(ਪੀਟੀਆਈ) : ਕੋਰੋਨਾ ਵਾਇਰਸ ਤੇ ਸਰੀਰ 'ਚ ਮੌਜੂਦ ਬੈਕਟੀਰੀਆ (ਮਾਈਕ੍ਰੋਬਾਓਟਾ) ਮੋਟਾਪੇ ਤੇ ਡਾਇਬਟੀਜ਼ ਤੋਂ ਪੀੜਤ ਲੋਕਾਂ ਦੇ ਫੇਫੜਿਆਂ 'ਤੇ ਕਿਸ ਤਰ੍ਹਾਂ ਅਸਰ ਪਾਉਂਦਾ ਹੈ, ਇਸ 'ਤੇ ਇਕ ਨਵੀਂ ਖੋਜ ਸਾਹਮਣੇ ਆਈ ਹੈ। ਜਰਨਲ ਈ-ਲਾਈਫ 'ਚ ਪ੍ਰਕਾਸ਼ਿਤ ਇਕ ਅਧਿਐਨ 'ਚ ਕੋਰੋਨਾ ਨੂੰ ਮੋਟਾਪੇ ਤੇ ਡਾਇਬਟੀਜ਼ ਨਾਲ ਜੋੜਨ ਵਾਲੀ ਪ੍ਰਕਿਰਿਆ ਦਾ ਮੁਲਾਂਕਣ ਕੀਤਾ ਗਿਆ ਹੈ ਤੇ ਇਹ ਦੱਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਸਰੀਰ 'ਚ ਮੌਜੂਦ ਬੈਕਟੀਰੀਆ ਨਾਲ ਮਿਲ ਕੇ ਵਿਅਕਤੀ ਨੂੁੰ ਹੋਰ ਜ਼ਿਆਦਾ ਬਿਮਾਰ ਕਰ ਦਿੰਦਾ ਹੈ, ਜਿਸ ਕਾਰਨ ਮਰੀਜ਼ ਨੂੰ ਨਾ ਸਿਰਫ ਹਸਪਤਾਲ 'ਚ ਭਰਤੀ ਕਰਵਾਉਣਾ ਪੈਂਦਾ ਹੈ ਬਲਕਿ ਕਦੇ-ਕਦੇ ਉਸ ਨੂੰ ਵੈਂਟੀਲੇਟਰ 'ਤੇ ਵੀ ਰੱਖਣਾ ਪੈਂਦਾ ਹੈ। ਅਮਰੀਕਾ ਸਥਿਤ ਯੂਨੀਵਰਸਿਟੀ ਆਫ ਟੈਕਸਾਸ ਸਾਊਥ-ਵੈਸਟਰਨ ਮੈਡੀਕਲ ਸੈਂਟਰ ਨਾਲ ਸਬੰਧਤ ਤੇ ਅਧਿਐਨ ਦੇ ਸਹਿ-ਲੇਖਕ ਫਿਲਿਪ ਸਚੇਰੇਰ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਮੋਟਾਪੇ ਤੇ ਟਾਈਪ-2 ਡਾਇਬਟੀਜ਼ ਤੋਂ ਪੀੜਤ ਲੋਕਾਂ 'ਚ ਕੋਰੋਨਾ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਪਰ ਇਸ ਲਈ ਕਿਹੜਾ ਕਾਰਨ ਜ਼ਿੰਮੇਵਾਰ ਹੈ, ਇਸ ਦਾ ਪਤਾ ਨਹੀਂ।

ਖੋਜ ਦੌਰਾਨ ਵਿਗਿਆਨੀਆਂ ਨੇ ਉਨ੍ਹਾਂ ਕਾਰਕਾਂ 'ਤੇ ਦੁਬਾਰਾ ਗੌਰ ਕੀਤਾ ਜਿਨ੍ਹਾਂ ਨਾਲ ਮੋਟਾਪੇ ਤੇ ਡਾਇਬਟੀਜ਼ ਤੋਂ ਪੀੜਤ ਲੋਕਾਂ 'ਚ ਕੋਰੋਨਾ ਹੋਣ ਦਾ ਖ਼ਤਰਾ ਹੁੰਦਾ ਹੈ। ਵਿਗਿਆਨੀਆਂ ਮੁਤਾਬਕ ਪੂਰੀ ਪ੍ਰਕਿਰਿਆ ਨੂੰ ਮੋਟੇ ਤੌਰ 'ਤੇ ਦੋ ਸਮੂਹਾਂ 'ਚ ਵੰਡਿਆ ਜਾ ਸਕਦਾ ਹੈ। ਇਕ ਸਮੂਹ ਉਹ ਹੈ ਜੋ ਮਨੁੱਖੀ ਸੂਖਮ ਨਸਾਂ ਦੇ ਏਸੀਈ-2 ਰਿਸੈਪਟਰ ਨਾਲ ਜੁੜੇ ਹੁੰਦੇ ਹਨ ਤੇ ਕੋਰੋਨਾ ਤੇ ਪਹਿਲਾਂ ਤੋਂ ਮੌਜੂਦ ਬੈਕਟੀਰੀਆ ਵਿਚਾਲੇ ਸੰਪਰਕ ਸਥਾਪਿਤ ਕਰਦੇ ਹਨ। ਵਿਗਿਆਨੀਆਂ ਮੁਤਾਬਕ ਇਸ ਏਸੀਈ-2 ਰਿਸੈਪਟਰ ਸੂੁਖਮ ਨਸਾਂ ਦੀ ਸਤ੍ਹਾ 'ਤੇ ਰਹਿੰਦਾ ਹੈ ਤੇ ਵਾਇਰਸ ਇਸ ਦੀ ਵਰਤੋਂ ਮਨੁੱਖੀ ਕੋਸ਼ਿਕਾਵਾਂ ਦੇ ਅੰਦਰ ਪਹੁੰਚਣ ਲਈ ਕਰਦਾ ਹੈ।

ਵਿਗਿਆਨੀਆਂ ਨੇ ਕਿਹਾ ਕਿ ਮੋਟਾਪੇ ਤੇ ਡਾਇਬਟੀਜ਼ ਤੋਂ ਪੀੜਤ ਲੋਕਾਂ 'ਚ ਏਸੀਈ-2 ਦੀ ਗਿਣਤੀ ਵੱਧ ਜਾਂਦੀ ਹੈ ਜਿਸ ਨਾਲ ਵਾਇਰਸ ਦਾ ਕੋਸ਼ਿਕਾਵਾਂ 'ਚ ਜਾਣਾ ਸੌਖਾ ਹੋ ਜਾਂਦਾ ਹੈ ਤੇ ਵਾਇਰਸ ਲੋਡ ਵੱਧ ਜਾਂਦਾ ਹੈ। ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਫੇਫੜਿਆਂ ਸਬੰਧੀ ਬਿਮਾਰੀਆਂ ਲਈ ਸਰੀਰ 'ਚ ਮੌਜੂਦ ਮਾਈਕ੍ਰੋਬਾਓਟਾ ਵੀ ਜ਼ਿੰਮੇਵਾਰ ਹੋ ਸਕਦਾ ਹੈ। ਮਨੁੱਖੀ ਸਰੀਰ 'ਚ 100 ਟਿ੍ਲੀਅਨ ਤੋਂ ਵੱਧ ਬੈਕਟੀਰੀਆ ਹੋ ਸਕਦੇ ਹਨ। ਵਿਗਿਆਨੀ ਫਿਲਹਾਲ ਇਹ ਮੁਲਾਂਕਣ ਕਰਨ 'ਚ ਲੱਗੇ ਹਨ ਕਿ ਸਰੀਰ 'ਚ ਮੌਜੂਦ ਬੈਕਟੀਰੀਆ ਕੋਰੋਨਾ ਮਹਾਮਾਰੀ ਵਧਾਉਣ 'ਚ ਕਿਸ ਤਰ੍ਹਾਂ ਯੋਗਦਾਨ ਪਾਉਂਦੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਦੇ ਪਿੱਛੇ ਲਿਪੋਪਾਲੀਸੇਕੇਰਾਈਡ (ਐੱਲਪੀਐੱਸ) ਨਾਂ ਦਾ ਇਕ ਅਣੂ ਹੈ ਜੋ ਬੈਕਟੀਰੀਆ ਪੈਦਾ ਕਰਦੇ ਹਨ ਤੇ ਇਹੀ ਅਣੂ ਕੋਰੋਨਾ ਵਾਇਰਸ ਨਾਲ ਮਿਲ ਕੇ ਸੂਰਾਂ 'ਚ ਸਾਹ ਲੈਣ ਸਬੰਧੀ ਦਿੱਕਤਾਂ ਪੈਦਾ ਕਰਦੇ ਹਨ।