ਕੋਰੋਨਾ ਵਾਇਰਸ (ਕੋਵਿਡ-19) ਇਨਫੈਕਸ਼ਨ ਨੂੰ ਲੈ ਕੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ਦਾ ਦਾਅਵਾ ਹੈ ਕਿ ਗੰਭੀਰ ਰੂਪ ਤੋਂ ਇਨਫੈਕਟਿਡ ਹੋਣ ਵਾਲੇ ਲੋਕਾਂ 'ਚ ਇਹ ਖ਼ਤਰਨਾਕ ਵਾਇਰਸ 20 ਦਿਨਾਂ ਤਕ ਰਹਿ ਸਕਦਾ ਹੈ। ਇਸ ਦੌਰਾਨ ਅਜਿਹੇ ਲੋਕਾਂ ਤੋਂ ਇਨਫੈਕਸ਼ਨ ਦਾ ਖ਼ਤਰਾ ਬਣਿਆ ਰਹਿ ਸਕਦਾ ਹੈ ਜਦਕਿ ਹਲਕੇ ਜਾਂ ਬਿਨਾਂ ਲੱਛਣ ਵਾਲੇ ਕੋਰੋਨਾ ਪੀੜਤਾਂ 'ਚ ਇਹ ਇਨਫੈਕਸ਼ਨ ਨੌਂ ਦਿਨਾਂ ਤੋਂ ਜ਼ਿਆਦਾ ਨਹੀਂ ਰਹਿ ਸਕਦਾ।

ਅਮਰੀਕਾ ਦੇ ਓਰੇਗਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ (ਓਐੱਚਐੱਸਯੂ) ਦੇ ਖੋਜਕਰਤਾਵਾਂ ਨੇ ਦਰਜਨਾਂ ਅਧਿਐਨਾਂ ਦੀ ਸਮੀਖਿਆ ਦੇ ਆਧਾਰ 'ਤੇ ਕਿਹਾ ਕਿ ਗੰਭੀਰ ਰੂਪ ਤੋਂ ਇਨਫੈਕਟਿਡ ਲੋਕਾਂ 'ਚ ਇਹ ਵਾਇਰਸ ਲੰਬੇ ਸਮੇਂ ਤਕ ਰਹਿ ਸਕਦਾ ਹੈ। ਇਹ ਸਿੱਟਾ ਦੁਨੀਆ ਭਰ 'ਚ ਕੀਤੇ ਗਏ 77 ਅਧਿਐਨਾਂ ਦੀ ਸਮੀਖਿਆ ਦੇ ਆਧਾਰ 'ਤੇ ਕੱਿਢਆ ਗਿਆ ਹੈ। ਇਸ ਅਧਿਐਨ ਨਾਲ ਜੁੜੀਆਂ ਓਐੱਚਐੱਸਯੂ ਦੀ ਅਸਿਸਟੈਂਟ ਪ੍ਰਰੋਫੈਸਰ ਮੋਨਿਕਾ ਸਿੱਕਾ ਨੇ ਕਿਹਾ, 'ਅਧਿਐਨਾਂ ਦੀ ਸਮੀਖਿਆ ਤੋਂ ਜ਼ਾਹਿਰ ਹੁੰਦਾ ਹੈ ਕਿ ਲੋਕਾਂ 'ਚ ਇਕ ਲੰਬੀ ਮਿਆਦ ਤਕ ਵਾਇਰਸ ਰਹਿ ਸਕਦਾ ਹੈ। ਇਸ ਦੌਰਾਨ ਅਜਿਹੇ ਲੋਕ ਇਨਫੈਕਟਿਡ ਹੋ ਸਕਦੇ ਹਨ।'

ਪੀੜਤਾਂ 'ਚ ਕਿਡਨੀ ਸਮੱਸਿਆ ਨੂੰ ਸਮਝ ਸਕਦਾ ਹੈ ਏਆਈ

ਖੋਜਕਰਤਾਵਾਂ ਨੇ ਇਕ ਨਵਾਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਸਿਸਟਮ ਲੱਭਿਆ ਹੈ। ਇਸ ਦੀ ਮਦਦ ਨਾਲ ਡਾਕਟਰ ਕੋਰੋਨਾ ਪੀੜਤਾਂ 'ਚ ਐਕਿਊਟ ਕਿਡਨੀ ਇੰਜਰੀ (ਏਕੇਆਈ) ਦੇ ਖ਼ਤਰੇ ਨੂੰ ਸਮਝ ਸਕਦੇ ਹਨ। ਏਕੇਆਈ 'ਚ ਅਚਾਨਕ ਕਿਡਨੀ ਫੇਲ੍ਹ ਹੋ ਸਕਦੀ ਹੈ। ਕੋਰੋਨਾ ਇਨਫੈਕਸ਼ਨ ਦੇ ਕਾਰਨ ਇਹ ਖ਼ਤਰਾ ਪਾਇਆ ਜਾ ਰਿਹਾ ਹੈ।

ਅਮਰੀਕਾ ਦੇ ਮਾਊਂਟ ਸਿਨਾਈ ਹੈਲਥ ਸਿਸਟਮ ਦੇ ਖੋਜਕਰਤਾਵਾਂ ਮੁਤਾਬਕ ਕੋਰੋਨਾ ਰੋਗੀਆਂ 'ਤੇ ਅਜ਼ਮਾਈ ਗਈ ਇਹ ਤਕਨੀਕ ਏਕੇਆਈ ਦੇ ਖ਼ਤਰੇ ਦਾ ਅਨੁਮਾਨ ਲਗਾਉਣ 'ਚ ਖਰੀ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਰਿਪੋਰਟ ਤੋਂ ਸੰਕੇਤ ਮਿਲੇ ਹਨ ਕਿ ਕੋਰੋਨਾ ਰੋਗੀਆਂ 'ਚ ਐਕਿਊਟ ਕਿਡਨੀ ਇੰਜਰੀ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਇਹ ਸਿੱਟਾ ਹਸਪਤਾਲਾਂ 'ਚ ਦਾਖ਼ਲ ਕੀਤੇ ਗਏ ਤਿੰਨ ਹਜ਼ਾਰ ਤੋਂ ਜ਼ਿਆਦਾ ਕੋਰੋਨਾ ਰੋਗੀਆਂ 'ਤੇ ਕੀਤੇ ਗਏ ਅਧਿਐਨ ਦੇ ਆਧਾਰ 'ਤੇ ਕੱਿਢਆ ਗਿਆ ਹੈ।