ਦੁਨੀਆ ਕੋਰੋਨਾ ਵਾਇਰਸ (ਕੋਵਿਡ-19) ਨਾਲ ਪੂਰੀ ਤਰ੍ਹਾਂ ਜੂਝ ਰਹੀ ਹੈ। ਇਸ ਖ਼ਤਰਨਾਕ ਵਾਇਰਸ ਨਾਲ ਨਿਪਟਣ ਲਈ ਹਾਲੇ ਤਕ ਕੋਈ ਸਹੀ ਦਵਾਈ ਜਾਂ ਵੈਕਸੀਨ ਮੁਹੱਈਆ ਨਹੀਂ ਹੋ ਸਕੀ। ਅਜਿਹੇ 'ਚ ਬਚਾਅ ਦੇ ਤੌਰ 'ਤੇ ਮਾਸਕ ਪਾਉਣ, ਹੱਥ ਧੋਣ ਤੇ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸੇ ਤਹਿਤ ਅਧਿਐਨਾਂ ਦੀ ਇਕ ਸਮੀਖਿਆ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਜੇਕਰ 70 ਫੀਸਦੀ ਲੋਕ ਨਿਰੰਤਰ ਮਾਸਕ ਪਾਉਣ ਤਾਂ ਕੋਰੋਨਾ ਮਹਾਮਾਰੀ ਰੁੱਕ ਸਕਦੀ ਹੈ।

ਫਿਜ਼ੀਕਸ ਆਫ ਫਲੂਇਡਸ ਮੈਗਜ਼ੀਨ 'ਚ ਛਪੀ ਖੋਜ 'ਚ ਫੇਸ ਮਾਸਕ 'ਤੇ ਕੀਤੇ ਗਏ ਅਧਿਐਨਾਂ ਦੀ ਸਮੀਖਿਆ ਕੀਤੀ ਗਈ ਹੈ। ਇਸ ਵਿਚ ਇਸ ਗੱਲ ਦੀ ਵੀ ਸਮੀਖਿਆ ਕੀਤੀ ਗਈ ਹੈ ਕਿ ਕੀ ਫੇਸ ਮਾਸਕ ਪਾਉਣ ਨਾਲ ਕਿਸੇ ਇਨਫੈਕਟਿਡ ਵਿਅਕਤੀ ਤੋਂ ਕੋਰੋਨਾ ਦੇ ਪ੍ਰਸਾਰ 'ਤੇ ਰੋਕ ਲੱਗ ਸਕਦੀ ਹੈ। ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਦੇ ਵਿਗਿਆਨੀ ਸੰਜੇ ਕੁਮਾਰ ਨੇ ਕਿਹਾ ਕਿ ਸਰਜੀਕਲ ਮਾਸਕ ਵਰਗੇ ਫੇਸ ਮਾਸਕ ਸਭ ਤੋਂ ਜ਼ਿਆਦਾ ਕਾਰਗਰ ਪਾਏ ਗਏ ਹਨ।

ਇਹ ਕਰੀਬ 70 ਫੀਸਦੀ ਅਸਰਦਾਰ ਹੁੰਦੇ ਹਨ। ਜੇਕਰ ਕਰੀਬ 70 ਫੀਸਦੀ ਲੋਕ ਇਸ ਤਰ੍ਹਾਂ ਦੇ ਪ੍ਰਭਾਵਸ਼ਾਲੀ ਮਾਸਕ ਜਨਤਕ ਥਾਵਾਂ 'ਤੇ ਪਾਉਣ ਤਾਂ ਮਹਾਮਾਰੀ ਦੀ ਰੋਕ ਦਾ ਰਸਤਾ ਸਾਫ਼ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੱਪੜਿਆਂ ਨਾਲ ਬਣੇ ਮਾਸਕ ਵੀ ਜੇਕਰ ਨਿਯਮਤ ਰੂਪ ਨਾਲ ਪਾਏ ਜਾਣ ਤਾਂ ਕੋਰੋਨਾ ਦੇ ਪ੍ਰਸਾਰ ਨੂੰ ਹੌਲੀ ਕੀਤਾ ਜਾ ਸਕਦਾ ਹੈ। ਕੋਰੋਨਾ ਦੀ ਰੋਕਥਾਮ ਲਈ ਕੱਪੜਿਆਂ ਦੇ ਬਣੇ ਮਾਸਕ, ਸਰਜੀਕਲ ਮਾਸਕ ਤੇ ਐੱਨ95 ਵਰਗੇ ਮਾਸਕ ਇਸਤੇਮਾਲ ਕੀਤੇ ਜਾ ਰਹੇ ਹਨ। ਅਧਿਐਨਾਂ ਦੀ ਸਮੀਖਿਆ 'ਚ ਪਾਇਆ ਗਿਆ ਹੈ ਕਿ ਹਾਈਬਿ੍ਡ ਪਾਲੀਮਰ ਮੈਟੀਰੀਅਲਸ ਕਣਾਂ ਨੂੰ ਫਿਲਟਰ ਕਰਨ 'ਚ ਸਭ ਤੋਂ ਜ਼ਿਆਦਾ ਅਸਰਦਾਰ ਹੁੰਦੇ ਹਨ।

Posted By: Rajnish Kaur