ਸਾਫਟ ਡਰਿੰਕ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਨ ਵਾਲੇ ਲੋਕ ਸੰਭਲ ਜਾਣ। ਇਕ ਅਧਿਐਨ ਨੇ ਬਾਲਿਗਾਂ 'ਚ ਮੋਟਾਪੇ ਤੇ ਦੰਦਾਂ ਦੀ ਸਮੱਸਿਆ ਟੁੱਥ ਵਿਅਰ ਲਈ ਮਿੱਠੇ ਸਾਫਟ ਡਰਿੰਕ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਟੁੱਥ ਵਿਅਰ 'ਚ ਦੰਦਾਂ ਦੀ ਉੱਪਰੀ ਪਰਤ ਖੁਰਨ ਦੇ ਕਾਰਨ ਪਤਲੀ ਹੋ ਜਾਂਦੀ ਹੈ। ਇਹ ਬਹੁਤ ਆਮ ਸਮੱਸਿਆ ਹੈ।

ਕਿੰਗਜ਼ ਕਾਲਜ ਲੰਡਨ ਦੇ ਖੋਜਕਰਤਾਵਾਂ ਨੇ ਜ਼ਿਆਦਾ ਵਜ਼ਨ ਜਾਂ ਮੋਟਾਪੇ ਨਾਲ ਪੀੜਤ ਲੋਕਾਂ ਦਾ ਸਬੰਧ ਟੁੱਥ ਵਿਅਰ ਦੀ ਸਮੱਸਿਆ ਤੋਂ ਪਾਇਆ। ਉਨ੍ਹਾਂ ਇਹ ਪਾਇਆ ਕਿ ਮੋਟਾਪੇ ਨਾਲ ਪੀੜਤ ਲੋਕਾਂ 'ਚ ਦੰਦਾਂ ਦੇ ਖੁਰਨ ਦਾ ਮੁੱਖ ਕਾਰਨ ਸਾਫਟ ਡਰਿੰਕਸ ਦਾ ਵਧਦਾ ਇਸਤੇਮਾਲ ਹੋ ਸਕਦਾ ਹੈ। ਇਹ ਸਿੱਟਾ 3,541 ਲੋਕਾਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਕੱਢਿਆ ਗਿਆ ਹੈ। ਇਸ ਅਧਿਐਨ 'ਚ ਲੋਕਾਂ ਦੇ ਬਾਡੀ ਮਾਸ ਇੰਡੈਕਸ (ਬੀਐੱਮਆਈ) ਤੇ ਸਾਫਟ ਡਰਿੰਕ ਵਰਗੀਆਂ ਸ਼ੂਗਰ-ਸਵੀਡੈਂਟ ਐਸਿਡਿਕ ਦੇ ਇਸਤੇਮਾਲ 'ਤੇ ਗੌਰ ਕੀਤਾ ਗਿਆ। ਕਿੰਗਜ਼ ਕਾਲਜ ਲੰਡਨ ਦੇ ਪ੍ਰਮੁੱਖ ਖੋਜਕਰਤਾ ਡਾ. ਸਾਓਰਸ ਓਟੂਲ ਨੇ ਕਿਹਾ, 'ਕਾਰਬੋਨੇਟਿਡ ਡਰਿੰਕਸ ਤੇ ਐਸਿਡਿਕ ਫਰੂਟ ਜੂਸ ਵਰਗੇ ਕੁਝ ਡਰਿੰਕਸ ਦੇ ਅਮਲੀ ਪ੍ਰਭਾਵ ਦੇ ਕਾਰਨ ਟੁੱਥ ਵਿਅਰ ਦੀ ਸਮੱਸਿਆ ਹੋ ਸਕਦੀ ਹੈ।' (ਏਐੱਨਆਈ)

Posted By: Sarabjeet Kaur