ਹਰ ਵਿਅਕਤੀ ਦੇ ਪੇਟ 'ਚ ਕਈ ਤਰ੍ਹਾਂ ਦੀਆਂ ਗੈਸਾਂ ਬਣਦੀਆਂ ਹਨ। ਇਨ੍ਹਾਂ ਦਾ ਸਿਹਤ 'ਤੇ ਵੱਖ-ਵੱਖ ਅਸਰ ਵੀ ਪੈਂਦਾ ਹੈ। ਹੁਣ ਵਿਗਿਆਨੀਆਂ ਨੇ ਇਕ ਅਜਿਹਾ ਕੈਪਸੂਲ ਤਿਆਰ ਕੀਤਾ ਹੈ, ਜੋ ਪੇਟ 'ਚ ਜਾ ਕੇ ਪਤਾ ਲਗਾਏਗਾ ਕਿ ਉੱਥੇ ਕਿਹੜੀ ਕਿਹੜੀ ਗੈਸ ਮੌਜੂਦ ਹੈ। ਪੇਟ 'ਚ ਮੌਜੂਦ ਗੈਸਾਂ ਦੀ ਜਾਣਕਾਰੀ ਨਾਲ ਸਮਾਂ ਰਹਿੰਦੇ ਸਿਹਤ ਦੀਆਂ ਕਈ ਸਮੱਸਿਆਵਾਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਸ ਦੇ ਵਿਗਿਆਨੀਆਂ ਨੇ ਦੱਸਿਆ ਕਿ ਇਸ ਨਾਲ ਇਹ ਜਾਣਨਾ ਸੰਭਵ ਹੋਵੇਗਾ ਕਿ ਸਾਡੀ ਸਿਹਤ ਲਈ ਕਿਹੜੀ ਗੈਸ ਕਿੰਨੀ ਅਹਿਮ ਹੈ। ਆਮ ਤੌਰ 'ਤੇ ਪੇਟ 'ਚ ਨਾਈਟ੍ਰੋਜਨ, ਆਕਸੀਜਨ, ਕਾਰਬਨ ਡਾਈ ਆਕਸਾਈਡ, ਹਾਈਡ੍ਰੋਜਨ ਤੇ ਮੀਥੇਨ ਗੈਸਾਂ ਹੁੰਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕੁਝ ਗੈਸਾਂ ਵੱਖ-ਵੱਖ ਬਿਮਾਰੀਆਂ ਦਾ ਸੰਕੇਤ ਵੀ ਹੁੰਦੀਆਂ ਹਨ। ਇੱਥੋਂ ਤਕ ਕਿ ਪੇਟ 'ਚ ਬਣਨ ਵਾਲੀ ਗੈਸ ਦੀ ਮਦਦ ਨਾਲ ਅੰਤੜੀਆਂ ਦੇ ਕੈਂਸਰ ਦਾ ਵੀ ਅਨੁਮਾਨ ਲੱਗ ਸਕਦਾ ਹੈ। ਇਹ ਕੈਪਸੂਲ ਵਾਇਰਲੈੱਸ ਰਿਸੀਵਰ ਵਾਂਗ ਕੰਮ ਕਰਦਾ ਹੈ ਤੇ ਡਾਟਾ ਕਲਾਊਡ ਸਿਸਟਮ 'ਤੇ ਭੇਜ ਦਿੰਦਾ ਹੈ।

Posted By: Sarabjeet Kaur