ਝੋਨੇ ਦੀ ਕਟਾਈ ਦਾ ਸੀਜ਼ਨ ਜ਼ੋਰਾਂ 'ਤੇ ਹੈ। ਇਸ ਤੋਂ ਬਾਅਦ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਸਰਕਾਰ ਤੇ ਵੱਖ-ਵੱਖ ਵਿਭਾਗਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਇਆ ਧੂੰਆਂ ਜਿੱਥੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ ਹੈ, ਉੱਥੇ ਹੀ ਮਨੁੱਖੀ ਤੇ ਪਸ਼ੂ-ਪੰਛੀਆਂ ਦੇ ਜੀਵਨ 'ਤੇ ਵੀ ਮਾੜਾ ਅਸਰ ਪਾਉਂਦਾ ਹੈ।

ਇਕ ਰਿਪੋਰਟ ਅਨੁਸਾਰ ਦੇਸ਼ 'ਚ ਸਾਲਾਨਾ 500 ਮਿਲੀਅਨ ਟਨ ਤੋਂ ਵੱਧ ਪਰਾਲੀ (ਫ਼ਸਲਾਂ ਦੀ ਰਹਿੰਦ-ਖੂੰਹਦ) ਪੈਦਾ ਹੁੰਦੀ ਹੈ, ਜਿਸ 'ਚ 70 ਫ਼ੀਸਦੀ ਰਹਿੰਦ-ਖੂੰਹਦ ਅਨਾਜ ਦੀਆਂ ਫ਼ਸਲਾਂ (ਚਾਵਲ, ਕਣਕ, ਮੱਕੀ ਅਤੇ ਬਾਜਰੇ) ਤੋਂ ਪੈਦਾ ਹੁੰਦੀ ਹੈ। ਇਸ ਵਿੱਚੋਂ 34 ਫ਼ੀਸਦੀ ਝੋਨੇ ਤੇ 22 ਫ਼ੀਸਦੀ ਕਣਕ ਦੀਆਂ ਫ਼ਸਲਾਂ 'ਚੋਂ ਆਉਂਦੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਖੇਤਾਂ ਵਿਚ ਅੱਗ ਲਗਾ ਕੇ ਸਾੜ ਦਿੱਤਾ ਜਾਂਦਾ ਹੈ। ਇਕ ਅਨੁਮਾਨ ਅਨੁਸਾਰ ਇਕੱਲੇ ਪੰਜਾਬ 'ਚ ਹਰ ਸਾਲ 20 ਮਿਲੀਅਨ ਟਨ ਝੋਨੇ ਦੀ ਪਰਾਲੀ ਦਾ ਉਤਪਾਦਨ ਹੁੰਦਾ ਹੈ, ਜਿਸ 'ਚੋਂ 80 ਫ਼ੀਸਦੀ ਨੂੰ ਅੱਗ ਲਗਾ ਕੇ ਖੇਤਾਂ 'ਚ ਹੀ ਸਾੜ ਦਿੱਤਾ ਜਾਂਦਾ ਹੈ। ਪਰਾਲੀ ਨੂੰ ਸਾੜਨ ਦੀ ਬਜਾਇ ਇਸ ਦੀ ਵਰਤੋਂ ਵੱਖ-ਵੱਖ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ, ਜਿਵੇਂ ਪਸ਼ੂ ਫੀਡ, ਖਾਦ, ਬਾਇਓਮਾਸ ਊਰਜਾ, ਮਸ਼ਰੂਮ ਦੀ ਕਾਸ਼ਤ, ਪੈਕਿੰਗ ਸਮੱਗਰੀ, ਬਾਲਣ, ਕਾਗਜ਼ ਅਤੇ ਉਦਯੋਗਿਕ ਉਤਪਾਦਨ ਆਦਿ ਲਈ, ਤਾਂ ਜੋ ਅੱਗ ਲਗਾਉਣ ਦੀ ਜ਼ਰੂਰਤ ਨਾ ਪਵੇ ਤੇ ਰਹਿੰਦ-ਖੂੰਹਦ ਦਾ ਨਿਪਟਾਰਾ ਵੀ ਹੋ ਸਕੇ।

ਜੈਵਿਕ ਗੁਣਾਂ ਦਾ ਨੁਕਸਾਨ

ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਪੈਦਾ ਹੋਈ ਗਰਮੀ ਧਰਤੀ 'ਚ 1 ਸੈਂਟੀਮੀਟਰ ਹੇਠਾਂ ਤਕ ਲੰਘ ਜਾਂਦੀ ਹੈ ਤੇ ਤਾਪਮਾਨ 33.8 ਤੋਂ 42.2 ਡਿਗਰੀ ਸੈਲਸੀਅਸ ਤਕ ਪਹੁੰਚ ਜਾਂਦਾ ਹੈ। ਇਹ ਉਪਜਾਊ ਮਿੱਟੀ ਲਈ ਮਹੱਤਵਪੂਰਨ ਬੈਕਟਰੀਆ ਤੇ ਹੋਰ ਮਿੱਤਰ ਕੀੜਿਆਂ ਨੂੰ ਮਾਰ ਦਿੰਦਾ ਹੈ। ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਨਾਲ ਮਿੱਟੀ ਦੀ ਉਪਰਲੀ ਪਰਤ 'ਚ ਮੌਜੂਦ ਹੋਰ ਸੂਖ਼ਮ ਜੀਵ-ਜੰਤੂਆਂ ਤੇ ਇਸ ਦੇ ਜੈਵਿਕ ਗੁਣਾਂ ਦਾ ਨੁਕਸਾਨ ਹੁੰਦਾ ਹੈ। 'ਦੋਸਤਾਨਾ' ਕੀੜਿਆਂ ਦੇ ਨੁਕਸਾਨ ਕਾਰਨ 'ਦੁਸ਼ਮਣ' ਕੀੜਿਆਂ ਦੀ ਤਾਕਤ 'ਚ ਵਾਧਾ ਹੋਇਆ ਹੈ। ਨਤੀਜੇ ਵਜੋਂ ਫ਼ਸਲਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦਾ ਵਧੇਰੇ ਖ਼ਤਰਾ ਹੁੰਦਾ ਹੈ। ਮਿੱਟੀ ਦੀਆਂ ਉਪਰਲੀਆਂ ਪਰਤਾਂ ਦੀ ਘੁਲਣਸ਼ੀਲਤਾ ਦੀ ਸਮਰੱਥਾ ਵੀ ਘਟ ਜਾਂਦੀ ਹੈ। ਪਰਾਲੀ ਸਾੜਨ ਨਾਲ ਜੈਵਿਕ ਕਾਰਬਨ ਤੋਂ ਇਲਾਵਾ ਮਿੱਟੀ ਦੇ ਸਾਰੇ ਪੌਸ਼ਟਿਕ ਤੱਤ ਨੁਕਸਾਨੇ ਜਾਂਦੇ ਹਨ। ਇਕ ਰਿਪੋਰਟ ਅਨੁਸਾਰ ਇਕ ਟਨ ਪਰਾਲੀ ਸਾੜਨ ਨਾਲ 5.5 ਕਿਲੋਗ੍ਰਾਮ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 2.5 ਕਿੱਲੋ ਪੋਟਾਸ਼ੀਅਮ ਤੇ 1 ਕਿਲੋਗ੍ਰਾਮ ਤੋਂ ਵੱਧ ਗੰਧਕ ਦਾ ਨੁਕਸਾਨ ਹੋ ਜਾਂਦਾ ਹੈ।

ਸਿਹਤ ਸਬੰਧੀ ਤਕਲੀਫ਼ਾਂ

ਇਕ ਅਧਿਐਨ 'ਚ ਇਹ ਖੁਲਾਸਾ ਹੋਇਆ ਕਿ 84.5 ਫ਼ੀਸਦੀ ਲੋਕ ਧੂੰਏਂ ਦੀ ਵੱਧ ਰਹੀ ਸਮੱਸਿਆ ਕਾਰਨ ਸਿਹਤ ਸਬੰਧੀ ਵੱਖ-ਵੱਖ ਤਕਲੀਫ਼ਾਂ ਨਾਲ ਜੂਝਦੇ ਹਨ। ਕਰੀਬ 76.8 ਫ਼ੀਸਦੀ ਲੋਕਾਂ ਦੀਆਂ ਅੱਖਾਂ 'ਚ ਜਲਣ, 44.8 ਫ਼ੀਸਦੀ ਲੋਕਾਂ ਦੇ ਨੱਕ 'ਚ ਜਲਣ ਅਤੇ 45.5 ਫ਼ੀਸਦੀ ਲੋਕਾਂ ਦੇ ਗਲੇ 'ਚ ਜਲਣ ਦੀ ਰਿਪੋਰਟ ਹੋਈ। ਖੰਘ 'ਚ 41.6 ਫ਼ੀਸਦੀ ਲੋਕਾਂ ਵੱਲੋਂ ਤੇ 18.0 ਫ਼ੀਸਦੀ ਲੋਕਾਂ ਵੱਲੋਂ ਗਲੇ ਨਾਲ ਸਬੰਧਤ ਹੋਰ ਤਕਲੀਫ਼ਾਂ ਦੀ ਰਿਪੋਰਟ ਕੀਤੀ ਗਈ। ਇੰਸਟੀਚਿਊਟ ਫਾਰ ਸੋਸ਼ਲ ਐਂਡ ਇਕਨਾਮਿਕ ਚੇਂਜ, ਬੰਗਲੁਰੂ ਨੇ ਇਕ ਹੋਰ ਅਧਿਐਨ ਕੀਤਾ ਹੈ ਕਿ ਪੇਂਡੂ ਪੰਜਾਬ ਦੇ ਲੋਕ ਹਰ ਸਾਲ ਪਰਾਲੀ ਸਾੜਨ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਇਲਾਜ ਲਈ 7.6 ਕਰੋੜ ਰੁਪਏ ਖ਼ਰਚ ਕਰਦੇ ਹਨ।

ਧੂੰਆਂ ਤੇ ਕੋਵਿਡ-19

ਕੋਵਿਡ-19 ਨਾਂ ਦੀ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਭਾਰਤ 'ਚ ਵੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਇਸ ਨੇ ਆਪਣੀ ਲਪੇਟ 'ਚ ਲਿਆ ਹੈ ਤੇ ਵੱਡੀ ਗਿਣਤੀ 'ਚ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਲਈ ਜਿੱਥੇ ਇਸ ਤੋਂ ਬਚਣ ਲਈ ਹੋਰ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ, ਉੱਥੇ ਪਰਾਲੀ ਦਾ ਧੂੰਆਂ ਹੋਰ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਕੋਵਿਡ-19 ਮਹਾਮਾਰੀ ਨੇ ਮਨੁੱਖ ਦੇ ਫੇਫੜਿਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ, ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਫੇਫੜਿਆਂ ਨੂੰ ਸ਼ੁੱਧ ਅਤੇ ਤਾਜ਼ੀ ਹਵਾ ਮਿਲੇ।

ਪਰਾਲੀ ਨੂੰ ਸਾੜਨ ਤੋਂ ਪੈਦਾ ਹੋਇਆ ਧੂੰਆਂ ਤੇ ਇਸ ਵਿਚ ਰਲੀਆਂ ਹੋਈਆਂ ਜ਼ਹਿਰੀਲੀਆਂ ਗੈਸਾਂ ਫੇਫੜਿਆਂ ਦੀ ਸਿਹਤ ਲਈ ਹਿੱਤਕਾਰੀ ਸਾਬਿਤ ਨਹੀਂ ਹੁੰਦੀਆਂ। ਇਸ ਲਈ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਉਸ ਸਮੇਂ ਜਦੋਂ ਕੋਵਿਡ-19 ਕਾਰਨ ਦੁਨੀਆ ਭਰ 'ਚ ਹਾਹਾਕਾਰ ਮਚੀ ਹੋਵੇ ਤਾਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾਵੇ।

ਵਾਤਾਵਰਨ ਤੇ ਸਿਹਤ ਲਈ ਜੋਖਮ

ਇਕ ਅਧਿਐਨ ਅਨੁਸਾਰ ਫ਼ਸਲਾਂ ਦੀ ਰਹਿੰਦ-ਖੂੰਹਦ ਨੇ 149.24 ਮਿਲੀਅਨ ਟਨ ਕਾਰਬਨ ਡਾਈਆਕਸਾਈਡ ਪੈਦਾ ਕੀਤੀ, 9 ਮਿਲੀਅਨ ਟਨ ਕਾਰਬਨ ਮੋਨੋਆਕਸਾਈਡ, 0.25 ਮਿਲੀਅਨ ਟਨ ਸਲਫਰ ਆਕਸਾਈਡ, 1.28 ਮਿਲੀਅਨ ਟਨ ਕਣ ਪਦਾਰਥ ਤੇ 0.07 ਮਿਲੀਅਨ ਟਨ ਕਾਲੇ ਕਾਰਬਨ ਪੈਦਾ ਕੀਤੇ। ਇਹ ਸਿੱਧੇ ਤੌਰ 'ਤੇ ਹਵਾ ਦੇ ਪ੍ਰਦੂਸ਼ਣ 'ਚ ਯੋਗਦਾਨ ਪਾਉਂਦੇ ਹਨ ਅਤੇ ਹਿਮਾਲੀਅਨ ਗਲੇਸ਼ੀਅਰਾਂ ਦੇ ਪਿਘਲਣ ਤੇ ਵਾਤਾਵਰਨ 'ਚ ਪ੍ਰਦੂਸ਼ਣ ਫੈਲਾਉਣ 'ਚ ਰੋਲ ਨਿਭਾਉਂਦੇ ਹਨ।

ਸਾਹ ਦੇ ਮਰੀਜ਼ਾਂ 'ਚ ਹੋਇਆ ਵਾਧਾ

ਝੋਨੇ ਦੀ ਪਰਾਲੀ ਸਾੜਨ ਨਾਲ ਪੈਦਾ ਹੋਏ ਜ਼ਹਿਰੀਲੇ ਧੂੰਏਂ ਨਾਲ ਸਾਹ ਲੈਣ 'ਚ ਤਕਲੀਫ਼, ਖੰਘ, ਜ਼ੁਕਾਮ, ਤਪਦਿਕ, ਦਮਾ, ਐਲਰਜੀ, ਸਾਹ ਨਾਲੀ ਦਾ ਕੈਂਸਰ, ਗਲੇ ਦੀ ਖ਼ਰਾਬੀ, ਹਲਕਾ ਬੁਖ਼ਾਰ, ਸਿਰਦਰਦ, ਟਾਈਫਾਈਡ, ਫੇਫੜਿਆਂ 'ਚ ਨੁਕਸ, ਅੱਖਾਂ 'ਚ ਜਲਣ, ਚਮੜੀ 'ਤੇ ਖਾਰਿਸ਼ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ। ਡਾਕਟਰਾਂ ਅਨੁਸਾਰ ਪਿਛਲੇ ਦਸਾਂ ਸਾਲਾਂ ਦੌਰਾਨ ਪੰਜਾਬ 'ਚ ਨਾੜ ਤੇ ਝੋਨੇ ਦੀ ਪਰਾਲੀ ਸਾੜਨ ਨਾਲ ਅੱਖਾਂ ਦੀ ਜਲਣ ਤੇ ਸਾਹ ਦੇ ਮਰੀਜ਼ਾਂ ਦੀ ਗਿਣਤੀ 'ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਪਰਾਲੀ ਦੇ ਧੂੰÂਂੇ ਨਾਲ ਜ਼ਹਿਰੀਲੀਆਂ ਗੈਸਾਂ ਜਿੱਥੇ ਸਾਹ ਦੇ ਮਰੀਜ਼ਾਂ ਲਈ ਖ਼ਤਰਨਾਕ ਹਨ, ਉੱਥੇ ਹੀ ਬੱਚਿਆਂ ਤੇ ਬਜ਼ੁਰਗਾਂ ਲਈ ਵੀ ਮੁਸੀਬਤ ਖੜ੍ਹੀਆਂ ਕਰ ਸਕਦੀਆਂ ਹਨ। ਅਜਿਹੇ ਵਿਅਕਤੀ ਜੋ ਸ਼ੂਗਰ, ਕੈਂਸਰ ਜਾਂ ਅਜਿਹੀਆਂ ਹੋਰ ਬਿਮਾਰੀਆਂ ਤੋਂ ਪੀੜਤ ਹਨ, ਉਨ੍ਹਾਂ ਲਈ ਇਹ ਧੂੰਆਂ ਜਾਨਲੇਵਾ ਸਾਬਿਤ ਹੋ ਸਕਦਾ ਹੈ।

- ਨਰਿੰਦਰ ਪਾਲ ਸਿੰਘ

Posted By: Harjinder Sodhi