ਵਲਿੰਗਟਨ (ਏਐੱਫਪੀ) : ਪ੍ਰਸ਼ਾਂਤ ਮਹਾਸਾਗਰ 'ਚ ਸਥਿਤ ਟਾਪੂਨੁਮਾ ਦੇਸ਼ ਸਮੋਆ ਵਿਚ ਖਸਰਾ (ਮੀਜ਼ਲਸ) ਦੀ ਮਹਾਮਾਰੀ ਰੁੱਕਣ ਦਾ ਨਾਂ ਨਹੀਂ ਲੈ ਰਹੀ। ਦੇਸ਼ ਵਿਚ ਖਸਰੇ ਨਾਲ ਮੌਤਾਂ ਦਾ ਅੰਕੜਾ ਵੱਧ ਕੇ 20 ਤਕ ਪੁੱਜ ਗਿਆ ਹੈ। ਖਸਰੇ ਦੇ ਕਹਿਰ ਨੂੰ ਰੋਕਣ ਲਈ ਦੇਸ਼ ਵਿਚ ਪਹਿਲੇ ਹੀ ਹੰਗਾਮੀ ਹਾਲਤ ਦਾ ਐਲਾਨ ਕੀਤਾ ਜਾ ਚੁੱਕਾ ਹੈ।

ਸਰਕਾਰੀ ਅੰਕੜਿਆਂ ਮੁਤਾਬਿਕ ਕਰੀਬ ਦੋ ਲੱਖ ਦੀ ਆਬਾਦੀ ਵਾਲੇ ਦੇਸ਼ ਵਿਚ ਹੁਣ ਤਕ 1644 ਖਸਰੇ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 202 ਦੀ ਪਛਾਣ ਵੀਰਵਾਰ ਨੂੰ ਕੀਤੀ ਗਈ। ਖਸਰੇ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਬੱਚੇ ਹਨ। ਗੰਭੀਰ ਰੂਪ ਨਾਲ ਪ੍ਰਭਾਵਿਤ 11 ਬੱਚਿਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਦੇਸ਼ ਵਿਚ ਖਸਰੇ ਦੇ ਕਹਿਰ ਨੂੰ ਰੋਕਣ ਲਈ ਲਾਜ਼ਮੀ ਟੀਕਾਕਰਨ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਬੱਚਿਆਂ ਦੇ ਜਨਤਕ ਤੌਰ 'ਤੇ ਇਕੱਠੇ ਹੋਣ 'ਤੇ ਰੋਕ ਲਾ ਦਿੱਤੀ ਗਈ ਹੈ। ਸਮੋਆ ਦੀ ਮਦਦ ਲਈ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਡਾਕਟਰੀ ਮਾਹਿਰਾਂ ਦੇ ਨਾਲ ਦਵਾਈਆਂ ਵੀ ਭੇਜੀਆਂ ਹਨ। ਯੂਨੀਸੈੱਫ ਨੇ ਵੀ ਇਕ ਲੱਖ 10 ਹਜ਼ਾਰ ਖਸਰੇ ਦੇ ਟੀਕੇ ਮੁਹੱਈਆ ਕਰਵਾਏ ਹਨ।