ਖੋਜਕਰਤਾਵਾਂ ਦਾ ਕਹਿਣਾ ਹੈ ਕਿ ਸਾਧਾਰਨ ਖ਼ੂਨ ਦੀ ਜਾਂਚ ਨਾਲ ਦਿਲ ਦੇ ਰੋਗ ਦੇ ਖ਼ਤਰੇ ਦੀ ਪਹਿਚਾਣ ਕਰਨ ਵਿਚ ਮਦਦ ਮਿਲ ਸਕਦੀ ਹੈ। ਇਸ ਨਾਲ ਸਮਾਂ ਰਹਿੰਦਿਆਂ ਇਸ ਬਿਮਾਰੀ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਅਮਰੀਕਨ ਕਾਲਜ ਆਫ਼ ਕਾਰਡੀਓਲਾਜੀ ਮੈਗ਼ਜ਼ੀਨ ਵਿਚ ਛਪੇ ਅਧਿਐਨ ਅਨੁਸਾਰ, ਖ਼ੂਨ ਵਿਚ ਉੱਚ ਪੱਧਰ 'ਤੇ ਐਮੀਲਾਈਡ ਬੀਟਾ ਦਾ ਪਾਇਆ ਜਾਣਾ ਦਿਲ ਦੇ ਰੋਗ ਦਾ ਸੰਕੇਤ ਹੋ ਸਕਦਾ ਹੈ। ਐਮੀਲਾਈਡ ਬੀਟਾ ਦਾ ਸੰਬੰਧ ਭੁੱਲਣ ਦੀ ਬਿਮਾਰੀ ਅਲਜਾਈਮਰ ਨਾਲ ਵੀ ਹੁੰਦਾ ਹੈ। ਹੁਣ ਇਹ ਪਾਇਆ ਗਿਆ ਹੈ ਕਿ ਨਾੜੀਆਂ ਦੇ ਮੋਟੇ ਹੋਣ, ਹਾਰਟ ਫੇਲ੍ਹ ਹੋਣ ਤੇ ਦਿਲ ਦੇ ਰੋਗ ਵਿਚ ਇਸਦੀ ਭੂਮਿਕਾ ਹੋ ਸਕਦੀ ਹੈ। ਉਨ੍ਹਾਂ ਨੇ ਇਹ ਸਿੱਟਾ 6600 ਤੋਂ ਜ਼ਿਆਦਾ ਰੋਗੀਆਂ ਦੇ ਖ਼ੂਨ ਦੇ ਨਮੂਨਿਆਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਕੱਿਢਆ ਹੈ। ਬਰਤਾਨੀਆ ਦੀ ਨਿਊਕੈਸਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਉਮੀਦ ਪ੍ਰਗਟਾਈ ਹੈ ਕਿ ਇਸ ਖੋਜ ਨਾਲ ਇਕ ਅਜਿਹੀ ਆਸਾਨ ਖ਼ੂਨ ਜਾਂਚ ਦੇ ਵਿਕਾਸ ਦੀ ਰਾਹ ਖੁੱਲ੍ਹ ਸਕਦੀ ਹੈ, ਜਿਸ ਦੀ ਵਰਤੋਂ ਨਾਲ ਦਿਲ ਦੇ ਰੋਗ ਤੋਂ ਜ਼ਿਆਦਾ ਖ਼ਤਰੇ ਵਾਲੇ ਲੋਕਾਂ ਦੀ ਪਹਿਚਾਣ ਕੀਤੀ ਜਾ ਸਕਦੀ ਹੈ।