ਪੁਲਕ ਤ੍ਰਿਪਾਠੀ, ਲਖਨਊ : ਹੁਣ ਆਮ ਹਾਲਾਤ 'ਚ ਗਰਭ 'ਚ ਪਲ਼ ਰਹੇ ਬੱਚੇ ਦਾ ਹਾਲ ਜਾਣਨ ਲਈ ਵਾਰ-ਵਾਰ ਅਲਟਰਾਸਾਊਂਡ ਤੇ ਹੋਰ ਜਾਂਚਾਂ ਤੋਂ ਛੁਟਕਾਰਾ ਮਿਲੇਗਾ। ਬੱਚੇ ਦੇ ਦਿਲ ਦੀ ਧੜਕਣ ਤੇ ਉਸ ਦੀਆਂ ਗਤੀਵਿਧੀਆਂ (ਹਾਈਪੋਕਸੀਆ) ਆਦਿ ਵਰਗੀ ਸਮੱਸਿਆ ਨੂੰ ਛੋਟੇ ਜਿਹੇ ਉਪਕਰਨ ਦੀ ਮਦਦ ਨਾਲ ਘਰ 'ਚ ਹੀ ਜਾਣਿਆ ਜਾ ਸਕੇਗਾ ਤਾਂ ਜੋ ਤਕਨੀਕ ਦੀ ਮਦਦ ਨਾਲ ਗਰਭਵਤੀਆਂ ਨੂੰ ਆਸਾਨ ਇਲਾਜ ਮਿਲ ਸਕੇ। ਇਸ ਦਿਸ਼ਾ ਵਿਚ ਚੱਲ ਰਹੀ ਖੋਜ 'ਚ ਡਾ. ਏਪੀਜੇ ਅਬਦੁੱਲ ਕਲਾਮ ਟੈਕਨੀਕਲ ਯੂਨੀਵਰਸਿਟੀ (AKTU) ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਏਕੇਟੀਯੂ ਦੇ ਸੈਂਟਰ ਆਫ ਐਡਵਾਂਸ ਸਟੱਡੀਜ਼ (CAS) ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਐਲਗੋਰਿਦਮ ਦੀ ਮਦਦ ਨਾਲ ਇਹ ਉਪਕਰਨ ਤਿਆਰ ਕੀਤਾ ਹੈ।

ਦਿਹਾਤੀ ਇਲਾਕਿਆਂ ਲਈ ਹੋਵੇਗਾ ਵਰਦਾਨ

ਦਿਹਾਤੀ ਇਲਾਕਿਆਂ 'ਚ ਜਿੱਥੇ ਡਾਕਟਰਾਂ ਤੇ ਮੈਡੀਕਲ ਸਹੂਲਤਾਂ ਦੀ ਘਾਟ ਹੈ, ਉੱਥੇ ਹੀ ਗ੍ਰਾਮੀਣ ਇਲਾਕਿਆਂ 'ਚ ਜਿੱਥੇ ਡਾਕਟਰਾਂ ਤੇ ਮੈਡੀਕਲ ਸਹੂਲਤਾਂ ਦੀ ਘਾਟ ਹੈ, ਉੱਥੇ ਹੀ ਗਰਭ 'ਚ ਪਲ਼ ਰਹੇ ਬੱਚੇ ਦੀ ਜਾਨ ਦਾ ਜੋਖ਼ਮ ਵੀ ਬਣਿਆ ਰਹਿੰਦਾ ਹੈ। ਇਸ ਕਾਰਨ ਜਣੇਪੇ ਨੂੰ ਤਮਾਮ ਜਾਂਚਾਂ ਤੇ ਮੈਡੀਕਲ ਪ੍ਰਕਿਰਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਨਵੇਂ ਉਪਕਰਨ ਦੇ ਬਾਜ਼ਾਰ 'ਚ ਆਉਣ ਨਾਲ ਇਨ੍ਹਾਂ ਇਲਾਕਿਆਂ 'ਚ ਭਰੂਣ ਦੀ ਸਿਹਤ ਦੀ ਜਾਂਚ ਆਸਾਨ ਹੋ ਜਾਵੇਗੀ। ਸੈਂਟਰ ਫਾਰ ਐਡਵਾਂਸ ਸਟੱਡੀਜ਼ ਦੇ ਵਿਗਿਆਨੀਆਂ ਦੀ ਟੀਮ ਨੇ ਫੀਟਲ ਹਾਰਟ ਰੇਟ (FHR) ਦੀ ਵਰਤੋਂ ਕਰ ਕੇ ਉਪਕਰਨ ਤਿਆਰ ਕੀਤਾ। ਪ੍ਰਕਿਰਿਆ ਤਹਿਤ ਡਾਪਲਰ ਤੇ ਸੈਂਸਰ ਦੀ ਮਦਦ ਨਾਲ ਗਰਭ 'ਚ ਪਲ਼ ਰਹੇ ਬੱਚੇ ਦੇ ਦਿਲ ਦੀ ਧੜਕਣ ਬਾਰੇ ਸਟੀਕ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ।

ਕੌਮਾਂਤਰੀ ਜਰਨਲ 'ਚ ਪ੍ਰਕਾਸ਼ਿਤ ਹੋਈ ਖੋਜ

ਸੀਏਐੱਸ ਦੇ ਡਾਇਰੈਕਟਰ ਡਾ. ਐੱਮਕੇ ਦੱਤਾ ਨੇ ਦੱਸਿਆ ਕਿ ਕੌਮਾਂਤਰੀ ਜਨਰਲ ਐੱਲਸੀਵੀਅਰ 'ਚ ਖੋਜ ਪ੍ਰਕਾਸ਼ਿਤ ਹੋਈ। ਦੇਸ਼ ਵਿਚ ਕੋਰੋਨਾ ਦੀ ਦੂਸਰੀ ਲਹਿਰ ਕਾਰਨ ਚੈੱਕ ਗਣਰਾਜ ਦੇ ਇਕ ਹਸਪਤਾਲ ਦੀਆਂ 500 ਤੋਂ ਜ਼ਿਆਦਾ ਗਰਭਵਤੀਆਂ 'ਤੇ ਖੋਜ ਤਹਿਤ ਇਸ ਉਪਕਰਨ ਦੀ ਵਰਤੋਂ ਕੀਤੀ ਗਈ ਜਿਸ ਵਿਚ ਬੇਹੱਦ ਸਾਰਥਕ ਸਿੱਟੇ ਸਾਹਮਣੇ ਆਏ ਹਨ, ਕਿਉਂਕਿ ਇਸ ਦੀ ਕੀਮਤ ਕਾਫੀ ਘੱਟ ਹੋਵੇਗੀ, ਇਸ ਲਈ ਕਲਿਨੀਕਲ ਟ੍ਰਾਇਲ ਤੋਂ ਬਾਅਦ ਇਸ ਨੂੰ ਸਰਕਾਰੀ ਯਤਨਾਂ ਨਾਲ ਕਮਿਊਨਿਟੀ ਸਿਹਤ ਕੇਂਦਰ (CHC) ਤੇ ਪ੍ਰਾਇਮਰੀ ਸਿਹਤ ਕੇਂਦਰ (PHC) ਤਕ ਪਹੁੰਚਾਉਣ ਦਾ ਯਤਨ ਕੀਤਾ।

ਨਿੱਜੀ ਕੇਂਦਰ 'ਚ ਅਲਟਰਾਸਾਊਂਟ ਖਰਚੀਲਾ

ਫਿਲਹਾਲ ਗਰਭਵਤੀ ਨੂੰ ਬੱਚੇ ਦੀ ਸਿਹਤ ਦਾ ਹਾਲ ਜਾਣਨ ਲਈ ਕਈ ਵਾਰ ਨਿੱਜੀ ਕੇਂਦਰ 'ਚ ਅਲਟਰਾਸਾਊਂਡ ਕਰਵਾਉਣੀ ਪੈਂਦੀ ਹੈ। ਇਕ ਅਨੁਮਾਨ ਮੁਤਾਬਕ, ਇਕ ਵਾਰ ਦੀ ਅਲਟਰਾਸਾਊਂਡ ਜਾਂਚ ਵਿਚ ਕਰੀਬ ਇਕ ਹਜ਼ਾਰ ਰੁਪਏ ਖਰਚ ਹੁੰਦੇ ਹਨ। ਜ਼ਿਆਦਾਤਰ ਸੀਐੱਚਸੀ ਤੇ ਪੀਐੱਚਸੀ 'ਚ ਅਲਟਰਾਸਾਊਂਡ ਦੀ ਸਹੂਲਤ ਉਪਲਬਧ ਨਹੀਂ ਹੈ। ਅਜਿਹੇ ਵਿਚ ਇਹ ਸਸਤਾ ਉਪਕਰਨ ਦਿਹਾਤੀ ਇਲਾਕਿਆਂ 'ਚ ਗਰਭ 'ਚ ਪਲ਼ ਰਹੇ ਸ਼ਿਸ਼ੂ ਦੀ ਸਿਹਤ ਦੀ ਦੇਖਭਾਲ ਵਿਚ ਵੱਡੀ ਮਦਦ ਕਰ ਸਕਦਾ ਹੈ।

ਉਪਕਰਨ ਦੀ ਖਾਸੀਅਤ

  • ਇਸ ਉਪਕਰਨ ਦੀ ਦੁਰਵਰਤੋਂ ਦੀ ਸੰਭਾਵਨਾ ਨਹੀਂ ਹੋਵੇਗੀ ਕਿਉਂਕਿ ਇਸ ਨਾਲ ਭਰੂਣ ਦੇ ਲਿੰਗ ਦਾ ਪਤਾ ਨਹੀਂ ਲਗਾਇਆ ਜਾ ਸਕਦਾ।
  • ਡਾਟਾ ਕੁਲੈਕਸ਼ਨ ਦੀ ਪ੍ਰਕਿਰਿਆ 10 ਸੈਕੰਡ ਦੀ ਹੋਵੇਗੀ।
  • ਉਪਕਰਨ ਗਰਭਵਤੀ ਦੇ ਦਿਲ ਦੀ ਧੜਕਣ, ਕਮਰੇ 'ਚ ਚੱਲ ਰਹੇ ਪੱਖੇ, ਏਸੀ ਤੇ ਹੋਰ ਆਵਾਜ਼ ਨੂੰ ਪ੍ਰਕਿਰਿਆ ਦੌਰਾਨ ਫਿਲਟਰ ਕਰ ਕੇ ਹਟਾ ਦਿੰਦਾ ਹੈ ਤੇ ਸਿਰਫ ਬੱਚੇ ਤੋਂ ਲਏ ਗਏ ਸਿਗਨਲ 'ਤੇ ਹੀ ਕੰਮ ਕਰਦਾ ਹੈ।
  • ਕਲਿਨੀਕਲ ਟ੍ਰਾਇਲ ਤੋਂ ਬਾਅਦ ਇਸ ਉਪਕਰਨ ਦੀ ਬਾਜ਼ਾਰ 'ਚ ਕੀਮਤ ਵੱਧ ਤੋਂ ਵੱਧ 5 ਹਜ਼ਾਰ ਤੋਂ 10 ਹਜ਼ਾਰ ਰੁਪਏ ਹੋਣ ਦੀ ਉਮੀਦ ਹੈ।

ਮਸ਼ੀਨ ਲਰਨਿੰਗ ਨੇ ਸਾਡੀ ਰਾਹ ਆਸਾਨ ਕੀਤੀ

ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਨੇ ਸਾਡੀ ਰਾਹ ਆਸਾਨ ਕੀਤੀ ਹੈ। ਇਸੇ ਐਲਗੋਰਿਦਮ 'ਤੇ ਇਹ ਉਪਕਰਨ ਤਿਆਰ ਕੀਤਾ ਗਿਆ ਹੈ। ਟ੍ਰਾਇਲ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਕੀਮਤ ਕਾਫੀ ਘੱਟ ਹੋਵੇਗੀ। ਇਹ ਭਾਰਤ ਵਰਗੇ ਦੇਸ਼ ਲਈ ਵਧੀਆ ਤਕਨੀਕ ਤੇ ਉਪਕਰਨ ਹੋ ਸਕਦਾ ਹੈ।

-ਪ੍ਰੋ. ਐੱਮਕੇ ਦੱਤਾ, ਨਿਰਦੇਸ਼ਕ, ਸੈਂਟਰ ਫਾਰ ਐਡਵਾਂਸ ਸਟੱਡੀਜ਼, ਏਕੇਟੀਯੂ

ਇਸ ਦਿਸ਼ਾ 'ਚ ਕਾਫੀ ਡੂੰਘਾ ਅਧਿਐਨ

ਏਆਈ ਤੇ ਐੱਮਐੱਲ ਤਕਨੀਕ ਜ਼ਰੀਏ ਸੀਏਐੱਸ ਇਸ ਦਿਸ਼ਾ 'ਚ ਕਾਫੀ ਡੂੰਘਾ ਅਧਿਐਨ ਕਰ ਰਿਹਾ ਹੈ। ਸਾਹਮਣੇ ਆਇਆ ਇਹ ਨਤੀਜਾ ਨਾ ਸਿਰਫ਼ ਵੱਡੀ ਉਪਲਬਧੀ ਹੈ ਬਲਕਿ ਸਿਹਤਮੰਦ ਭਾਰਤ ਦੀ ਸ਼ੁਰੂਆਤ ਦਾ ਸੰਕੇਤ ਵੀ ਹੈ।

-ਪ੍ਰੋ. ਵਿਨੈ ਕੁਮਾਰ ਪਾਠਕ, ਚਾਂਸਲਰ, ਏਕੇਟੀਯੂ

ਇਹ ਇਕ ਵੱਡੀ ਉਪਲਬਧੀ

ਜੇਕਰ ਕੋਈ ਡਿਵਾਈਸ ਬੱਚੇ ਬਾਰੇ ਜਾਣਕਾਰੀ ਦੇ ਸਕਦੀ ਹੈ ਤਾਂ ਯਕੀਨੀ ਤੌਰ 'ਤੇ ਇਹ ਇਕ ਵੱਡੀ ਉਪਲਬਧੀ ਹੈ। ਇਸ ਦੇ ਕਲਿਨੀਕਲ ਟ੍ਰਾਇਲ ਤੋਂ ਬਾਅਦ ਕਾਫੀ ਮਦਦ ਮਿਲੇਗੀ।

-ਡਾ. ਉਮਾ ਸਿੰਘ, ਡੀਨ ਤੇ ਐੱਚਓਡੀ, ਕਵੀਨ ਮੈਰੀ, ਕੇਜੀਐੱਮਯੂ

ਇਹ ਉਪਕਰਨ ਕਾਫੀ ਕਾਰਗਰ ਸਾਬਿਤ ਹੋ ਸਕਦਾ ਹੈ

ਇੰਟਰਾ ਯੂਟ੍ਰਾਈਨ ਡੈੱਥ (IUD) ਯਾਨੀ ਗਰਭ 'ਚ ਹੀ ਬੱਚੇ ਦੀ ਮੌਤ ਹੋਣ ਦੇ ਮਾਮਲੇ ਅਕਸਰ ਆਉਂਦੇ ਹਨ। ਅਜਿਹੇ ਮਾਮਲੇ 'ਚ ਗਰਭਵਤੀ ਨੂੰ ਇਸ ਗੱਲ ਦਾ ਭਰਮ ਰਹਿੰਦਾ ਹੈ ਕਿ ਬੱਚੇ ਦੀ ਮੂਵਮੈਂਟ ਹੋ ਰਹੀ ਹੈ। ਅਜਿਹੀ ਸਥਿਤੀ ਨਾਲ ਨਜਿੱਠਣ ਲਈ ਇਹ ਉਪਕਰਨ ਕਾਫੀ ਮਦਦਗਾਰ ਸਾਬਿਤ ਹੋ ਸਕਦਾ ਹੈ। ਗਰਭਵਤੀਆਂ ਲਈ ਇਹ ਕਾਫੀ ਪਾਇਦੇਮੰਦ ਕਿਹਾ ਜਾ ਸਕਦਾ ਹੈ।

-ਡਾ. ਮਾਲਵਿਕਾ ਮਿਸ਼ਰਾ, ਐਸੋਸੀਏਟ ਪ੍ਰੋਫੈਸਰ, ਡਾ. ਰਾਮ ਮਨੋਹਰ ਲੋਹੀਆ ਮੈਡੀਕਲ ਸੰਸਥਾ

Posted By: Seema Anand