ਵਾਸ਼ਿੰਗਟਨ (ਪੀਟੀਆਈ) : ਫਾਈਜ਼ਰ (Pfizer) ਤੇ ਮਾਡਰਨਾ (Moderna) ਦੀ ਕੋਰੋਨਾ ਵੈਕਸੀਨ ਨਾਲ ਪੁਰਸ਼ਾਂ ਦੀ ਪ੍ਰਜਣਨ ਸਮਰੱਥਾ ’ਤੇ ਸਾਈਡ ਇਫੈਕਟ ਨਹੀਂ ਪੈਂਦਾ। ਇਕ ਨਵੇਂ ਅਧਿਐਨ ਮੁਤਾਬਕ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈਣ ਤੋਂ ਬਾਅਦ ਵੀ ਪੁਰਸ਼ਾਂ ਦੇ ਸਪਰਮ ਕਾਊਂਟ ਯਾਨੀ ਸ਼ੁਕਰਾਣੂਆਂ ਦਾ ਪੱਧਰ ਘੱਟ ਨਹੀਂ ਹੁੰਦਾ।

‘ਜਾਮਾ’ ਨਾਮਕ ਮੈਗਜ਼ੀਨ ’ਚ ਵੀਰਵਾਰ ਨੂੰ ਪ੍ਰਕਾਸ਼ਿਤ ਹੋਏ ਇਕ ਅਧਿਐਨ ’ਚ 18 ਤੋਂ 50 ਸਾਲ ਦੇ 45 ਵਲੰਟੀਅਰਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਨੂੰ ਫਾਈਜ਼ਰ-ਬਾਇਓਐੱਨਟੈੱਕ ਅਤੇ ਮਾਡਰਨਾ ਦੀ ਐੱਮਆਰਐੱਨਏ ਕੋਰੋਨਾ ਵੈਕਸੀਨ ਲੱਗੀ ਸੀ। ਅਧਿਐਨ ’ਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦੀ ਪਹਿਲਾਂ ਹੀ ਇਹ ਜਾਂਚ ਕਰ ਲਈ ਗਈ ਕਿ ਉਨ੍ਹਾਂ ਨੂੰ ਪ੍ਰਜਣਨ ਸਬੰਧੀ ਕੋਈ ਸਮੱਸਿਆ ਤਾਂ ਨਹੀਂ ਹੈ। ਅਧਿਐਨ ’ਚ 90 ਦਿਨ ਪਹਿਲਾਂ ਤਕ ਕੋਰੋਨਾ ਤੋਂ ਗ੍ਰਸਤ ਜਾਂ ਉਸ ਦੇ ਲੱਛਣਾ ਵਾਲੇ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ।

ਅਧਿਐਨ ’ਚ ਪੁਰਸ਼ਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਸਪਰਮ ਦੇ ਨਮੂਨੇ ਲਏ ਗਏ ਅਤੇ ਦੂਜੀ ਡੋਜ਼ ਦੇਣ ਦੇ ਲਗਪਗ 70 ਦਿਨ ਬਾਅਦ ਮੁੜ ਤੋਂ ਨਮੂਨੇ ਲਏ ਗਏ। ਵਿਸ਼ਵ ਸਿਹਤ ਸੰਗਠਨ (World Health Organisation) ਦੀਆਂ ਹਦਾਇਤਾਂ ਮੁਤਾਬਕ ਮਾਹਿਰਾਂ ਨੇ ਵੱਖ-ਵੱਖ ਮਾਪਦੰਡਾਂ ’ਤੇ ਸ਼ੁਕਰਾਣੂਆਂ ਦੀ ਜਾਂਚ ਕੀਤੀ। ਅਧਿਐਨ ਦੇ ਲੇਖਕਾਂ ’ਚ ਸ਼ਾਮਲ ਅਮਰੀਕਾ ਦੀ ਮਿਆਮੀ ਯੂਨੀਵਰਸਿਟੀ (Miami University) ਦੇ ਇਕ ਅਧਿਐਨਕਰਤਾ ਨੇ ਕਿਹਾ ਕਿ ਵੈਕਸੀਨ ਲਗਵਾਉਣ ’ਚ ਲੋਕਾਂ ਦੀ ਝਿਜਕ ਦਾ ਇਕ ਕਾਰਨ ਪ੍ਰਜਣਨ ਸਮਰੱਥਾ ’ਤੇ ਪੈਣ ਵਾਲੇ ਨਾਂਹ-ਪੱਖੀ ਅਸਰ ਹੋਣ ਦੀ ਧਾਰਨਾ ਵੀ ਹੈ। ਅਧਿਐਨ ’ਚ ਮਾਹਿਰਾਂ ਨੇ ਪਾਇਆ ਕਿ ਵੈਕਸੀਨ ਦਾ ਪ੍ਰਜਣਨ ਸਮਰੱਥਾ ’ਤੇ ਕੋਈ ਸਾਈਡ ਇਫੈਕਟ ਨਹੀਂ ਪਿਆ ਯਾਨੀ ਇਸ ਨਾਲ ਸ਼ੁਕਰਾਣੂਆਂ ਦਾ ਪੱਧਰ ਘੱਟ ਨਹੀਂ ਹੋਇਆ।

Posted By: Seema Anand