ਵਿਗਿਆਨੀਆਂ ਨੇ ਇਕ ਅਜਿਹੇ ਪ੍ਰੋਟੀਨ ਦੀ ਖੋਜ ਕੀਤੀ ਹੈ ਜਿਹੜਾ ਫੈਟ ਟਿਸ਼ੂ 'ਚ ਉੱਚ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਅਧਿਐਨ ਨਾਲ ਮੋਟਾਪਾ, ਮੈਟਾਬੋਲਿਕ ਅਤੇ ਹੋਰ ਕਈ ਬਿਮਾਰੀਆਂ ਦੇ ਬਾਰੇ ਵਿਚ ਨਵੀਂ ਸਮਝ ਵਿਕਸਤ ਕਰਨ ਦਾ ਰਾਹ ਖੁੱਲ੍ਹ ਗਿਆ ਹੈ। ਨੇਚਰ ਜਰਨਲ 'ਚ ਪ੍ਰਕਾਸ਼ਿਤ ਅਧਿਐਨ ਮੁਤਾਬਕ, ਹਾਲੇ ਤਕ ਪੀਜੀਆਰਐੱਮਸੀ-2 ਨਾਂ ਦੇ ਪ੍ਰੋਟੀਨ ਦਾ ਡੂੰਘਾ ਅਧਿਐਨ ਨਹੀਂ ਕੀਤਾ ਗਿਆ ਸੀ। ਇਸ ਦੀ ਪਛਾਣ ਯੂਟ੍ਸ ਅਤੇ ਲਿਵਰ ਸਮੇਤ ਸਰੀਰ ਦੇ ਕਈ ਹੋਰ ਹਿੱਸਿਆਂ ਵਿਚ ਕੀਤੀ ਗਈ ਸੀ, ਪਰ ਲੈਬ ਵਿਚ ਖੋਜੀ ਐਨਰਿਕ ਸੇਜ ਨੇ ਖ਼ਾਸ ਤੌਰ 'ਤੇ ਬਰਾਊਨ ਫੈਟ ਦੇ ਟਿਸ਼ੂ ਵਿਚ ਇਸ ਪ੍ਰੋਟੀਨ ਨੂੰ ਕਾਫ਼ੀ ਮਾਤਰਾ ਵਿਚ ਪਾਇਆ। ਬਰਾਊਨ ਟਿਸ਼ੂ ਸਰੀਰ ਦੇ ਤਾਪਮਾਨ ਨੂੰ ਬਣਾਏ ਰੱਖਣ ਲਈ ਖਾਧ ਪਦਾਰਥਾਂ ਨੂੰ ਊਰਜਾ ਵਿਚ ਤਬਦੀਲ ਕਰਨ ਦਾ ਕੰਮ ਕਰਦਾ ਹੈ। ਅਧਿਐਨ ਵਿਚ ਅਜਿਹੇ ਚੂਹੇ ਨੂੰ ਉੱਚ ਫੈਟ ਵਾਲਾ ਭੋਜਨ ਦਿੱਤਾ ਗਿਆ, ਜਿਸ ਦੇ ਫੈਟ ਟਿਸ਼ੂ ਵਿਚ ਪੀਜੀਆਰਐੱਮਸੀ-2ਨਹੀਂ ਸੀ। ਇਹ ਚੂਹਾ ਗਲੂਕੋਜ਼ ਨੂੰ ਬਰਦਾਸ਼ਤ ਨਹੀਂ ਕਰ ਪਾਇਆ ਅਤੇ ਇੰਸੁਲਿਨ ਪ੍ਰਤੀ ਅਸੰਵੇਦਨਸ਼ੀਲ ਹੋ ਗਿਆ। ਇਹ ਡਾਇਬਟੀਜ਼ ਅਤੇ ਹੋਰ ਮੈਟਾਬੋਲਿਕ ਬਿਮਾਰੀਆਂ ਦਾ ਲੱਛਣ ਮੰਨਿਆ ਜਾਂਦਾ ਹੈ।