ਹਿਊਸਟਨ (ਏਜੰਸੀ) : ਵਿਗਿਆਨੀਆਂ ਨੇ ਇਕ ਅਜਿਹਾ ਫਿਲਟਰ ਬਣਾਉਣ ਦਾ ਦਾਅਵਾ ਕੀਤਾ ਹੈ ਜਿਹੜਾ ਹਵਾ 'ਚ ਨੋਵਲ ਵਾਇਰਸ ਨੂੰ ਫੜ ਕੇ ਵਾਇਰਸ ਨੂੰ ਫ਼ੌਰੀ ਤੌਰ 'ਤੇ ਖ਼ਤਮ ਕਰ ਦਿੰਦਾ ਹੈ। ਵਿਗਿਆਨੀ ਦੀ ਇਸ ਕਾਢ ਨਾਲ ਬੰਦ ਥਾਵਾਂ ਜਿਵੇਂ ਸਕੂਲਾਂ, ਹਸਪਤਾਲਾਂ ਤੋਂ ਇਲਾਵਾ ਜਹਾਜ਼ਾਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ 'ਚ ਮਦਦ ਮਿਲ ਸਕਦੀ ਹੈ।

ਜਰਨਲ ਮੈਟਰੀਅਲਜ਼ ਟੁਡੇ ਫਿਜੀਕਸ 'ਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਇਸ ਏਅਰ ਫਿਲਟਰ ਨੇ ਆਪਣੇ 'ਚੋਂ ਲੰਘਣ ਵਾਲੀ ਹਵਾ 'ਚ ਇਕ ਵਾਰ 'ਚ 99.8 ਫ਼ੀਸਦੀ ਨੋਵਲ ਕੋਰੋਨਾ ਵਾਇਰਸ ਨੂੰ ਖ਼ਤਮ ਕਰ ਦਿੱਤਾ।

ਅਧਿਐਨ 'ਚ ਕਿਹਾ ਗਿਆ ਹੈ ਕਿ ਇਸ ਯੰਤਰ ਨੂੰ ਕਾਰੋਬਾਰੀ ਰੂਪ 'ਚ ਉਪਲਬਧ ਨਿਕਲ ਫੋਮ ਨੂੰ 200 ਡਿਗਰੀ ਸੈਲਸੀਅਤ ਤਕ ਗਰਮ ਕਰ ਕੇ ਬਣਾਇਆ ਗਿਆ ਹੈ। ਇਸ ਨੇ ਮਾਰੂ ਜੀਵਾਣੂ ਬੈਸਿਲਸ ਐਂਥਰੈਕਸ ਦੇ 99.9 ਫ਼ੀਸਦੀ ਬੀਜਾਣੂ ਨਸ਼ਟ ਕਰ ਦਿੱਤੇ। ਬੈਸਿਲਸ ਐਂਥਰੇਸਿਸ ਤੋਂ ਐਂਥਰੈਕਸ ਬਿਮਾਰੀ ਹੁੰਦੀ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਹਿਊਸਟਨ (ਯੂਐੱਚ) ਦੇ ਅਧਿਆਨ 'ਚ ਸ਼ਾਮਿਲ ਝਿਫੇਂਗ ਰੇਨ ਨੇ ਕਿਹਾ ਕਿ ਇਹ ਫਿਲਟਰ ਹਵਾਈ ਅੱਡਿਆਂ ਤੇ ਜਹਾਜ਼ਾਂ 'ਚ, ਦਫ਼ਤਰ ਭਵਨਾਂ, ਸਕੂਲਾਂ ਤੇ ਕਰੂਜ਼ ਜਹਾਜ਼ਾਂ 'ਚ ਕੋਵਿਡ-19 ਨੂੰ ਫੈਲਣ ਤੋਂ ਰੋਕਣ 'ਚ ਮਦਦਗਾਰ ਸਾਬਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ 'ਚ ਮਦਦ ਕਰਨ ਦੀ ਇਸ ਦੀ ਸਮਰੱਥਾ ਸਮਾਜ ਲਈ ਬਹੁਤ ਮਦਦਗਾਰ ਸਾਬਿਤ ਹੋ ਸਕਦੀ ਹੈ।

ਵਿਗਿਆਨੀਆਂ ਮੁਤਾਬਕ ਕਿਉਂਕਿ ਇਹ ਵਾਇਰਸ ਹਵਾ 'ਚ ਕਰੀਬ ਤਿੰਨ ਘੰਟੇ ਤਕ ਰਹਿ ਸਕਦਾ ਹੈ ਤਾਂ ਇਕ ਅਜਿਹਾ ਫਿਲਟਰ ਬਣਆਉਣ ਦੀ ਯੋਜਨਾ ਸੀ ਜਿਹੜੀ ਇਸ ਨੂੰ ਖ਼ਤਮ ਕਰ ਦੇਵੇ ਤੇ ਦੁਨੀਆ ਭਰ 'ਚ ਦੋਬਾਰਾ ਕੰਮਕਾਜ ਸ਼ੁਰੂ ਕਰਨ ਕਾਰਨ ਉਨ੍ਹਾਂ ਦਾ ਮੰਨਣਾ ਹੈ ਕਿ ਬੰਦ ਥਾਵਾਂ 'ਤੇ ਵਾਇਰਸ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ।

ਰੇਨ ਨੇ ਕਿਹਾ ਕਿ ਨਿਕਲ ਫੋਲ ਕਈ ਅਹਿਮ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਅਧਿਐਨ ਕਰਤਾਵਾਂ ਨੇ ਇਕ ਬਿਆਨ 'ਚ ਕਿਹਾ ਕਿ ਇਹ ਸੁਰਾਖ ਵਾਲਾ ਹੈ ਜਿਸ ਤੋਂ ਹਵਾ ਪ੍ਰਵਾਹਿਤ ਹੁੰਦੀ ਹੈ ਤੇ ਬਿਜਲੀ ਸੁਚਾਲਕ ਵੀ ਹੈ ਜਿਸ ਨੇ ਇਸ ਨੂੰ ਗਰਮ ਹੋਣ ਦਿੱਤਾ। ਇਹ ਲਚੀਲਾ ਵੀ ਹੈ। ਅਧਿਐਨ ਕਰਤਾਵਾਂ ਨੇ ਪੜਾਅਵਾਰ ਤਰੀਕੇ ਨਾਲ ਇਹ ਯੰਤਰ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।

Posted By: Rajnish Kaur