ਵਾਸ਼ਿੰਗਟਨ (ਏਐੱਨਆਈ) : ਕੋਰੋਨਾ ਵਾਇਰਸ (ਕੋਵਿਡ-19) ਖ਼ਿਲਾਫ਼ ਅਜੇ ਤਕ ਕੋਈ ਪ੍ਰਭਾਵੀ ਦਵਾਈ ਅਤੇ ਵੈਕਸੀਨ ਉਪਲੱਬਧ ਨਹੀਂ ਹੋ ਸਕੀ ਹੈ। ਇਸ ਲਈ ਮਾਸਕ ਪਾਉਣ, ਹੱਥ ਧੋਣ ਅਤੇ ਸਰੀਰਕ ਦੂਰੀ ਦੇ ਨਿਯਮਾਂ 'ਤੇ ਖ਼ਾਸ ਜ਼ੋਰ ਦਿੱਤਾ ਜਾ ਰਿਹਾ ਹੈ। ਇਕ ਨਵੇਂ ਅਧਿਐਨ ਵਿਚ ਵੀ ਇਹੀ ਗੱਲ ਸਾਹਮਣੇ ਆਈ ਹੈ। ਇਸ ਵਿਚ ਇਕ ਮਾਡਲ ਦੇ ਆਧਾਰ 'ਤੇ ਖੋਜਕਾਰਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਮੁਕਾਬਲੇ ਵਿਚ ਸਰੀਰਕ ਦੂਰੀ ਸਭ ਤੋਂ ਪ੍ਰਭਾਵੀ ਉਪਾਅ ਹੈ। ਇਸ ਤਰੀਕੇ ਨਾਲ ਇਨਫੈਕਸ਼ਨ ਦੀ ਰੋਕਥਾਮ ਵਿਚ ਮਦਦ ਮਿਲ ਸਕਦੀ ਹੈ।

ਪ੍ਰਰੋਸੀਡਿੰਗਸ ਆਫ ਦ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਅਧਿਐਨ ਤੋਂ ਜ਼ਾਹਿਰ ਹੁੰਦਾ ਹੈ ਕਿ ਸਰੀਰਕ ਦੂਰੀ ਦਾ ਉਪਾਅ ਹਰ ਸਥਿਤੀ ਵਿਚ ਸਭ ਤੋਂ ਕਾਰਗਰ ਹਥਿਆਰ ਹੋ ਸਕਦਾ ਹੈ। ਕਮਿਊਨਿਟੀ ਪੱਧਰ 'ਤੇ ਇਨਫੈਕਸ਼ਨ ਰੋਕਣ ਲਈ ਦੁਨੀਆ ਭਰ ਵਿਚ ਮਾਸਕ ਪਾਉਣ, ਨਿਰੰਤਰ ਹੱਥ ਧੋਣ ਅਤੇ ਸਰੀਰਕ ਦੂਰੀ ਵਰਗੇ ਉਪਾਵਾਂ ਨੂੰ ਅਜ਼ਮਾਇਆ ਜਾ ਰਿਹੈ ਹੈ ਪ੍ਰੰਤੂ ਇਸ ਵਿੱਚੋਂ ਸਭ ਤੋਂ ਪ੍ਰਭਾਵੀ ਤਰੀਕੇ ਦੀ ਚੋਣ ਕਰਨਾ ਚੁਣੌਤੀਪੂਰਣ ਹੈ। ਇਸ ਅਧਿਐਨ ਵਿਚ ਸ਼ਾਮਲ ਖੋਜਕਾਰਾਂ ਨੇ ਕੰਮ ਦੇ ਸਥਾਨਾਂ, ਸਮਾਗਮਾਂ ਅਤੇ ਦੂਜੇ ਪ੍ਰਰੋਗਰਾਮਾਂ ਦੌਰਾਨ ਕੋਰੋਨਾ ਇਨਫੈਕਸ਼ਨ ਦੇ ਪਾਸਾਰ ਨੂੰ ਲੈ ਕੇ ਇਕ ਆਸਾਨ ਮਾਡਲ ਤਿਆਰ ਕੀਤਾ ਹੈ। ਉਨ੍ਹਾਂ ਇਸ ਮਾਡਲ ਦੇ ਆਧਾਰ 'ਤੇ ਇਨਫੈਕਸ਼ਨ ਦੀ ਦਰ ਦਾ ਅਨੁਮਾਨ ਲਗਾਇਆ। ਖੋਜਕਾਰਾਂ ਨੇ ਇਸ ਗੱਲ 'ਤੇ ਵੀ ਗ਼ੌਰ ਕੀਤਾ ਕਿ ਇਨਫੈਕਸ਼ਨ ਦੀ ਰੋਕਥਾਮ ਲਈ ਕਿਸ ਤਰ੍ਹਾਂ ਦੇ ਉਪਾਅ ਸਭ ਤੋਂ ਜ਼ਿਆਦਾ ਪ੍ਰਭਾਵੀ ਹੋ ਸਕਦੇ ਹਨ। ਇਸ ਅਧਿਐਨ ਵਿਚ ਇਨਫੈਕਸ਼ਨ ਦੀ ਦਰ ਘੱਟ ਕਰਨ ਵਿਚ ਮਾਸਕ ਅਤੇ ਸਰੀਰਕ ਦੂਰੀ ਵਰਗੇ ਉਪਾਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸਾਰੇ ਮੌਕਿਆਂ 'ਤੇ ਇਨਫੈਕਸ਼ਨ ਦੀ ਰੋਕਥਾਮ ਵਿਚ ਸਰੀਰਕ ਦੂਰੀ ਦੇ ਉੁਪਾਅ ਨੂੰ ਸਭ ਤੋਂ ਜ਼ਿਆਦਾ ਪ੍ਰਭਾਵੀ ਦੱਸਿਆ ਗਿਆ।