ਬੀਜਿੰਗ (ਆਈਏਐੱਨਐੱਸ) : ਖੋਜੀਆਂ ਮੁਤਾਬਕ ਗ਼ੈਰ-ਸਿਹਤਮੰਦ ਖਾਣਪੀਣ ਦੁਨੀਆ ਭਰ ਵਿਚ ਦਿਲ ਦੀ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਪਿੱਛੇ ਸਭ ਤੋਂ ਵੱਡਾ ਕਾਰਨ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਸਿਹਤ ਵਧਾਉਣ ਵਾਲੇ ਖਾਣੇ ਰਾਹੀਂ ਦੋ-ਤਿਹਾਈ ਲੋਕਾਂ ਨੂੰ ਮਰਨ ਤੋਂ ਬਚਾਇਆ ਜਾ ਸਕਦਾ ਹੈ। ਯੂਰਪੀ ਹਾਰਟ ਜਰਨਲ ਵਿਚ ਪ੍ਰਕਾਸ਼ਿਤ ਖੋਜ ਵਿਚ ਕਿਫ਼ਾਇਤੀ ਅਤੇ ਸਿਹਤ ਵਧਾਉਣ ਵਾਲੇ ਖਾਣੇ ਦੀ ਉਪਯੋਗਤਾ ਦੱਸੀ ਗਈ ਹੈ।

ਖੋਜੀਆਂ ਮੁਤਾਬਕ ਹਰ ਰੋਜ਼ ਦੇ ਖਾਣਪੀਣ ਵਿਚ 200 ਤੋਂ 300 ਗ੍ਰਾਮ ਫਲ, 290 ਤੋਂ 430 ਗ੍ਰਾਮ ਸਬਜ਼ੀਆਂ, 16 ਤੋਂ 25 ਗ੍ਰਾਮ ਬਾਦਾਮ ਅਤੇ 100 ਤੋਂ 150 ਗ੍ਰਾਮ ਸਾਬਿਤ ਅਨਾਜ ਸ਼ਾਮਲ ਹੋਣਾ ਚਾਹੀਦਾ ਹੈ। ਚੀਨ ਸਥਿਤ ਸੈਂਟਰਲ ਸਾਊਥ ਯੂਨੀਵਰਸਿਟੀ ਨਾਲ ਸਬੰਧ ਰੱਖਣ ਵਾਲੇ ਅਤੇ ਖੋਜ ਦੇ ਮੁੱਖ ਲੇਖਕ ਸ਼ਿਨਯਾਓ ਲਿਯੂ ਨੇ ਦੱਸਿਆ ਕਿ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਗ਼ੈਰ ਸਿਹਤਮੰਦ, ਹਾਈ ਬਲੱਡ ਪ੍ਰੈਸ਼ਰ ਅਤੇ ਹਾਈ ਸੀਰਮ ਕੋਲੈਸਟ੍ਰੋਲ ਹਾਰਟ ਅਟੈਕ ਅਤੇ ਅੰਜ਼ਾਈਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਤਿੰਨ ਕਾਰਨ ਹਨ। ਹਾਰਟ ਅਟੈਕ ਅਤੇ ਅੰਜ਼ਾਈਨਾਂ ਨੂੰ ਸਮੂਹਿਕ ਰੂਪ ਤੋਂ ਇਸਕੈਮਿਕ ਹਾਰਟ ਡਿਜ਼ੀਜ਼ ਕਿਹਾ ਜਾਂਦਾ ਹੈ। ਕਾਰਡੀਅਕ ਇਸਕੈਮੀਆ ਦਿਲ ਦੀਆਂ ਮਾਸਪੇਸ਼ੀਆਂ ਵਿਚ ਖ਼ੂਨ ਦੇ ਵਹਾਅ ਅਤੇ ਆਕਸੀਜਨ ਵਿਚ ਕਮੀ ਦਾ ਨਾਂ ਹੈ। ਰਿਸਰਚ ਟੀਮ ਨੇ ਗਲੋਬਲ ਬਰਡਨ ਆਫ ਡਿਜ਼ੀਜ਼ ਸਟੱਡੀ 2017 ਵੱਲੋਂ ਪ੍ਰਦਾਨ ਕੀਤੇ ਗਏ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਇਹ ਸਟੱਡੀ 1990 ਤੋਂ 2017 ਵਿਚਕਾਰ 195 ਦੇਸ਼ਾਂ ਵਿਚ ਕੀਤੀ ਗਈ ਸੀ। ਖੋਜ ਵਿਚ ਕਿਹਾ ਗਿਆ ਹੈ ਕਿ ਸਾਲ 2017 ਵਿਚ 89 ਲੱਖ ਲੋਕਾਂ ਦੀ ਮੌਤ ਇਸਕੈਮਿਕ ਹਾਰਟ ਡਿਜ਼ੀਜ਼ ਨਾਲ ਹੋਈ। ਇਹ 1990 ਵਿਚ ਸਾਰੇ ਤਰ੍ਹਾਂ ਦੀਆਂ ਮੌਤਾਂ ਦੀ ਗਿਣਤੀ ਦਾ 12.6 ਫ਼ੀਸਦੀ ਸੀ। ਮਾਹਿਰਾਂ ਨੇ ਇਸਕੈਮਿਕ ਹਾਰਟ ਡਿਜ਼ੀਜ਼ ਨਾਲ ਮੌਤ ਦੇ ਮਾਮਲੇ ਵਿਚ 11 ਰਿਸਕ ਫੈਕਟਰ ਦਾ ਪਤਾ ਲਗਾਇਆ ਹੈ। ਇਸ ਵਿਚ ਗ਼ੈਰ ਸਿਹਤਮੰਦ ਖਾਣਪੀਣ, ਹਾਈ ਬਲੱਡ ਪ੍ਰੈਸ਼ਰ, ਐੱਲਡੀਐੱਲ ਕੋਲੈਸਟ੍ਰੋਲ, ਹਾਈ ਪਲਾਜ਼ਮਾ ਗਲੂਕੋਜ਼, ਤੰਬਾਕੂ ਦੀ ਵਰਤੋਂ, ਬੀਮਏਆਈ, ਹਵਾ ਪ੍ਰਦੂਸ਼ਣ, ਘੱਟ ਸਰੀਰਕ ਸਰਗਰਮੀ ਸਮੇਤ ਹੋਰ ਕਾਰਕ ਸ਼ਾਮਲ ਹਨ। ਖੋਜੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਰਿਸਕ ਫੈਕਟਰ ਨੂੰ ਖ਼ਤਮ ਕਰਕੇ ਇਸਕੈਮਿਕ ਹਾਰਟ ਡਿਜ਼ੀਜ਼ ਤੋਂ ਹੋਣ ਵਾਲੀਆਂ ਮੌਤਾਂ ਨੂੰ ਘੱਟ ਕੀਤਾ ਜਾ ਸਕਦਾ ਹੈ।