨਸ਼ਾ ਕਰਨਾ।

ਮਾਨਸਿਕ ਸੰਤੁਸ਼ਟੀ ਜਾਂ ਸ਼ਾਂਤੀ ਲਈ ਇਸਤੇਮਾਲ ਕਰਨਾ।

ਘਰ ’ਚ ਨਸ਼ਿਆਂ ਵਾਲਾ ਮਾਹੌਲ।

ਕਿਸੇ ਬਿਮਾਰੀ ਤੋਂ ਰਾਹਤ ਪਾਉਣਾ।

ਨਵੇਂ ਨਸ਼ੇ ਨੂੰ ਇਸਤੇਮਾਲ ਕਰਨਾ।

ਸਰੀਰਕ ਦਰਦ ਨੂੰ ਘੱਟ ਕਰਨਾ।

ਸਰੀਰਕ ਤਾਕਤ ਨੂੰ ਵਧਾਉਣਾ।

ਮਾਂ-ਬਾਪ ਵੱਲੋਂ ਬੱਚਿਆਂ ਵੱਲ ਧਿਆਨ ਨਾ ਦੇਣਾ।

ਸਰੀਰ ਨੂੰ ਗਠੀਲਾ ਜਾਂ ਮਸਕੂਲਰ ਦਿਖਾਉਣ ਲਈ ਨਸ਼ੇ ਦਾ ਇਸਤੇਮਾਲ ਕਰਨਾ ।

ਸਰਕਾਰ ਵੱਲੋਂ ਸਹੂਲਤਾਂ

ਸਰਕਾਰ ਵੱਲੋਂ ਪੰਜਾਬ ਦੇ ਹਰ ਜ਼ਿਲ੍ਹੇ ’ਚ ਵੱਖ-ਵੱਖ ਸਰਕਾਰੀ ਸਿਹਤ ਕੇਂਦਰਾਂ, ਕਮਿਊਨਿਟੀ ਸਿਹਤ ਸੈਂਟਰਾਂ, ਪ੍ਰਾਇਮਰੀ ਸਿਹਤ ਕੇਂਦਰਾਂ, ਜ਼ਿਲ੍ਹਾ ਹਸਪਤਾਲਾਂ ਤੇ ਸਬ-ਡਵੀਜ਼ਨ ਹਸਪਤਾਲਾਂ ਵਿਚ ਵੱਖ-ਵੱਖ ਥਾਵਾਂ ’ਤੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਓਟ ਸੈਂਟਰ ਖੋਲੇ੍ਹ ਗਏ ਹਨ। ਇਨ੍ਹਾਂ ਸੈਂਟਰਾਂ ਸਬੰਧੀ ਜਾਣਕਾਰੀ ਕਿਸੇ ਵੀ ਸਰਕਾਰੀ ਸਿਹਤ ਕੇਂਦਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਸਿਹਤ ਕੇਂਦਰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤਕ ਪੂਰਾ ਹਫ਼ਤਾ ਖੁੱਲੇ੍ਹ ਰਹਿੰਦੇ ਹਨ। ਇਨ੍ਹਾਂ ਓਟ ਸੈਂਟਰਾਂ ਵਿਚ ਮਰੀਜ਼ ਨੂੰ ਮੁੱਖਧਾਰਾ ਨਾਲ ਜੋੜਨ ਲਈ ਮੁਫ਼ਤ ਕਾਊਂਸਲਿੰਗ, ਮੁਫ਼ਤ ਦਵਾਈ, ਮੁਫ਼ਤ ਟੈਸਟਾਂ ਦੀ ਸਹੂਲਤ, ਡਾਕਟਰ ਵੱਲੋਂ ਮੁਫ਼ਤ ਜਾਂਚ ਦੀ ਸਹੂਲਤ, ਮਰੀਜ਼ ਨੂੰ ਘਰ ਕੁਝ ਦਿਨ ਦੀ ਇਕੱਠੀ ਦਵਾਈ ਲਿਜਾਣ, ਸਰਕਾਰ ਵੱਲੋਂ ਕਿੱਤਾਮੁਖੀ ਸਿੱਖਿਆ ਦੇਣ ਅਤੇ ਪਲੇਸਮੈਂਟ ਦੀ ਸਹੂਲਤ, ਮਰੀਜ਼ ਦੀ ਜਾਣਕਾਰੀ ਗੁਪਤ ਰੱਖਣ ਦੀ ਸਹੂਲਤ ਤੋਂ ਇਲਾਵਾ ਸਮੂਹ ਓਟ ਸੈਂਟਰ ਪੁਲਿਸ ਦਖ਼ਲ ਤੋਂ ਮੁਕਤ ਹਨ। ਇਨ੍ਹਾਂ ਓਟ ਸੈਂਟਰਾਂ ’ਚ ਡਾਕਟਰ ਦੀ ਸਲਾਹ ਅਨੁਸਾਰ ਮਰੀਜ਼ ਦਵਾਈ ਲੈ ਕੇ ਜਲਦੀ ਹੀ ਨਸ਼ਾ-ਮੁਕਤ ਹੋ ਜਾਂਦਾ ਹੈ ਅਤੇ ਨਸ਼ਾ ਮੁਕਤੀ ਉਪਰੰਤ ਵੀ ਮਰੀਜ਼ ਦਾ ਓਟ ਸੈਂਟਰ ਵੱਲੋਂ ਫਾਲੋਅਪ ਰੱਖਿਆ ਜਾਂਦਾ ਹੈ।

- ਮੰਗ ਗੁਰਪ੍ਰਸ਼ਾਦ

Posted By: Harjinder Sodhi