ਵਿਗਿਆਨੀਆਂ ਨੇ ਇਕ ਅਜਿਹਾ ਐਪ ਵਿਕਸਤ ਕੀਤਾ ਹੈ ਜਿਹੜਾ ਬਿਗ ਡਾਟਾ ਐਨਾਲਿਟਿਕਸ ਦੀ ਮਦਦ ਨਾਲ ਇਹ ਅਨੁਮਾਨ ਲਗਾ ਸਕੇਗਾ ਕਿ ਕਿਸੇ ਵਿਅਕਤੀ ਦੇ ਪੇਟ ਦੀ ਸਰਜਰੀ ਤੋਂ ਬਾਅਦ ਹਰਨੀਆ ਹੋਣ ਦਾ ਕਿੰਨਾ ਖ਼ਤਰਾ ਹੈ। ਪੇਟ ਦੀ ਸਰਜਰੀ ਤੋਂ ਗੁਜ਼ਰਨ ਵਾਲੇ ਲਗਪਗ ਅੱਠ ਵਿਚੋਂ ਇਕ ਮਰੀਜ਼ ਨੂੰ ਹਰਨੀਆ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਐਪ ਇਸ ਮਾਮਲੇ ਵਿਚ ਬੇਹੱਦ ਸਹਾਇਕ ਸਾਬਤ ਹੋ ਸਕਦਾ ਹੈ। ਹਰਨੀਆ ਅਜਿਹੀ ਪਰੇਸ਼ਾਨੀ ਹੈ ਜਿਸ ਵਿਚ ਸਰਜਰੀ ਕਾਰਨ ਬਣੇ ਸੁਰਾਖ ਵਿਚੋਂ ਕੋਈ ਟਿਸ਼ੂ ਬਾਹਰ ਆ ਕੇ ਵਿਕਸਤ ਹੋਣ ਲੱਗਦਾ ਹੈ। ਵਿਗਿਆਨੀਆਂ ਨੇ ਇਲੈਕਟ੍ਰਾਨਿਕ ਹੈਲਥ ਰਿਕਾਰਡ ਦੀ ਮਦਦ ਨਾਲ ਮਰੀਜ਼ਾਂ ਲਈ ਰਿਸਕ ਫੈਕਟਰ ਦਾ ਪਤਾ ਲਗਾਉਣ ਦੇ ਉਦੇਸ਼ ਨਾਲ ਇਹ ਐਪ ਵਿਕਸਤ ਕੀਤਾ ਹੈ। ਇਸ ਤੋਂ ਇਹ ਵੀ ਪਤਾ ਲੱਗ ਸਕੇਗਾ ਕਿ ਕਿਸ ਤਰ੍ਹਾਂ ਨਾਲ ਸਰਜਰੀ ਨਾਲ ਹਰਨੀਆ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਯੂਨੀਵਰਸਿਟੀ ਆਫ ਪੈਂਸਿਲਵੇਨੀਆ ਦੇ ਖੋਜੀ ਜੌਹਨ ਪੀ ਫਿਸ਼ਰ ਨੇ ਕਿਹਾ, 'ਇਸ ਦੀ ਮਦਦ ਨਾਲ ਮਰੀਜ਼ ਅਤੇ ਸਰਜਨ ਪਹਿਲਾਂ ਤੋਂ ਹੀ ਖ਼ਤਰੇ ਨੂੰ ਲੈ ਕੇ ਚੌਕਸ ਹੋ ਸਕਣਗੇ ਅਤੇ ਜ਼ਰੂਰੀ ਕਦਮ ਚੁੱਕ ਸਕਣਗੇ।'