ਬੀਜਿੰਗ (ਏਐੱਨਆਈ) : ਚੀਨ ਵਿਚ ਹੋਈ ਇਕ ਨਵੀਂ ਖੋਜ ਵਿਚ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਇਕ ਰੁੱਝੀ ਸੜਕ ਦੇ ਕੰਢੇ ਰਹਿੰਦੇ ਹੋ ਤਾਂ ਲਗਾਤਾਰ ਗੱਡੀਆਂ ਦੇ ਇੰਜਣ ਦੇ ਸ਼ੋਰ, ਤੇਜ਼ ਹਾਰਨ ਅਤੇ ਸਾਇਰਨਾਂ ਦੀ ਆਵਾਜ਼ ਨਾਲ ਤੁਹਾਡਾ ਬਲੱਡ ਪ੍ਰੈਸ਼ਰ (ਬੀਪੀ) ਵੱਧ ਸਕਦਾ ਹੈ। ਜੇਏਸੀਸੀ ਵਿਚ ਪ੍ਰਕਾਸ਼ਿਤ ਇਸ ਖੋਜ ਦੀ ਪੁਸ਼ਟੀ ਕੀਤੀ ਗਈ ਹੈ।

ਚੀਨ ਦੇ ਬੀਜਿੰਗ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਜਿੰਗ ਹੁਆਂਗ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਦੇਖ ਕੇ ਬੇਹਦ ਹੈਰਾਨੀ ਹੋਈ ਕਿ ਹਵਾ ਪ੍ਰਦੂਸ਼ਨ ਘੱਟ ਕਰਨ ਤੋਂ ਬਾਅਦ ਸੜਕੀ ਆਵਾਜਾਈ ਦੇ ਸ਼ੋਰ ਦਾ ਹਾਈ ਬਲੱਡ ਪ੍ਰੈਸ਼ਰ ਨਾਲ ਰਿਸ਼ਤਾ ਕਾਫੀ ਡੂੰਘਾ ਰਹਿੰਦਾ ਹੈ। ਪਿਛਲੀਆਂ ਖੋਜਾਂ ਵਿਚ ਦੱਸਿਆ ਗਿਆ ਹੈ ਕਿ ਆਵਾਜਾਈ ਦੇ ਰੌਲੇ-ਰੱਪੇ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਸਬੰਧ ਹੈ ਪਰ ਹੁਣ ਇਹ ਸਾਫ਼ ਹੋ ਗਿਆ ਹੈ ਕਿ ਦੋਵਾਂ ਵਿਚਾਲੇ ਸਹਿਜ ਅਤੇ ਸਿੱਧਾ ਸਬੰਧ ਹੈ। ਇਹ ਖੋਜ 40 ਤੋਂ 69 ਉਮਰ ਵਰਗ ਦੇ 2,40,000 ਲੋਕਾਂ ’ਤੇ ਕੀਤੀ ਗਈ ਹੈ। ਰਿਹਾਇਸ਼ੀ ਇਲਾਕਿਆਂ ਵਿਚ ਵੀ ਅਜਿਹੇ ਰੌਲੇ-ਰੱਪੇ ਨਾਲ ਲੋਕ ਪ੍ਰਭਾਵਿਤ ਹੁੰਦੇ ਹਨ। ਰੌਲਾ ਵੱਧਣ ਦੇ ਨਾਲ-ਨਾਲ ਤਣਾਅ ਅਤੇ ਬਲੱਡ ਪ੍ਰੈਸ਼ਰ ਵੀ ਵਧਦਾ ਜਾਂਦਾ ਹੈ। ਇਸ ਖੋਜ ਨਾਲ ਜਨ ਸਿਹਤ ਦੇ ਖੇਤਰ ਵਿਚ ਕਈ ਅਹਿਮ ਕਦਮ ਚੁੱਕੇ ਜਾ ਸਕਦੇ ਹਨ। ਸਰਕਾਰਾਂ ਸੜਕਾਂ ਦਾ ਰੌਲ਼ਾ-ਰੱਪਾ ਘੱਟ ਕਰਨ ਲਈ ਨੀਤੀਆਂ ਬਣਾ ਸਕਦੀਆਂ ਹਨ।

Posted By: Shubham Kumar