ਲੰਡਨ (ਆਈਏਐੱਨਐੱਸ) : ਕੋਰੋਨਾ ਵੈਕਸੀਨ ਦੀ ਤੀਜੀ ਬੂਸਟਰ ਡੋਜ਼ ਐਂਟੀਬਾਡੀ ਦੇ ਪੱਧਰ ਨੂੰ ਸਫਲਤਾਪੂਰਵਕ ਵਧਾਉਣ ’ਚ ਸਮਰੱਥ ਹੈ। ਇਹ ਸਿੱਟਾ ਲੈਬਾਰਟਰੀ ’ਚ ਕੀਤੇ ਗਏ ਪ੍ਰੀਖਣਾਂ ਤੋਂ ਬਾਅਦ ਸਾਹਮਣੇ ਆਇਆ ਹੈ। ਐਂਟੀਬਾਡੀ ਦਾ ਵਧਿਆ ਹੋਇਆ ਪੱਧਰ ਓਮੀਕ੍ਰੋਨ ਵੈਰੀਐਂਟ ਨੂੰ ਬੇਅਸਰ ਕਰ ਦਿੰਦਾ ਹੈ। ‘ਦਿ ਲੈਂਸੇਟ’ ’ਚ ਪ੍ਰਕਾਸ਼ਿਤ ਇਕ ਖੋਜ ਪੱਤਰ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

ਫਰਾਂਸਿਸ ਕ੍ਰਿਕ ਇੰਸਟੀਚਿਊਟ ਤੇ ਯੂਸੀਐੱਲਐੱਚ ਬਾਇਓਮੈਡੀਕਲ ਰਿਸਰਚ ਦੇ ਖੋਜੀਆਂ ਨੇ ਪਾਇਆ ਕਿ ਜਿਨ੍ਹਾਂ ਲੋਕਾਂ ਨੇ ਆਕਸਫੋਰਡ-ਐਸਟ੍ਰਾਜੇਨੇਕਾ ਜਾਂ ਫਾਈਜ਼ਰ ਬਾਇਓਐੱਨਟੈੱਕ ਵੈਕਸੀਨ ਦੀਆਂ ਸਿਰਫ਼ ਦੋ ਡੋਜ਼ ਲਈਆਂ ਸਨ, ਉਸ ਵਿਚ ਬਣੀ ਐਂਟੀਬਾਡੀ ਅਲਫਾ ਅਤੇ ਡੈਲਟਾ ਵੈਰੀਐਂਟ ਦੇ ਮੁਕਾਬਲੇ ’ਚ ਓਮੀਕ੍ਰੋਨ ਵੈਰੀਐਂਟ ਨੂੰ ਬੇਅਸਰ ਕਰਨ ’ਚ ਘੱਟ ਸਮਰੱਥ ਸੀ। ਉਨ੍ਹਾਂ ਇਹ ਵੀ ਪਾਇਆ ਕਿ ਦੂਜੀ ਖ਼ੁਰਾਕ ਤੋਂ ਬਾਅਦ ਪਹਿਲੇ ਤਿੰਨ ਮਹੀਨਿਆਂ ਵਿਚ ਐਂਟੀਬਾਡੀ ਦਾ ਪੱਧਰ ਡਿੱਗ ਗਿਆ, ਪਰ ਤੀਜੀ ਡੋਜ਼ ਯਾਨੀ ਬੂਸਟਰ ਨੇ ਐਂਟੀਬਾਡੀ ਦੇ ਪੱਧਰ ਨੂੰ ਵਧਾ ਦਿੱਤਾ ਜਿਸ ਨੇ ਓਮੀਕ੍ਰੋਨ ਨੂੰ ਪ੍ਰਭਾਵੀ ਢੰਗ ਨਾਲ ਬੇਅਸਰਪ ਕਰਨ ਵਿਚ ਮਦਦ ਮਿਲੀ। ਜਿਨ੍ਹਾਂ ਲੋਕਾਂ ਨੇ ਤਿੰਨਾਂ ਖ਼ੁਰਾਕਾਂ ਲਈ ਫਾਈਜ਼ਰ-ਬਾਇਓਐੱਨਟੈੱਕ ਵੈਕਸੀਨ ਲਈ, ਉਨ੍ਹਾਂ ਵਿਚ ਓਮੀਕ੍ਰੋਨ ਪ੍ਰਤੀ ਐਂਟੀਬਾਡੀ ਦਾ ਪੱਧਰ ਤੀਜੀ ਡੋਜ਼ ਤੋਂ ਬਾਅਦ ਡੈਲਟਾ ਖ਼ਿਲਾਫ਼ ਸਿਰਫ਼ ਦੋ ਡੋਜ਼ ਤੋਂ ਬਾਅਦ ਪੱਧਰ ਦੇ ਸਮਾਨ ਸੀ। ਕੁਲ ਮਿਲਾ ਕੇ ਬੂਸਟਰ ਡੋਜ਼ ਲੈਣ ਨਾਲ ਐਂਟੀਬਾਡੀ ਦਾ ਪੱਧਰ, ਦੋ ਖ਼ੁਰਾਕਾਂ ਲੈਣ ਤੋਂ ਲਗਪਗ 2.5 ਗੁਣਾ ਜ਼ਿਆਦਾ ਸੀ।

ਯੂਸੀਐੱਲਐੱਚ ਦੀ ਲਾਗ ਵਾਲੀਆਂ ਬਿਮਾਰੀਆਂ ਦੀ ਸਲਾਹਕਾਰ ਐੱਮਾ ਵਾਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਬੂਸਟਰ ਡੋਜ਼ ਜਾਂ ਪਹਿਲੀ ਡੋਜ਼ ਨਹੀਂ ਲਈ ਹੈ, ਉਨ੍ਹਾਂ ਨੂੰ ਹੁਣ ਦੇਰ ਨਹੀਂ ਕਰਨੀ ਹੈ। ਅਜਿਹੇ ’ਚ ਟੀਕਾਕਰਨ ਕੇਂਦਰ ’ਤੇ ਆਉਣ ਵਾਲਿਆਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਬੂਸਟਰ ਡੋਜ਼ ਹੀ ਓਮੀਕ੍ਰੋਨ ਤੋਂ ਬਚਾਉਣ ਦਾ ਬਿਹਤਰ ਉਪਾਅ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਦੀ ਤੀਜੀ ਡੋਜ਼ ਨਾਲ ਸਾਡੀ ਪ੍ਰਤੀਰੋਧਕ ਸਮਰੱਥਾ ਏਨੀ ਵਧ ਜਾਂਦੀ ਹੈ ਕਿ ਕੋਰੋਨਾ ਨਾਲ ਇਨਫੈਕਟਿਡ ਹੋਣ ’ਤੇ ਬਿਮਾਰੀ ਖ਼ਤਰਨਾਕ ਰੂਪ ਨਹੀਂ ਲੈ ਪਾਉਂਦੀ। ਖੋਜੀਆਂ ਨੇ ਦੱਸਿਆ ਕਿ ਇਸ ਅਧਿਐਨ ’ਚ ਸ਼ਾਮਲ 364 ਲੋਕਾਂ ਦੇ 620 ਖ਼ੂਨ ਦੇ ਨਮੂਨਿਆਂ ’ਤੇ ਪ੍ਰੀਖਣ ਕੀਤੇ ਗਏ। ਖੋਜੀਆਂ ਨੇ ਪਾਇਆ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਦੀਆਂ ਦੋਵੇਂ ਡੋਜ਼ ਲਈਆਂ ਹੋਈਆਂ ਹਨ ਅਤੇ ਪਹਿਲਾਂ ਕਦੇ ਕੋਰੋਨਾ ਦਾ ਇਨਫੈਕਸ਼ਨ ਹੋਇਆ ਸੀ, ਉਨ੍ਹਾਂ ’ਚ ਐਂਟੀਬਾਡੀ ਦਾ ਪੱਧਰ ਉਨ੍ਹਾਂ ਲੋਕਾਂ ਦੇ ਮੁਕਾਬਲੇ ਬਿਹਤਰ ਪਾਇਆ ਗਿਆ ਜਿਨ੍ਹਾਂ ਦੋ ਡੋਜ਼ ਤਾਂ ਲਈਆਂ ਸਨ ਪਰ ਇਨਫੈਕਸ਼ਨ ਨਹੀਂ ਹੋਇਆ ਸੀ। ਖੋਜੀਆਂ ਨੇ ਇਹ ਵੀ ਪਾਇਆ ਕਿ ਹਾਲ ਹੀ ’ਚ ਮਨਜ਼ੂਰਸ਼ੁਦਾ ਸਿੰਥੇਟਿਕ ਮੋਨੋਕਲੋਨਲ ਐਂਟੀਬਾਡੀ ਜੇਵੁਡੀ (ਸੋਟ੍ਰੋਵਿਮੈਬ) ਦਾ ਇਸਤੇਮਾਲ ਓਮੀਕ੍ਰੋਨ ਨੂੰ ਗੰਭੀਰ ਹੋਣ ਤੋਂ ਰੋਕਣ ਵਿਚ ਸਮਰੱਥ ਹੈ।

Posted By: Tejinder Thind