ਜਿਉਂਦੇ ਰਹਿਣ ਤੇ ਸਰੀਰ ਦੇ ਸਾਰੇ ਅੰਗਾਂ ਦੇ ਠੀਕ ਢੰਗ ਨਾਲ ਕੰਮ ਕਰਨ 'ਚ ਭੋਜਨ ਅਹਿਮ ਭੂਮਿਕਾ ਅਦਾ ਕਰਦਾ ਹੈ, ਜੋ ਅਸੀਂ ਸਾਰੇ ਖਾਂਦੇ ਹਾਂ। ਜੇ ਸਾਨੂੰ ਲੋੜ ਤੋਂ ਵੱਧ ਭੁੱਖ ਲਗਦੀ ਹੈ ਤੇ ਅਸੀਂ ਕੁਝ ਵੀ ਨਾ ਖਾਈਏ ਤਾਂ ਕਮਜ਼ੋਰੀ ਮਹਿਸੂਸ ਹੋਣ ਲਗਦੀ ਹੈ। ਜ਼ਾਹਿਰ ਹੈ ਕਿ ਖ਼ੁਰਾਕ ਜਾਂ ਭੋਜਨ ਖਾਣ ਨਾਲ ਹੀ ਸਰੀਰ 'ਚ ਤਾਕਤ ਆਉਂਦੀ ਹੈ। ਖ਼ੁਰਾਕ 'ਚ ਕਿਸ-ਕਿਸ ਤੱਤ ਦੀ ਕਿੰਨੀ ਲੋੜ ਹੈ, ਇਸ ਬਾਰੇ ਅਸੀਂ ਅਜੇ ਤਕ ਸੁਚੇਤ ਨਹੀਂ ਹੋਏ। ਉਂਜ ਵੀ ਜਿਥੇ ਲੋਕਾਂ ਨੂੰ ਢਿੱਡ ਭਰਨ ਨੂੰ ਲੈ ਕੇ ਰੋਟੀ ਦਾ ਫ਼ਿਕਰ ਰਹਿੰਦਾ ਹੋਵੇ, ਉਨ੍ਹਾਂ ਲਈ ਤਾਂ ਦਾਲ, ਸਬਜ਼ੀ, ਫਲ, ਦੁੱਧ ਆਦਿ ਬਾਰੇ ਗੱਲ ਦੂਰ ਦੀ ਰਹਿ ਜਾਂਦੀ ਹੈ।

ਭੋਜਨ ਦੇ ਕੰਮ

ਭੋਜਨ ਸਾਡੇ ਸਰੀਰ 'ਚ ਜਾ ਕੇ ਤਿੰਨ ਮੁੱਖ ਕੰਮ ਕਰਦਾ ਹੈ - ਸਰੀਰ ਨੂੰ ਤਾਕਤ ਦੇਣੀ, ਸਰੀਰ ਦੇ ਟੁੱਟ-ਭੱਜ ਚੁੱਕੇ ਸੈੱਲਜ਼ ਤੇ ਕੋਸ਼ਿਕਾਵਾਂ ਦੀ ਮੁਰੰਮਤ ਕਰਨਾ ਅਤੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ। ਇਸ ਪੱਖੋਂ ਪ੍ਰੋਟੀਨ ਦੀ ਮਹੱਤਤਾ ਦੋ ਗੱਲਾਂ ਲਈ ਅਹਿਮ ਹੈ। ਇਕ ਤਾਂ ਜਦੋਂ ਬੱਚਾ ਵਿਕਾਸ ਕਰ ਰਿਹਾ ਹੁੰਦਾ ਹੈ ਅਤੇ ਬੱਚੇ ਦਾ ਭਾਰ ਵੱਧ ਰਿਹਾ ਹੁੰਦਾ ਹੈ, ਉਸ ਸਮੇਂ ਬੱਚੇ ਦੀਆਂ ਮਾਸਪੇਸ਼ੀਆਂ ਤੇ ਸਰੀਰਕ ਅੰਗਾਂ ਦੇ ਵਾਧੇ ਲਈ ਪ੍ਰੋਟੀਨ ਦੀ ਬੇਹੱਦ ਲੋੜ ਹੁੰਦੀ ਹੈ। ਰੋਜ਼ਾਨਾ ਸਰੀਰ ਦੀ ਥਕਾਵਟ ਦੂਰ ਕਰਨ ਲਈ ਵੀ ਪ੍ਰੋਟੀਨ ਮਹੱਤਵਪੂਰਨ ਤੱਤ ਹੈ। ਪ੍ਰੋਟੀਨ ਸਾਡੀ ਖ਼ੁਰਾਕ ਦਾ ਅਜਿਹਾ ਤੱਤ ਹੈ, ਜਿਸ ਦੀ ਸਾਨੂੰ ਰੋਜ਼ਾਨਾ ਲੋੜ ਹੁੰਦੀ ਹੈ। ਇਸ ਦੀ ਘਾਟ ਵੇਲੇ ਸਰੀਰ ਇਸ ਨੂੰ ਖ਼ੁਦ ਨਹੀਂ ਬਣਾ ਸਕਦਾ। ਸਰੀਰ 'ਚ ਸਿਰਫ਼ ਚਰਬੀ ਦਾ ਭੰਡਾਰ ਹੁੰਦਾ ਹੈ, ਜੋ ਅਚਨਚੇਤ ਊਰਜਾ ਦੇਣ ਦੇ ਕੰਮ ਤਾਂ ਆ ਸਕਦਾ ਹੈ ਪਰ ਪ੍ਰੋਟੀਨ 'ਚ ਨਹੀਂ ਬਦਲ ਸਕਦਾ।

ਪ੍ਰੋਟੀਨ ਦੀ ਮਹੱਤਤਾ

ਪ੍ਰੋਟੀਨ ਦੀ ਮਹੱਤਤਾ ਉਸ 'ਚ ਮੌਜੂਦ ਅਮੀਨੋ ਐਸਿਡ ਕਰਕੇ ਹੈ, ਜੋ ਸਰੀਰ ਨੂੰ ਵਿਸ਼ੇਸ਼ ਤੌਰ 'ਤੇ ਚਾਹੀਦੇ ਹੁੰਦੇ ਹਨ। ਕੁਝ ਅਮੀਨੋ ਐਸਿਡ ਤਾਂ ਸਰੀਰ ਖ਼ੁਦ ਬਣਾ ਸਕਦਾ ਹੈ ਤੇ ਕੁਝ ਹਰ ਹਾਲਤ 'ਚ ਬਾਹਰੋਂ ਹੀ ਲੈਣੇ ਹੁੰਦੇ ਹਨ। ਅਮੀਨੋ ਐਸਿਡ ਦੀ ਮੌਜੂਦਗੀ ਦੇ ਆਧਾਰ 'ਤੇ ਹੀ ਪ੍ਰੋਟੀਨ ਦੀ ਗੁਣਵੱਤਾ ਦਾ ਪਤਾ ਲਗਦਾ ਹੈ। ਇਸ ਪੱਖ ਤੋਂ ਦੇਖੀਏ ਤਾਂ ਸ਼ਾਕਾਹਾਰੀ ਸਰੋਤ, ਜਿਵੇਂ ਕਣਕ, ਦਾਲਾਂ, ਚਾਵਲ ਆਦਿ 'ਚ ਸਾਰੇ ਅਮੀਨੋ ਐਸਿਡ ਨਹੀਂ ਹੁੰਦੇ, ਜਦਕਿ ਦੁੱਧ ਮਾਸਾਹਾਰੀ ਜਾਨਵਰਾਂ ਤੋਂ ਮਿਲਦਾ ਹੈ। ਇਸ 'ਚ ਸਾਰੇ ਅਮੀਨੋ ਐਸਿਡ ਹੁੰਦੇ ਹਨ ਤੇ ਇਸ ਨੂੰ ਸੰਪੂਰਨ ਪ੍ਰੋਟੀਨ ਕਿਹਾ ਜਾ ਸਕਦਾ ਹੈ।

ਪ੍ਰੋਟੀਨ ਦੀ ਲੋੜ

ਪ੍ਰੋਟੀਨ 'ਚ ਵਿਸ਼ੇਸ਼ ਤੱਤ ਨਾਈਟ੍ਰੋਜਨ ਹੁੰਦਾ ਹੈ, ਜਿਹੜਾ ਸਾਡੇ ਸਰੀਰ 'ਚ ਨਹੀਂ ਹੁੰਦਾ ਤੇ ਇਸ ਤੋਂ ਬਿਨਾਂ ਪ੍ਰੋਟੀਨ ਨਹੀਂ ਬਣਦੀ। ਪ੍ਰੋਟੀਨ ਦੀ ਬਚਪਨ ਤੇ ਕਿਸ਼ੋਰ ਅਵਸਥਾ 'ਚ ਲੋੜ 15 ਤੋਂ 20 ਗ੍ਰਾਮ ਪ੍ਰਤੀ ਕਿੱਲੋ ਹੁੰਦੀ ਹੈ। ਇਸ ਤਰ੍ਹਾਂ ਗਰਭ ਅਵਸਥਾ ਦੌਰਾਨ ਔਰਤ ਨੂੰ ਆਮ ਲੋੜ ਤੋਂ ਇਲਾਵਾ 15 ਗ੍ਰਾਮ ਅਤੇ ਦੁੱਧ ਪਿਲਾਉਣ ਵੇਲੇ 25 ਗ੍ਰਾਮ ਤੋਂ ਵੱਧ ਪ੍ਰੋਟੀਨ ਖਾਣੀ ਚਾਹੀਦੀ ਹੈ ਕਿਉਂਕਿ ਗਰਭ ਅਵਸਥਾ ਦੌਰਾਨ ਔਰਤ ਆਪਣੇ ਨਾਲ ਇਕ ਬੱਚੇ ਨੂੰ ਵੀ ਪਾਲ ਰਹੀ ਹੁੰਦੀ ਹੈ।

ਸਰੋਤ

ਭੋਜਨ 'ਚੋਂ ਕਣਕ ਤੇ ਚਾਵਲ 'ਚ ਦੋ ਅਮੀਨੋ ਐਸਿਡ ਘੱਟ ਹੁੰਦੇ ਹਨ ਤੇ ਦਾਲਾਂ 'ਚ ਇਕ ਘੱਟ ਹੁੰਦਾ ਹੈ। ਜੋ ਅਮੀਨੋ ਐਸਿਡ ਕਣਕ ਤੇ ਚੌਲਾਂ 'ਚ ਘੱਟ ਹੁੰਦਾ ਹੈ, ਉਹ ਦਾਲਾਂ 'ਚ ਹੁੰਦਾ ਹੈ ਤੇ ਦਾਲਾਂ ਵਿਚਲਾ ਘੱਟ ਅਮੀਨੋ ਐਸਿਡ ਕਣਕ 'ਚ ਹੁੰਦਾ ਹੈ। ਇਸੇ ਤਰ੍ਹਾਂ ਸਾਡੀ ਪ੍ਰੰਪਰਾ 'ਚ ਪ੍ਰਚਲਿਤ ਖ਼ੁਰਾਕ 'ਚੋਂ ਖਿਚੜੀ ਸੰਪੂਰਨ ਖ਼ੁਰਾਕ ਹੈ, ਜਿਸ ਨੂੰ ਮਰੀਜ਼ਾਂ ਦੀ ਖ਼ੁਰਾਕ ਸਮਝਿਆ ਜਾਂਦਾ ਹੈ। ਆਂਡੇ ਦਾ ਸਫ਼ੈਦ ਹਿੱਸਾ ਪ੍ਰੋਟੀਨ ਦਾ ਵਧੀਆ ਸਰੋਤ ਹੈ।

ਸੰਤੁਲਿਤ ਭੋਜਨ

ਇਸ ਤੋਂ ਇਲਾਵਾ ਰੋਜ਼ਾਨਾ ਜ਼ਿੰਦਗੀ 'ਚ 40-50 ਗ੍ਰਾਮ ਕੋਈ ਵੀ ਦਾਲ ਖਾਣੀ ਕਾਫ਼ੀ ਹੈ। ਫਲਾਂ ਨਾਲ ਵੀ ਸਰੀਰ ਨੂੰ ਕਾਫ਼ੀ ਪ੍ਰੋਟੀਨ ਮਿਲ ਜਾਂਦੀ ਹੈ। ਇਹ ਵੀ ਦੇਖਣ 'ਚ ਆਇਆ ਹੈ ਕਿ ਜਦੋਂ ਕਿਸੇ ਵਿਅਕਤੀ ਦੀ ਆਰਥਿਕ ਹਾਲਤ ਸੁਧਰਦੀ ਹੈ ਤਾਂ ਮਾਸਾਹਾਰੀ ਖ਼ੁਰਾਕ ਦੀ ਵਰਤੋਂ ਵੱਧ ਕੀਤੀ ਜਾਂਦੀ ਹੈ। ਇਸ ਲਈ ਕਸਰਤ ਕਰਨ ਵਾਲਿਆਂ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਸੰਤੁਲਿਤ ਭੋਜਨ ਦਾ ਹੀ ਸੇਵਨ ਕਰਨ।

Posted By: Harjinder Sodhi