ਨਵੀਂ ਦਿੱਲੀ (ਏਐੱਨਆਈ) : ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਵਿਭਾਗ ਦੀਆਂ ਮੀਟਿੰਗਾਂ 'ਚ ਚਾਹ-ਪਾਣੀ ਦੌਰਾਨ ਬਿਸਕੁਟ ਨਾ ਪਰੋਸਣ ਦੇ ਨਿਰਦੇਸ਼ ਦਿੱਤੇ ਹਨ। ਮੰਤਰਾਲੇ ਨੇ ਇਨ੍ਹਾਂ ਦੀ ਥਾਂ ਮੀਟਿੰਗਾਂ ਵਿਚ ਸਿਹਤ ਲਈ ਚੰਗੇ ਚਾਹ-ਪਾਣੀ ਜਿਵੇਂ ਖਜੂਰ ਜਾਂ ਭੁੰਨੇ ਛੋਲੇ ਪਰੋਸਣ ਦੀ ਸਲਾਹ ਦਿੱਤੀ ਹੈ।

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਇਸ ਸਬੰਧੀ 19 ਜੂਨ ਨੂੰ ਇਕ ਸਰਕੂਲਰ ਜਾਰੀ ਕੀਤਾ ਸੀ। ਇਸ ਵਿਚ ਮੰਤਰਾਲੇ ਨੇ ਆਪਣੇ ਸਾਰੇ ਵਿਭਾਗਾਂ ਨੂੰ ਤੁਰੰਤ ਅਧਿਕਾਰਤ ਮੀਟਿੰਗਾਂ ਦੌਰਾਨ ਕੁਕੀਜ, ਬਿਲਕੁਟ ਤੇ ਹੋਰ ਫਾਸਟ ਫੂਡ ਪਰੋਸਣ ਤੋਂ ਮਨ੍ਹਾ ਕੀਤਾ ਸੀ। ਮੰਤਰਾਲੇ ਨੇ ਕਿਹਾ ਸੀ ਕਿ ਇਨ੍ਹਾਂ ਦੀ ਥਾਂ ਬਦਲ ਦੇ ਤੌਰ 'ਤੇ ਬਾਦਾਮ, ਅਖਰੋਟ, ਖਜੂਰ ਤੇ ਭੁੰਨੇ ਹੋਏ ਛੋਲੇ, ਦਲੀਆ ਪਰੋਸੇ ਜਾ ਸਕਦੇ ਹਨ। ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਇਸ ਕਦਮ ਨਾਲ ਖ਼ੁਸ਼ ਹਾਂ। ਸਾਡੇ ਮੰਤਰੀ ਖ਼ੁਦ ਡਾਕਟਰ ਹਨ ਤੇ ਉਹ ਫਾਸਟ ਫੂਡ ਤੋਂ ਹੋਣ ਵਾਲੇ ਨੁਕਸਾਨ ਨੂੰ ਜਾਣਦੇ ਹਨ। ਅਸੀਂ ਇਸ ਕਦਮ ਨੂੰ ਸਹਿਜਤਾ ਨਾਲ ਸਵੀਕਾਰ ਕਰਦੇ ਹਾਂ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੰਤਰਾਲਾ ਆਪਣੀ ਮੀਟਿੰਗ ਪਲਾਸਟਿਕ ਵਾਲੀਆਂ ਪਾਣੀ ਦੀਆਂ ਬੋਤਲਾਂ 'ਤੇ ਪਾਬੰਦੀ ਲਾ ਚੁੱਕਾ ਹੈ।