ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਵਿਸ਼ਵ ਪਾਚਨ ਸਿਹਤ ਦਿਵਸ ਹਰ ਸਾਲ 29 ਮਈ ਨੂੰ ਮਨਾਇਆ ਜਾਂਦਾ ਹੈ, ਜਿਸ ਦੀ ਸ਼ੁਰੂਆਤ ਸਾਲ 2004 ਵਿਚ ਹੋਈ ਸੀ। ਵਿਸ਼ਵ ਪਾਚਨ ਸਿਹਤ ਦਿਵਸ 1958 ਵਿਚ ਵਿਸ਼ਵ ਗੈਸਟ੍ਰੋਐਂਟਰੋਲੋਜੀ ਸੰਗਠਨ ਦੀ ਸਥਾਪਨਾ ਦੀ ਵਰ੍ਹੇਗੰਢ ਨੂੰ ਮਨਾਉਣ ਵਜੋਂ ਮਨਾਇਆ ਜਾਂਦਾ ਹੈ। ਸਰੀਰ ਨੂੰ ਸਿਹਤਮੰਦ ਰੱਖਣ ਲਈ ਸਹੀ ਪਾਚਨ ਸਭ ਤੋਂ ਜ਼ਰੂਰੀ ਹੈ। ਖਰਾਬ ਪਾਚਨ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਪਾਚਨ ਪ੍ਰਣਾਲੀ ਸਰੀਰ ਦੇ ਸਭ ਤੋਂ ਮਹੱਤਵਪੂਰਨ ਕਾਰਜਾਂ ਵਿੱਚੋਂ ਇਕ ਹੈ ਅਤੇ ਇਹ 70 ਫ਼ੀਸਦੀ ਇਮਿਊਨਿਟੀ ਦਾ ਨਿਰਮਾਣ ਕਰਦਾ ਹੈ। ਇਸ ਲਈ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ਨੂੰ ਪਾਚਨ ਪ੍ਰਣਾਲੀ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਹੈ ਅਤੇ ਇਸ ਨੂੰ ਸੁਧਾਰਨ ਲਈ ਕੀ ਕਰਨਾ ਚਾਹੀਦਾ ਹੈ।
ਘਰ ਦਾ ਬਣਿਆ ਸਾਦਾ, ਘੱਟ ਤੇਲ, ਮਿਰਚ-ਮਸਾਲੇ ਵਾਲਾ ਭੋਜਨ ਹਰ ਤਰ੍ਹਾਂ ਨਾਲ ਸਭ ਤੋਂ ਵਧੀਆ ਹੁੰਦਾ ਹੈ ਪਰ ਪਾਚਨ ਕਿਰਿਆ ਨੂੰ ਸਹੀ ਰੱਖਣ ਵਿਚ ਕਸਰਤ ਦੀ ਵੀ ਵੱਡੀ ਭੂਮਿਕਾ ਹੁੰਦੀ ਹੈ। ਇਸ ਲਈ ਜੇ ਤੁਸੀਂ ਖਾਣਾ ਖਾਣ ਤੋਂ ਬਾਅਦ ਸਿਰਫ 10 ਮਿੰਟ ਸੈਰ ਕਰਨ ਦੀ ਆਦਤ ਬਣਾ ਲਓ ਤਾਂ ਤੁਸੀਂ ਗੈਸ, ਪੇਟ ਫੁੱਲਣਾ, ਐਸੀਡਿਟੀ ਵਰਗੀਆਂ ਕਈ ਸਮੱਸਿਆਵਾਂ ਤੋਂ ਦੂਰ ਰਹਿ ਸਕਦੇ ਹੋ।
ਖਾਣ ਤੋਂ ਬਾਅਦ ਸੈਰ ਕਰਨ ਦੇ ਕੀ ਹਨ ਫਾਇਦੇ ?
ਪਾਚਨ ਕਿਰਿਆ 'ਚ ਸੁਧਾਰ
ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨ ਨਾਲ ਭੋਜਨ ਨੂੰ ਆਸਾਨੀ ਨਾਲ ਪਚਣ 'ਚ ਮਦਦ ਮਿਲਦੀ ਹੈ। ਦੂਜੇ ਪਾਸੇ ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟਣ, ਸੋਫੇ 'ਤੇ ਬੈਠਣ ਨਾਲ ਗੈਸ, ਬਦਹਜ਼ਮੀ ਅਤੇ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ।
ਬਲੱਡ ਸ਼ੂਗਰ ਰਹਿੰਦੀ ਹੈ ਕੰਟਰੋਲ 'ਚ
ਖਾਣਾ ਖਾਣ ਤੋਂ ਬਾਅਦ ਥੋੜ੍ਹੀ ਜਿਹੀ ਸੈਰ ਕਰਨ ਨਾਲ ਵੀ ਬਲੱਡ ਸ਼ੂਗਰ ਨੂੰ ਕੰਟਰੋਲ ਵਿਚ ਰੱਖਿਆ ਜਾ ਸਕਦਾ ਹੈ। ਸਰੀਰਕ ਗਤੀਵਿਧੀ ਸਰੀਰ ਨੂੰ ਗਲੂਕੋਜ਼ ਦੀ ਸਹੀ ਵਰਤੋਂ ਕਰਨ ਵਿਚ ਮਦਦ ਕਰਦੀ ਹੈ, ਜਿਸ ਨਾਲ ਸ਼ੂਗਰ ਕੰਟਰੋਲ ਵਿਚ ਰਹਿੰਦੀ ਹੈ।
ਘੱਟ ਹੁੰਦਾ ਹੈ ਭਾਰ
ਭੋਜਨ ਤੋਂ ਬਾਅਦ ਸੈਰ ਕਰਨ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਸੈਰ ਕਰਨ ਨਾਲ ਕੈਲੋਰੀ ਬਰਨ ਹੁੰਦੀ ਹੈ। ਭੋਜਨ ਆਸਾਨੀ ਨਾਲ ਪਚ ਜਾਂਦਾ ਹੈ।
ਚੰਗੀ ਨੀਂਦ ਲਵੋ
ਸੈਰ ਕਰਨ ਨਾਲ ਭੋਜਨ ਜਲਦੀ ਪਚ ਜਾਂਦਾ ਹੈ, ਜਿਸ ਕਾਰਨ ਨੀਂਦ ਚੰਗੀ ਆਉਂਦੀ ਹੈ।
ਮਨ ਰਹਿੰਦਾ ਹੈ ਸ਼ਾਂਤ
ਪੇਟ ਦੀਆਂ ਸਮੱਸਿਆਵਾਂ ਨਾ ਹੋਣ 'ਤੇ ਮੂਡ ਵੀ ਠੀਕ ਰਹਿੰਦਾ ਹੈ ਅਤੇ ਤਣਾਅ ਵੀ ਦੂਰ ਹੁੰਦਾ ਹੈ। ਇਸ ਲਈ ਇਨ੍ਹਾਂ ਸਾਰੇ ਫਾਇਦਿਆਂ ਲਈ ਅੱਜ ਤੋਂ ਹੀ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਦੀ ਆਦਤ ਬਣਾਓ।
Posted By: Harjinder Sodhi