ਕੋਰੋਨਾ ਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ’ਚ ਲਿਆ। ਹਾਲਾਂਕਿ ਜ਼ਿਆਦਾਤਰ ਲੋਕਾਂ ’ਚ ਇਸ ਦੇ ਹਲਕੇ ਲੱਛਣ ਪਾਏ ਗਏ। ਆਮ ਤੌਰ ’ਤੇ ਬਜ਼ੁਰਗਾਂ ਤੇ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ’ਚ ਕੋਰੋਨਾ ਦੀ ਰਿਕਵਰੀ ਤੋਂ ਬਾਅਦ ਵੀ ਕੋਵਿਡ ਦੇ ਪ੍ਰਭਾਵ ਦੇਖਣ ਨੂੰ ਮਿਲੇ ਹਨ। ਸਿਹਤ ਮਾਹਿਰਾਂ ਦੀ ਮੰਨੀਏ ਤਾਂ ਲਾਗ ਪ੍ਰਭਾਵਿਤ ਮਰੀਜ਼ਾਂ ਦੇ ਹਰ ਅੰਗ ’ਤੇ ਇਸ ਦਾ ਮਾੜਾ ਅਸਰ ਪੈ ਸਕਦਾ ਹੈ। ਕਈ ਮਾਮਲਿਆਂ ’ਚ ਲਾਗ ਤੋਂ ਠੀਕ ਹੋਣ ਤੋਂ ਬਾਅਦ ਵੀ ਆਮ ਲੱਛਣ ਦਿਖਾਈ ਦਿੱਤੇ ਹਨ। ਇਸ ਨੂੰ ਹੀ ‘ਪੋਸਟ ਕੋਵਿਡ ਇਫੈਕਟ’ ਕਿਹਾ ਗਿਆ ਹੈ। ਦਨੀਆ ਭਰ ਦੇ ਵਿਗਿਆਨੀਆਂ ਦੀ ਮੰਨਣਾ ਹੈ ਕਿ ਕੋਰੋਨਾ ਤਿੰਨ ਪੱਧਰਾਂ ’ਤੇ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਪਹਿਲਾ ਲਾਗ ਤੋਂ ਠੀਕ ਹੋਣ ਤੋਂ ਬਾਅਦ ਲਗਪਗ 15 ਫ਼ੀਸਦੀ ਮਰੀਜ਼ਾਂ ’ਚ ਲਾਗ ਦੇ ਲੱਛਣ ਦਿਖਾਈ ਦਿੰਦੇ ਹਨ। ਦੂਸਰਾ ਇਲਾਜ ਤੋਂ ਬਾਅਦ ਲਗਪਗ 75 ਫ਼ੀਸਦੀ ਲੋਕ ਆਮ ਮਹਿਸੂਸ ਨਹੀਂ ਕਰਦੇ। ਤੀਸਰਾ ਲਾਗ ਪ੍ਰਭਾਵਿਤ ਲੋਕਾਂ ’ਚ ਕੁਝ ਮਹੀਨਿਆਂ ਬਾਅਦ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਕਈ ਮਾਮਲਿਆਂ ’ਚ ਨੌਜਵਾਨਾਂ ਤੇ ਆਮ ਲੋਕਾਂ ’ਚ ਲਾਗ ਤੋਂ ਠੀਕ ਹੋਣ ਤੋਂ ਬਾਅਦ ਕਈ ਹਫ਼ਤਿਆਂ ਜਾਂ ਮਹੀਨਿਆਂ ਤਕ ਇਹ ਲੱਛਣ ਦਿਖਾਈ ਦੇ ਸਕਦੇ ਹਨ।

ਦਿਸਣ ਇਹ ਲੱਛਣ ਤਾਂ ਹੋਵੋ ਸਾਵਧਾਨ

- ਸਾਹ ਲੈਣ ’ਚ ਪਰੇਸ਼ਾਨੀ।

- ਤੇਜ਼ ਬੁਖ਼ਾਰ।

- ਛਾਤੀ ’ਚ ਤੇਜ਼ ਦਰਦ।

- ਕਮਜ਼ੋਰੀ।

- ਪਾਚਨ ਤੰਤਰ ਸਬੰਧੀ ਪਰੇਸ਼ਾਨੀ।

- ਵਾਲ ਝੜਨਾ।

- ਮਾਸਪੇਸ਼ੀਆਂ ’ਚ ਦਰਦ ਜਾਂ ਸਿਰ ਦਰਦ।

- ਦਿਲ ਦਾ ਤੇਜ਼ ਧੜਕਣਾ।

- ਯਾਦਦਾਸ਼ਤ ਕਮਜ਼ੋਰ ਹਣਾ।

- ਨੀਂਦ ਨਾ ਆਉਣਾ।

ਸਾਵਧਾਨੀਆਂ

- ਲਾਗ ਤੋਂ ਠੀਕ ਹੋਣ ਤੋਂ ਬਾਅਦ ਸਿਹਤ ਜੀਵਨਸ਼ੈਲੀ ਦੀ ਪਾਲਣਾ ਕਰੋ।

- ਚਿਤਾਵਨੀ ਭਰੇ ਸੁਨੇਹਿਆਂ ਨੂੰ ਨਜ਼ਰ-ਅੰਦਾਜ਼ ਕਰੋ।

- ਕੋਰੋਨਾ ਹੋਣ ਕਾਰਨ ਸਰੀਰ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਜਦੋਂ ਤਕ ਮਰੀਜ਼ ਦਾ ਆਕਸੀਜਨ ਪੱਧਰ ਆਮ ਨਹੀਂ ਹੋ ਜਾਂਦਾ, ਉਦੋਂ ਤਕ ਮਰੀਜ਼ ਨੂੰ ਹਸਪਤਾਲ ਤੋਂ ਡਿਸਚਾਰਜ ਨਾ ਕਰਵਾਓ।

- ਹਸਪਤਾਲ ਤੋਂ ਛੱੁਟੀ ਮਿਲਣ ਤੋਂ ਬਾਅਦ ਮਰੀਜ਼ ਨੂੰ ਦੋ ਹਫ਼ਤੇ ਤਕ ਘਰ ’ਚ ਕੁਆਰੰਟਾਈਨ ਰੱਖੋ।

- ਨਿਯਮਤ ਰੂਪ ’ਚ ਸਰੀਰ ਦਾ ਆਕਸੀਜਨ ਪੱਧਰ, ਤਾਪਮਾਨ ਤੇ ਦਿਲ ਦੀ ਧੜਕਣ ਨੂੰ ਨਿਯੰਤਿ੍ਰਤ ਰੱਖੋ।

ਕਸਰਤ ਕਰੋ

ਸਰੀਰਕ ਸਰਗਰਮੀ ਪੋਸਟ ਕੋਵਿਡ ਕੇਅਰ ਦਾ ਮਹੱਤਵਪੂਰਨ ਹਿੱਸਾ ਹੈ। ਹਾਲਾਂਕਿ ਸਰੀਰ ’ਤੇ ਜ਼ਿਆਦਾ ਦਬਾਅ ਨਾ ਬਣਾਓ। ਰੋਜ਼ਾਨਾ 20-30 ਮਿੰਟ ਹਲਕੀ ਕਸਰਤ ਕਰੋ। ਸੈਰ ਜਾਂ ਯੋਗਾ ਕਰੋ। ਜੇ ਸਾਹ ਲੈਣ ’ਚ ਪਰੇਸ਼ਾਨੀ ਹੈ ਤਾਂ ਤੁਰੰਤ ਵਰਕਆਊਟ ਬੰਦ ਕਰ ਦਿਉ।

ਭਰਪੂਰ ਨੀਂਦ ਲਵੋ

ਕੋਰੋਨਾ ਲਾਗ ਕਾਰਨ ਸਰੀਰ ’ਤੇ ਜ਼ਿਆਦਾ ਦਬਾਅ ਪੈਂਦਾ ਹੈ। ਇਲਾਜ ਦੌਰਾਨ ਦਵਾਈਆਂ ਖਾਣ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ। ਕੁਝ ਦਿਨਾਂ ਤਕ ਭਰਪੂਰ ਆਰਾਮ ਕਰੋ ਤੇ ਭਰਪੂਰ ਨੀਂਦ ਲਵੋ। ਪੂਰੀਂ ਨੀਂਦ ਲੈਣ ਨਾਲ ਲਾਗ ਦੀਆਂ ਸਮੱਸਿਆਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਨਾਲ ਤੁਸੀਂ ਤਰੋਤਾਜ਼ਾ ਮਹਿਸੂਸ ਕਰੋਗੇ।

ਤਣਾਅ ਤੋਂ ਰਹੋ ਦੂਰ

ਜ਼ਿਆਦਾ ਮਾਨਸਿਕ ਤਣਾਅ ਕਾਰਨ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ। ਇਸ ਨਾਲ ਕਿਸੇ ਵੀ ਤਰ੍ਹਾਂ ਦੀ ਲਾਗ ਸਰੀਰ ਨੂੰ ਆਸਾਨੀ ਨਾਲ ਪ੍ਰਭਾਵਿਤ ਕਰ ਸਕਦੀ ਹੈ। ਹਰ ਰੋਜ਼ 10-20 ਮਿੰਟ ਮੈਡੀਟੇਸ਼ਨ ਲਵੋ।

ਡਾਕਟਰ ਦੀ ਲਵੋ ਸਲਾਹ

ਕਿਸੇ ਵੀ ਤਰ੍ਹਾਂ ਦੀ ਸਿਹਤ ਸਬੰਧੀ ਸਮੱਸਿਆ ਹੋਣ ’ਤੇ ਅਣਦੇਖੀ ਨਾ ਕਰੋ ਤੇ ਤੁਰੰਤ ਡਾਕਟਰ ਨੂੰ ਦਿਖਾਓ। ਖ਼ੁਦ ਕਿਸੇ ਵੀ ਤਰ੍ਹਾਂ ਦੇ ਇਲਾਜ ਲਈ ਦਵਾਈਆਂ ਨਾ ਖਾਵੋ। ਫੋਨ ਤੇ ਵੀਡੀਓ ਕਾਲਿੰਗ ਰਾਹੀਂ ਡਾਕਟਰ ਨਾਲ ਸਲਾਹ ਕਰਦੇ ਰਹੋ।

ਕੋਰੋਨਾ ਦੇ ਪ੍ਰਭਾਵ

ਡਬਲਿਊਐੱਚਓ ਅਨੁਸਾਰ ਕੋਰੋਨਾ ਪਹਿਲਾਂ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ, ਨਾਲ ਹੀ ਇਹ ਹੋਰ ਅੰਗਾਂ ਦੀ ਕਾਰਜ ਪ੍ਰਣਾਲੀ ਨੂੰ ਵਿਗਾੜ ਦਿੰਦਾ ਹੈ। ਇਸ ਨਾਲ ਲੰਬੇ ਸਮੇਂ ਤਕ ਸਰੀਰ ’ਚ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਅਜਿਹੇ ਹੀ ਪ੍ਰਭਾਵਾਂ ਨੂੰ ‘ਪੋਸਟ ਕੋਵਿਡ ਸਿੰਡ੍ਰੋਮ’ ਕਿਹਾ ਗਿਆ ਹੈ।

ਥਕਾਨ ਤੇ ਸਾਹ ਲੈਣ ’ਚ ਪਰੇਸ਼ਾਨੀ : ਇਟਲੀ ’ਚ ਹੋਈ ਇਕ ਖੋਜ ਅਨੁਸਾਰ ਕੋਵਿਡ-19 ਤੋਂ ਠੀਕ ਹੋਏ ਮਰੀਜ਼ਾਂ ’ਚੋਂ ਲਗਪਗ 87 ਫ਼ੀਸਦੀ ਮਰੀਜ਼ ਥਕਾਨ ਤੇ ਸਾਹ ਲੈਣ ਸਬੰਧੀ ਪਰੇਸ਼ਾਨੀਆਂ ਤੋਂ ਪੀੜਤ ਸਨ। ਉਨ੍ਹਾਂ ਦੇ ਸਰੀਰ ਦਾ ਆਕਸੀਜਨ ਪੱਧਰ ਬਹੁਤ ਘੱਟ ਹੋ ਜਾਂਦਾ ਹੈ। ਅਜਿਹੇ ਮਰੀਜ਼ਾਂ ਨੂੰ ਹਸਪਤਾਲ ਤੋਂ ਛੱੁਟੀ ਮਿਲਣ ਤੋਂ ਬਾਅਦ ਅਗਲੇ ਹੀ ਦਿਨ ਫਿਰ ਦਾਖ਼ਲ ਕਰਵਾਉਣਾ ਪੈਂਦਾ ਹੈ। ਜੇ ਸਾਹ ਲੈਣ ’ਚ ਪਰੇਸ਼ਾਨੀ ਹੋਵੇ ਤਾਂ ਵੈਂਟੀਲੇਸ਼ਨ ਠੀਕ ਕਰਵਾਓ।

ਕਿਡਨੀ ਸਬੰਧੀ ਸਮੱਸਿਆਵਾਂ : ਆਈਐੱਸਐੱਨ ਦੀ ਹਾਲੀਆ ਰਿਪੋਰਟ ਅਨੁਸਾਰ ਦੁਨੀਆ ’ਚ ਅਜਿਹੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਜਿਨ੍ਹਾਂ ਨੂੰ ਕੋਰੋਨਾ ਕਾਰਨ ਕਿਡਨੀ ਨਾਲ ਸਬੰਧਤ ਸਮੱਸਿਆਵਾਂ ਹੋਈਆਂ ਹਨ। ਇਨ੍ਹਾਂ ’ਚ ਐਕਿਊਡ ਕਿਡਨੀ ਇੰਜਰੀ (ਏਕੇਆਈ) ਅਤੇ ਗੁਰਦਿਆਂ ਦਾ ਫੇਲ੍ਹ ਹੋਣਾ ਪ੍ਰਮੱੁਖ ਹਨ।

ਦਿਲ ਦੇ ਰੋਗਾਂ ਦਾ ਖ਼ਤਰਾ : ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ’ਚ ਦਿਲ ਨਾਲ ਸਬੰਧਤ ਸਮੱਸਿਆਵਾਂ ਦੇਖੀਆਂ ਗਈਆਂ ਹਨ। ਇਹ ਲਾਗ ਦਿਲ ਦੀਆਂ ਮਾਸਪੇਸ਼ੀਆਂ ਨੂੰ ਨੁਕਸਾਨ ਪਹੰੁਚਾਉਂਦਾ ਹੈ, ਜਿਸ ਨਾਲ ਭਵਿੱਖ ’ਚ ਦਿਲ ਨਾਲ ਸਬੰਧਤ ਹੋਰ ਬਿਮਾਰੀਆਂ ਹੋ ਸਕਦੀਆਂ ਹਨ। ਗੰਭੀਰ ਲੱਛਣ ਵਾਲੇ ਮਰੀਜ਼ਾਂ ’ਚ ਹੀ ਨਹੀਂ ਸਗੋਂ ਮਾਮੂਲੀ ਲੱਛਣਾਂ ਵਾਲੇ ਮਰੀਜ਼ਾਂ ’ਚ ਵੀ ਦਿਲ ਦੇ ਰੋਗਾਂ ਦਾ ਖ਼ਤਰਾ ਵੱਧ ਜਾਂਦਾ ਹੈ।

ਫੇਫੜਿਆਂ ਨਾਲ ਸਬੰਧਤ ਬਿਮਾਰੀਆਂ : ਨਿਮੋਨੀਆ ਤੇ ਡੀਪ ਵੇਨ ਥ੍ਰੋਮਬੋਸਿਸ ਕਰਕੇ ਫੇਫੜਿਆਂ ’ਚ ਸੋਜ਼ ਆ ਜਾਂਦੀ ਹੈ। ਇਸ ਲਾਗ ਕਾਰਨ ਫੇਫੜਿਆਂ ਦੇ ਟਿਸ਼ੂਜ਼ ਪ੍ਰਭਾਵਿਤ ਹੋ ਜਾਂਦੇ ਹਨ। ਇਸ ਨਾਲ ਮਰੀਜ਼ ਨੂੰ ਸਾਹ ਲੈਣ ’ਚ ਤਕਲੀਫ਼ ਹੋਣ ਲਗਦੀ ਹੈ। ਨਿਮੋਨੀਆ ਦੇ ਮਰੀਜ਼ ਜ਼ਿਆਦਾ ਸਾਵਧਾਨੀ ਵਰਤਣ।

ਦਿਮਾਗ਼ ਨਾਲ ਸਬੰਧਤ ਸਮੱਸਿਆ : ਕੰਮਕਾਰ ਵਾਲਿਆਂ ਤੇ ਬਜ਼ੁਰਗਾਂ ’ਚ ਹੀ ਨਹੀਂ ਸਗੋਂ ਨੌਜਵਾਨਾਂ ’ਚ ਵੀ ਕੋਰੋਨਾ ਕਾਰਨ ਦਿਮਾਗ਼ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਸਟ੍ਰੋਕ, ਦਿਲ ਦਾ ਦੌਰਾ, ਲਕਵਾ ਆਦਿ ਦਾ ਖ਼ਤਰਾ ਬਜ਼ਰੁਗਾਂ ਸਮੇਤ ਨੌਜਵਾਨਾਂ ’ਚ ਵੀ ਵੱਧ ਗਿਆ ਹੈ।

ਮਾਨਸਿਕ ਸਿਹਤ

ਕੋਰੋਨਾ ਲਾਗ ਦਾ ਮਾਨਸਿਕ ਸਿਹਤ ’ਤੇ ਵੀ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ। ਇਕ ਸਰਵੇ ਅਨੁਸਾਰ ਹਰ ਚਾਰ ਵਿੱਚੋਂ ਇਕ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਦੀ ਮਾਨਸਿਕ ਸਮੱਸਿਆ ਜਿਵੇਂ ਐਂਗਜਾਇਟੀ, ਮਾਨਸਿਕ ਹੀਣਤਾ ਆਦਿ ਦਾ ਸ਼ਿਕਾਰ ਹੈ।

ਦਵਾਈਆਂ ਤੇ ਜਾਂਚ

ਜੇ ਤੁਹਾਨੂੰ ਪਹਿਲਾਂ ਤੋੋਂ ਕੋਈ ਸਿਹਤ ਸਬੰਧੀ ਸਮੱਸਿਆ ਹੈ ਤਾਂ ਉਸ ਦੀ ਦਵਾਈ ਖਾਂਦੇ ਰਹੋ। ਠੀਕ ਸਮੇਂ ’ਤੇ ਸਿਹਤ ਸਬੰਧੀ ਜਾਂਚ ਕਰਵਾਉਂਦੇ ਰਹੋ। ਸ਼ੂਗਰ ਦੇ ਮਰੀਜ਼ ਖ਼ੂਨ ’ਚ ਸ਼ੂਗਰ ਪੱਧਰ ਦੀ ਨਿਯਮਿਤ ਜਾਂਚ ਕਰਵਾਉਣ। ਜਿਨ੍ਹਾਂ ਨੂੰ ਗੰਭੀਰ ਲਾਗ ਜਾਂ ਸਾਹ ਲੈਣ ’ਚ ਪਰੇਸ਼ਾਨੀ ਸੀ, ਉਹ ਘਰ ’ਚ ਆਕਸੀਮੀਟਰ (ਆਕਸੀਜਨ ਮਾਪਣ ਦਾ ਯੰਤਰ) ਰੱਖਣ। ਡਾਕਟਰ ਦੀ ਸਲਾਹ ਤੋਂ ਬਾਅਦ ਹੀ ਇਮਿਊਨਿਟੀ ਵਧਾਉਣ ਵਾਲੀ ਦਵਾਈ ਲਵੋ।

ਬਚਾਅ

- ਮਾਸਕ ਲਗਾਓ ਤੇ ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਧੋਂਦੇ ਰਹੋ। ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰੋ।

- ਜ਼ਰੂਰੀ ਕੰਮ ਹੋਵੇ ਤਾਂ ਹੀ ਘਰੋਂ ਨਿਕਲੋ।

- ਰੋਜ਼ 20-30 ਮਿੰਟ ਤਕ ਧੱੁਪ ਸੇਕੋ।

- ਛਿੱਕਦੇ ਜਾਂ ਖੰਘਦੇ ਸਮੇਂ ਰੁਮਾਲ ਜਾਂ ਟਿਸ਼ੂ ਪੇਪਰ ਮੰੂਹ ’ਤੇ ਰੱਖੋ।

- ਜਨਤਕ ਤੇ ਨਿੱਜੀ ਥਾਵਾਂ ਨੂੰ ਸੈਨੇਟਾਈਜ਼ ਕਰੋ।

- ਬਿਮਾਰ ਲੋਕਾਂ ਦੇ ਨਜ਼ਦੀਕੀ ਸੰਪਰਕ ’ਚ ਨਾ ਆਵੋ।

- ਰਿਕਵਰੀ ਤੋਂ ਬਾਅਦ ਪੂਰੀ ਸਾਵਧਾਨੀ ਰੱਖੋ, ਤਾਂ ਜੋ ਸਰੀਰ ਆਮ ਸਥਿਤੀ ’ਚ ਆ ਜਾਵੇ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਪੌਸ਼ਟਿਕ ਤੇ ਸੰਤੁਲਿਤ ਭੋਜਨ ਦਾ ਕਰੋ ਸੇਵਨ : ਸੰਤੁਲਿਤ, ਪੌਸ਼ਟਿਕ ਤੇ ਹਲਕੇ ਭੋਜਨ ਦਾ ਸੇਵਨ ਕਰੋ। ਖ਼ੁਰਾਕ ’ਚ ਫਲਾਂ, ਸਬਜ਼ੀਆਂ, ਆਂਡੇ, ਦਾਲਾਂ ਆਦਿ ਸਾਬਤ ਅਨਾਜਾਂ ਨੂੰ ਸ਼ਾਮਿਲ ਕਰੋ। ਇਸ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ।

ਡੀਹਾਈਡ੍ਰੇਸ਼ਨ ਤੋਂ ਕਰੋ ਬਚਾਅ : ਸਰੀਰ ਨੂੰ ਡੀਹਾਈਡ੍ਰੇਸ਼ਨ ਰੱਖਣ ਲਈ ਪਾਣੀ, ਜੂਸ ਆਦਿ ਪੀਓ। ਠੰਢ ’ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਜ਼ਿਆਧਾ ਵੱਧ ਜਾਂਦੀ ਹੈ। ਕੋਸਾ ਪਾਣੀ ਪੀਣ ਨਾਲ ਗਲਾ ਠੀਕ ਰਹਿੰਦਾ ਹੈ। ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਨ੍ਹਾਂ ਮਰੀਜ਼ਾਂ ਦੇ ਗਲੇ ’ਚ ਖਾਰਸ਼ ਜਾਂ ਕਫ ਆਦਿ ਦੀ ਸਮੱਸਿਆ ਹੋਵੇ, ਉਨ੍ਹਾਂ ਨੂੰ ਭਾਫ਼ ਲੈਣੀ ਚਾਹੀਦੀ ਹੈ। ਇਮਿਊਨਿਟੀ ਵਧਾਉਣ ਲਈ ਕਾੜ੍ਹੇ ਦਾ ਸੇਵਨ ਕਰੋ।

Posted By: Harjinder Sodhi