ਇਕ ਸਮਾਂ ਸੀ ਜਦੋਂ ਲੋਕ ਬਿਨਾਂ ਚੱਪਲਾਂ ਤੋਂ ਪੈਦਲ ਤੁਰਦੇ ਸਨ ਪਰ ਹੁਣ ਗੰਦਗੀ ਤੋਂ ਬਚਣ ਲਈ ਜ਼ਿਆਦਾਤਰ ਲੋਕ ਪੈਰਾਂ 'ਚ ਚੱਪਲ ਜਾਂ ਬੂਟ ਪਾਏ ਬਿਨਾਂ ਘਰੋਂ ਨਹੀਂ ਨਿਕਲਦੇ। ਹਾਲਾਂਕਿ ਜੇ ਤੁਸੀਂ ਸੈਰ ਕਰਨ ਲਈ ਸਾਫ਼ ਗਰਾਊਂਡ ਜਾਂ ਘਾਹ 'ਤੇ ਜਾ ਰਹੇ ਹੋ ਤਾਂ ਤੁਹਾਨੂੰ ਚੱਪਲ ਪਾਉਣ ਦੀ ਜ਼ਰੂਰਤ ਨਹੀਂ। ਨੰਗੇ ਪੈਰ ਘਾਹ 'ਤੇ ਚੱਲਣ ਦੇ ਤੁਹਾਨੂੰ ਕਈ ਫ਼ਾਇਦੇ ਹੁੰਦੇ ਹਨ। ਆਓ, ਜਾਣਦੇ ਹਾਂ ਇਨ੍ਹਾਂ ਫ਼ਾਇਦਿਆਂ ਬਾਰੇ :

ਕੇਂਦਰੀ ਤੰਤਰ ਪ੍ਰਣਾਲੀ

ਘਾਹ 'ਤੇ ਨੰਗੇ ਪੈਰ ਤੁਰਨ ਨਾਲ ਸਾਡੀ ਕੇਂਦਰੀ ਤੰਤਰ ਪ੍ਰਣਾਲੀ ਜਾਂ ਦਿਮਾਗ਼ੀ ਪ੍ਰਣਾਲੀ ਠੀਕ ਰਹਿੰਦੀ ਹੈ। ਖੋਜਕਰਤਾਵਾਂ ਦਾ ਸੁਝਾਅ ਹੈ ਕਿ ਘਾਹ ਨਾਲ ਸਰੀਰਕ ਸੰਪਰਕ ਸਾਡੀ ਆਟੋਨੋਮਿਕ ਨਰਵਸ ਪ੍ਰਣਾਲੀ ਨੂੰ ਨਿਯਮਿਤ ਕਰਨ 'ਚ ਸਹਾਇਤਾ ਕਰਦਾ ਹੈ, ਜੋ ਸਰੀਰ ਦੇ ਤਾਪਮਾਨ ਨੂੰ ਨਿਯਮਿਤ ਕਰਦੀ ਹੈ। ਕੁੰਜੀ ਨਸ ਆਟੋਨੋਮਿਕ ਨਰਵਸ ਸਿਸਟਮ ਦੀ ਸਭ ਤੋਂ ਵੱਡੀ ਨਸ ਹੈ। ਘਾਹ 'ਤੇ ਨੰਗੇ ਪੈਰ ਤੁਰਨਾ ਸਾਡੀ ਇਸ ਨਸ ਨੂੰ ਤੰਦਰੁਸਤ ਰੱਖਦਾ ਹੈ।

ਨਜ਼ਰ

ਸਾਡੇ ਪੈਰਾਂ 'ਤੇ ਦਬਾਅ ਦਾ ਬਿੰਦੂ ਹੈ, ਜੋ ਮੰਨਿਆ ਜਾਂਦਾ ਹੈ ਕਿ ਸਾਡੀਆਂ ਅੱਖਾਂ ਦੀਆਂ ਨਾੜੀਆਂ ਨਾਲ ਜੁੜਿਆ ਹੋਇਆ ਹੈ। ਘਾਹ 'ਤੇ ਸਵੇਰੇ ਨੰਗੇ ਪੈਰ ਤੁਰਨਾ ਇਸ ਦਬਾਅ ਬਿੰਦੂ ਨੂੰ ਉਤੇਜਿਤ ਕਰਦਾ ਹੈ ਤੇ ਸਾਡੀ ਨਜ਼ਰ ਨੂੰ ਬਿਹਤਰ ਬਣਾ ਸਕਦਾ ਹੈ। ਘਾਹ 'ਤੇ ਸਵੇਰ ਦੀ ਤ੍ਰੇਲ ਅੱਖਾਂ ਨੂੰ ਸ਼ਾਂਤ ਕਰਦੀ ਹੈ, ਕਿਉਂਕਿ ਹਰਾ ਰੰਗ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਲਾਭਕਾਰੀ ਹੈ।

ਤਣਾਅ ਤੇ ਚਿੰਤਾ

ਘਾਹ 'ਤੇ ਨੰਗੇ ਪੈਰ ਤੁਰਨਾ ਤਣਾਅ ਤੇ ਚਿੰਤਾ ਨੂੰ ਘਟਾਉਂਦਾ ਹੈ। ਜਦੋਂ ਜ਼ਹਿਰੀਲੇ ਪਦਾਰਥ ਸਰੀਰ 'ਚ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ ਤਾਂ ਵਿਅਕਤੀ ਤਣਾਅ ਮਹਿਸੂਸ ਕਰਦਾ ਹੈ, ਜਿਸ ਨੂੰ ਕੋਰਟੀਸੋਲ ਹਾਰਮੋਨ ਕਹਿੰਦੇ ਹਨ। ਇਸ ਤਰ੍ਹਾਂ ਘਾਹ 'ਤੇ ਨੰਗੇ ਪੈਰ ਤੁਰਨਾ ਦਿਮਾਗ਼ 'ਚ ਬਿਜਲਈ ਗਤੀਵਿਧੀ ਨੂੰ ਬਦਲਦਾ ਹੈ, ਸਰੀਰਕ ਗਤੀਵਿਧੀਆਂ ਨੂੰ ਉਤਸ਼ਾਹਤ ਕਰਦਾ ਹੈ ਤੇ ਖ਼ੁਸ਼ੀ ਪੈਦਾ ਕਰਨ ਵਾਲੇ ਹਾਰਮੋਨ 'ਸੇਰੋਟੋਨਿਨ' ਨੂੰ ਸਰੀਰ 'ਚ ਵਧਾ ਕੇ ਤਣਾਅ ਨੂੰ ਘਟਾਉਂਦਾ ਹੈ।

ਨੀਂਦ ਨਾ ਆਉਣਾ

ਘਾਹ 'ਤੇ ਨੰਗੇ ਪੈਰ ਚੱਲਣ ਨਾਲ ਖ਼ੂਨ ਵਿਚ ਆਕਸੀਜਨ ਦੇ ਪੱਧਰ 'ਚ ਸੁਧਾਰ ਹੁੰਦਾ ਹੈ ਤੇ ਇਸ ਨਾਲ ਗੂੜ੍ਹੀ ਨੀਂਦ ਆਉਣ 'ਚ ਮਦਦ ਮਿਲਦੀ ਹੈ, ਕਿਉਂਕਿ ਧਰਤੀ ਦੀ ਸਤ੍ਹਾ ਨਾਲ ਸਰੀਰਕ ਸੰਪਰਕ ਤਣਾਅ ਪੈਦਾ ਕਰਨ ਵਾਲੇ ਹਾਰਮੋਨਜ਼ ਦੇ ਪੱਧਰ ਨੂੰ ਘਟਾਉਂਦਾ ਹੈ।

ਕੈਂਸਰ ਰੋਕੂ ਪ੍ਰਭਾਵ

ਘਾਹ 'ਤੇ ਨੰਗੇ ਪੈਰ ਚੱਲਣ ਨਾਲ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ। ਸਾਡਾ ਸਰੀਰ ਲਗਪਗ 70 ਫ਼ੀਸਦੀ ਪਾਣੀ ਤੋਂ ਬਣਿਆ ਹੈ। ਜਦੋਂ ਅਸੀਂ ਕੁਦਰਤੀ ਤੱਤਾਂ ਨਾਲ ਘਿਰੇ ਹੁੰਦੇ ਹਾਂ, ਸਾਡੇ ਸਾਰੇ ਸਰੀਰ ਦੇ ਸੈੱਲ ਵਧੇਰੇ ਚਾਲੂ ਤੇ ਜੀਵਤ ਹੋ ਜਾਂਦੇ ਹਨ। ਸਾਡੇ ਪੈਰ ਟ੍ਰਾਂਸਮੀਟਰ ਦਾ ਕੰਮ ਕਰਦੇ ਹਨ, ਜੋ ਸਾਡੀ ਚਮੜੀ ਦੁਆਰਾ ਇਲੈਕਟ੍ਰਾਨਾਂ ਨੂੰ ਜਜ਼ਬ ਕਰਦੇ ਹਨ। ਘਾਹ 'ਤੇ ਨੰਗੇ ਪੈਰ ਚੱਲਣ ਨਾਲ ਕੁੰਜੀ ਨਸਾਂ 'ਤੇ ਵੱਡਾ ਪ੍ਰਭਾਵ ਪੈਂਦਾ ਹੈ। ਦਿਲ, ਫੇਫੜੇ ਤੇ ਪਾਚਨ ਪ੍ਰਣਾਲੀ ਦੇ ਕਾਰਜਾਂ ਨੂੰ ਇਸ ਤੰਤੂ ਦੁਆਰਾ ਤੰਦਰੁਸਤ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਇਹ ਕੈਂਸਰ ਦੀ ਸੰਭਾਵਨਾ ਨੂੰ ਘਟਾਉਂਦੀ ਹੈ, ਕਿਉਂਕਿ ਘਾਹ 'ਤੇ ਨੰਗੇ ਪੈਰ ਚੱਲਣਾ ਇਕ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ।

ਦਿਲ ਦਾ ਦੌਰਾ

ਜਦੋਂ ਚਰਬੀ ਧਮਨੀਆਂ ਦੀਆਂ ਕੰਧਾਂ ਨਾਲ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦੀ ਹੈ ਤਾਂ ਦਿਲ ਦੇ ਦੌਰੇ ਦੀ ਸੰਭਾਵਨਾ ਵਧ ਜਾਂਦੀ ਹੈ। ਘਾਹ 'ਤੇ ਨੰਗੇ ਪੈਰ ਚੱਲਣ ਨਾਲ ਦਿਲ ਦਾ ਦੌਰਾ ਪੈਣ ਦੇ ਲੱਛਣ ਘੱਟ ਹੁੰਦੇ ਹਨ, ਕਿਉਂਕਿ ਲਾਲ ਲਹੂ ਦੇ ਸੈੱਲਾਂ ਦੀ ਸਤ੍ਹਾ ਇਕ ਨਕਾਰਾਤਮਕ ਇਲੈਕਟ੍ਰਿਕ ਚਾਰਜ ਲੈਂਦੀ ਹੈ, ਜੋ ਖ਼ੂਨ ਦੇ ਪ੍ਰਵਾਹ 'ਚ ਸੈੱਲਾਂ ਦੀ ਦੂਰੀ ਨੂੰ ਬਣਾਈ ਰੱਖਦੀ ਹੈ। ਨਕਾਰਾਤਮਕ ਚਾਰਜ ਜਿੰਨਾ ਮਜ਼ਬੂਤ ਹੁੰਦਾ ਹੈ, ਇਕ-ਦੂਜੇ ਨੂੰ ਦੂਰ ਕਰਨ ਲਈ ਸੈੱਲਾਂ ਦੀ ਵਧੇਰੇ ਸੰਭਾਵਨਾ ਹੁੰਦੀ ਹੈ।

ਸੋਜ਼ਿਸ਼

ਘਾਹ 'ਤੇ ਨੰਗੇ ਪੈਰ ਚੱਲਣਾ ਸਾਨੂੰ ਗਠੀਏ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਧਰਤੀ ਕੋਲ ਇਲੈਕਟ੍ਰਾਨਾਂ ਦੀ ਬੇਅੰਤ ਸਪਲਾਈ ਹੈ। ਇਸ ਲਈ ਜਦੋਂ ਕੋਈ ਵਿਅਕਤੀ ਘਾਹ 'ਤੇ ਨੰਗੇ ਪੈਰ ਤੁਰਦਾ ਹੈ, ਉਹ ਇਲੈਕਟ੍ਰੋਨ ਕੁਦਰਤੀ ਤੌਰ 'ਤੇ ਧਰਤੀ ਵਿਚ ਵਗਦੇ ਹਨ। ਇਸ ਪ੍ਰਕਾਰ ਇਹ ਸਰੀਰ ਤੋਂ ਜਲੂਣ ਨੂੰ ਘਟਾਉਂਦੇ ਹਨ।

ਸਿਹਤਮੰਦ ਪੈਰ

ਜਦੋਂ ਤੁਸੀਂ ਘਾਹ 'ਤੇ ਨੰਗੇ ਪੈਰ ਚੱਲਦੇ ਹੋ, ਤਾਂ ਪੈਰਾਂ ਦੀ ਚਮੜੀ ਖਿੱਚੀ ਜਾਂਦੀ ਹੈ। ਪੈਰਾਂ ਦੀਆਂ ਮਾਸਪੇਸ਼ੀਆਂ, ਲਿਗਾਮੈਂਟਸ ਤੇ ਨਸਾਂ ਵੀ ਮਜ਼ਬੂਤ ਹੁੰਦੀਆਂ ਹਨ। ਘਾਹ 'ਤੇ ਨੰਗੇ ਪੈਰ ਤੁਰਨ ਨਾਲ ਫਲੈਕਸਰ ਦੀ ਤਾਕਤ 'ਚ ਸੁਧਾਰ ਹੁੰਦਾ ਹੈ, ਜੋ ਉਨ੍ਹਾਂ ਲੋਕਾਂ ਲਈ ਫ਼ਾਇਦੇਮੰਦ ਹੈ, ਜਿਨ੍ਹਾਂ ਦੇ ਪੈਰ ਚਪਟੇ ਹੁੰਦੇ ਹਨ।

ਬਲੱਡ ਪ੍ਰੈਸ਼ਰ

ਜਦੋਂ ਚਰਬੀ ਨਾੜੀਆਂ ਦੀਆਂ ਅੰਦਰੂਨੀ ਦੀਵਾਰਾਂ ਨਾਲ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਵਿਅਕਤੀ ਹਾਈ ਬਲੱਡ ਪ੍ਰੈਸ਼ਰ ਦੇ ਲੱਛਣ ਮਹਿਸੂਸ ਕਰਦਾ ਹੈ। ਇਹ ਖ਼ਰਾਬ ਕਲੈਸਟਰੋਲ ਤੇ ਖ਼ੂਨ 'ਚ ਉੱਚ ਟ੍ਰਾਈਗਲਾਈਸਰਾਈਡ ਦੇ ਪੱਧਰ 'ਚ ਵੀ ਵਾਧੇ ਦਾ ਕਾਰਨ ਬਣਦਾ ਹੈ। ਘਾਹ 'ਤੇ ਨੰਗੇ ਪੈਰ ਚੱਲਣ ਨਾਲ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ। ਘਾਹ ਨਾਲ ਸਿੱਧਾ ਸਰੀਰਕ ਸੰਪਰਕ ਸਾਡੇ ਸਰੀਰ ਨੂੰ ਸਕਾਰਾਤਮਕ ਢੰਗ ਨਾਲ ਪ੍ਰਭਾਵਿਤ ਕਰਦਾ ਹੈ, ਕਿਉਂਕਿ ਧਰਤੀ ਦੀ ਸਤ੍ਹਾ 'ਤੇ ਇਕ ਨਕਾਰਾਤਮਕ ਚਾਰਜ ਹੈ ਤੇ ਨਿਰੰਤਰ ਇਲੈਕਟ੍ਰੋਨ ਪੈਦਾ ਕਰਦਾ ਹੈ, ਜੋ ਐਂਟੀ ਆਕਸੀਡੈਂਟਸ ਵਜੋਂ ਕੰਮ ਕਰਦੇ ਹਨ। ਘਾਹ ਨਾਲ ਸਿੱਧਾ ਸੰਪਰਕ ਸਾਡੇ ਦਿਲ ਦੀ ਲੈਅ ਨੂੰ ਨਿਯਮਿਤ ਰੱਖਦਾ ਹੈ ਤੇ ਖ਼ੂਨ ਦੇ ਪ੍ਰਵਾਅ ਨੂੰ ਬਿਹਤਰ ਬਣਾਉਂਦਾ ਹੈ।

ਯਾਦਦਾਸ਼ਤ ਵਧਾਉਣ 'ਚ ਕਾਰਗਰ

ਘਾਹ 'ਤੇ ਨੰਗੇ ਪੈਰ ਤੁਰਨਾ ਯਾਦਦਾਸ਼ਤ ਨੂੰ ਵਧਾਉਂਦਾ ਹੈ, ਕਿਉਂਕਿ ਤਾਜ਼ੀ ਹਵਾ ਫੇਫੜਿਆਂ 'ਚ ਦਾਖ਼ਲ ਹੁੰਦੀ ਹੈ। ਤਾਜ਼ੀ ਹਵਾ ਦਿਮਾਗ਼ ਨੂੰ ਆਕਸੀਜਨ ਦੀ ਸਪਲਾਈ ਕਰਦੀ ਹੈ। ਇਸ ਤਰ੍ਹਾਂ ਦਿਮਾਗ਼ ਕਿਰਿਆਸ਼ੀਲ ਹੁੰਦਾ ਹੈ ਤੇ ਯਾਦਦਾਸ਼ਤ ਵਧਦੀ ਹੈ।

Posted By: Harjinder Sodhi