Kidney Stone Diet : ਜਦੋਂ ਗੁਰਦੇ ਦੀ ਪੱਥਰੀ ਬਣ ਜਾਂਦੀ ਹੈ ਤਾਂ ਦਰਦ ਅਤੇ ਉਲਝਣ ਦਾ ਪੱਧਰ ਵੱਧ ਜਾਂਦਾ ਹੈ। ਇਹ ਉਦੋਂ ਬਣਦੇ ਹਨ ਜਦੋਂ ਪਿਸ਼ਾਬ ਵਿੱਚ ਕੁਝ ਪਦਾਰਥ, ਜਿਵੇਂ ਕਿ ਕੈਲਸ਼ੀਅਮ, ਆਕਸਲੇਟ ਤੇ ਯੂਰਿਕ ਐਸਿਡ ਵਰਗੇ ਪਦਾਰਥ ਗਾੜ੍ਹੇ ਹੋ ਜਾਂਦੇ ਹਨ। ਇਹ ਕ੍ਰਿਸਟਲ ਇਕੱਠੇ ਮਿਲ ਕੇ ਪੱਥਰੀ ਬਣਾਉਂਦੇ ਹਨ। ਗੁਰਦੇ ਦੀਆਂ ਪੱਥਰੀਆਂ ਦਾ ਆਕਾਰ ਵੱਡੇ ਤੋਂ ਛੋਟੇ ਤੱਕ ਹੋ ਸਕਦਾ ਹੈ।
ਜਦੋਂ ਗੁਰਦੇ ਦੀ ਪੱਥਰੀ ਹੁੰਦੀ ਹੈ ਤਾਂ ਮਤਲੀ ਅਤੇ ਉਲਟੀਆਂ ਦੇ ਨਾਲ-ਨਾਲ ਪਿੱਠ, ਕਮਰ ਦੇ ਆਸ-ਪਾਸ ਤੇ ਪੇਟ ਦੇ ਹੇਠਲੇ ਹਿੱਸੇ ਵਿੱਚ ਦਰਦ ਦੇ ਲੱਛਣ ਵੀ ਸਾਹਮਣੇ ਆਉਣ ਲੱਗਦੇ ਹਨ। ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜਿਸ ਵਿਚ ਜੈਨੇਟਿਕਸ, ਖੁਰਾਕ ਤੇ ਘੱਟ ਪਾਣੀ ਪੀਣਾ ਸ਼ਾਮਲ ਹਨ।
ਗੁਰਦੇ ਦੀ ਪੱਥਰੀ ਹੋਣ 'ਤੇ ਖੁਰਾਕ ਦੀ ਮਾਤਰਾ ਵੱਲ ਧਿਆਨ ਦਿਓ
ਗੁਰਦੇ ਦੀ ਪੱਥਰੀ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੈ ਸਿਹਤਮੰਦ ਖੁਰਾਕ ਦਾ ਪਾਲਣ ਕਰਨਾ। ਜੇਕਰ ਤੁਹਾਡੇ ਗੁਰਦੇ ਵਿੱਚ ਪੱਥਰੀ ਹੈ ਤਾਂ ਤੁਹਾਨੂੰ ਇੱਕ ਖਾਸ ਖੁਰਾਕ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ ਤਾਂ ਜੋ ਜ਼ਿਆਦਾ ਪੱਥਰੀਆਂ ਨਾ ਬਣਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਜੋ ਖਾਂਦੇ ਹੋ ਉਸ ਦੀ ਅਤਿ ਨਾ ਕਰੋ ਤੇ ਸੰਤੁਲਿਤ ਖੁਰਾਕ ਲਓ।
ਗੁਰਦੇ ਦੀ ਪੱਥਰੀ ਹੋਣ 'ਤੇ ਕੀ ਖਾਈਏ ?
- ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ, ਇਸ ਲਈ ਪਾਣੀ ਦੇ ਨਾਲ ਹੋਰ ਤਰਲ ਪਦਾਰਥ ਵੀ ਲਓ। ਹਰ ਰੋਜ਼ 2 ਤੋਂ 3 ਲੀਟਰ ਪਾਣੀ ਪੀਓ। ਜੇ ਤੁਸੀਂ ਗਰਮ ਜਗ੍ਹਾ 'ਤੇ ਰਹਿੰਦੇ ਹੋ ਅਤੇ ਜ਼ਿਆਦਾ ਐਕਟਿਵ ਹੋ ਤਾਂ ਜ਼ਿਆਦਾ ਪਾਣੀ ਪੀਓ।
- ਨਾਲ ਹੀ ਕੈਲਸ਼ੀਅਮ ਦੀ ਚੰਗੀ ਮਾਤਰਾ ਲਓ। ਇਸ ਲਈ ਡੇਅਰੀ ਉਤਪਾਦ, ਹਰੀਆਂ ਪੱਤੇਦਾਰ ਸਬਜ਼ੀਆਂ। ਜੇਕਰ ਤੁਸੀਂ ਘੱਟ ਕੈਲਸ਼ੀਅਮ ਲੈਂਦੇ ਹੋ ਤਾਂ ਇਸ ਨਾਲ ਪਿਸ਼ਾਬ ਵਿੱਚ ਆਕਸਲੇਟ ਦੀ ਮਾਤਰਾ ਵਧ ਜਾਵੇਗੀ।
- ਲੂਣ ਅਤੇ ਮੀਟ ਦੇ ਸੇਵਨ ਨੂੰ ਵੀ ਕੰਟਰੋਲ ਕਰੋ। ਇਸ ਦੇ ਲਈ ਫਲ, ਸਬਜ਼ੀਆਂ, ਸਾਬਤ ਅਨਾਜ ਤੇ ਲੀਨ ਪ੍ਰੋਟੀਨ ਨਾਲ ਭਰਪੂਰ ਖੁਰਾਕ ਲਓ।
- ਪ੍ਰੋਸੈਸਡ ਫੂਡ, ਵਾਧੂ ਚੀਨੀ ਤੇ ਸੈਚੁਰੇਟਿਡ ਫੈਟ ਦੇ ਸੇਵਨ ਤੋਂ ਬਚੋ।
ਕੀ ਨਹੀਂ ਖਾਣਾ ਚਾਹੀਦਾ?
- ਮਾਸਾਹਾਰੀ ਭੋਜਨ ਦੇ ਨਾਲ-ਨਾਲ ਮਠਿਆਈਆਂ ਤੇ ਕੈਫੀਨ ਦਾ ਸੇਵਨ ਘੱਟ ਕਰੋ। ਮਾਸਾਹਾਰੀ ਭੋਜਨ ਜਿਵੇਂ ਕਿ ਲਾਲ ਮੀਟ, ਪਿਸ਼ਾਬ ਵਿੱਚ ਯੂਰਿਕ ਐਸਿਡ ਦਾ ਪੱਧਰ ਵਧਾਉਂਦਾ ਹੈ ਜਿਸ ਨਾਲ ਗੁਰਦੇ ਦੀ ਪੱਥਰੀ ਬਣ ਸਕਦੀ ਹੈ। ਮਠਿਆਈਆਂ ਤੇ ਕੈਫੀਨ ਪਿਸ਼ਾਬ ਵਿਚ ਕੈਲਸ਼ੀਅਮ ਦੀ ਮਾਤਰਾ ਨੂੰ ਵਧਾਉਂਦੇ ਹਨ, ਜਿਸ ਨਾਲ ਗੁਰਦਿਆਂ ਵਿਚ ਕੈਲਸ਼ੀਅਮ ਪੱਥਰੀ ਬਣ ਜਾਂਦੀ ਹੈ।
- ਸ਼ਰਾਬ ਦਾ ਸੇਵਨ ਵੀ ਨਿਯੰਤਰਣ ਵਿੱਚ ਹੋਣਾ ਚਾਹੀਦਾ ਹੈ, ਕਿਉਂਕਿ ਇਹ ਸਰੀਰ ਵਿੱਚ ਪਾਣੀ ਦਾ ਪੱਧਰ ਘਟਾਉਂਦੀ ਹੈ ਜਿਸ ਨਾਲ ਗੁਰਦੇ ਦੀ ਪੱਥਰੀ ਬਣ ਜਾਂਦੀ ਹੈ।
ਜ਼ਰੂਰਤ ਤੋਂ ਜ਼ਿਆਦਾ ਹਰੀਆਂ ਪੱਤੇਦਾਰ ਸਬਜ਼ੀਆਂ ਨਾ ਖਾਓ
ਗੁਰਦੇ ਦੀ ਪੱਥਰੀ ਦੀ ਸਥਿਤੀ ਵਿਚ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਸਹੀ ਮਾਤਰਾ ਵਿੱਚ ਕਰਨਾ ਚਾਹੀਦਾ ਹੈ ਜੋ ਕਿ ਆਕਸਲੇਟ ਨਾਲ ਭਰਪੂਰ ਹੁੰਦੀਆਂ ਹਨ। ਪਾਲਕ ਅਤੇ ਪਿਆਜ਼ ਵਰਗੀਆਂ ਜ਼ਿਆਦਾ ਸਬਜ਼ੀਆਂ ਨਾ ਖਾਓ ਕਿਉਂਕਿ ਇਸ ਨਾਲ ਪੱਥਰੀ ਜ਼ਿਆਦਾ ਹੋ ਸਕਦੀ ਹੈ।
Posted By: Seema Anand