ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੇ ਕਹਿਰ ’ਚ ਰੱਖਿਆ ਖੋਜ ਤੇ ਵਿਕਾਸ ਸੰਗਠਨ (Defense research and development organization, ਡੀਆਰਡੀਓ) ਦੀ ਨਵੀਂ ਦਵਾਈ ਨੇ ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਦੀ ਨਵੀਂ ਉਮੀਦ ਦਿੱਤੀ ਹੈ। ਡੀਆਰਡੀਓ ਦੀ ਇਸ ਨਵੀਂ ਕੋਰੋਨਾ ਮੁਕਤ ਦਵਾਈ ਦਾ ਇਸਤੇਮਾਲ ਐਮਰਜੈਂਸੀ ਸਥਿਤੀ ’ਚ ਕੋਰੋਨਾ ਸੰਕ੍ਰਮਿਤ ਮਰੀਜ਼ਾਂ ’ਤੇ ਕੀਤਾ ਜਾਵੇਗਾ। ਡਰੱਗਸ ਕੰਟ੍ਰੋਲਰ ਜਨਰਲ ਆਫ ਇੰਡੀਆ ਨੇ ਡੀਆਰਡੀਓ ਦੀ 2-ਡੀਆਕਸੀ-ਡੀ-ਗੁੱਲੂਕੋਜ਼ (2-ਡੀਜੀ) ਨਾਮ ਨਾਲ ਵਿਕਸਿਤ ਇਸ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦਵਾਈ ਨਾਲ ਕੋਰੋਨਾ ਸੰਕ੍ਰਮਿਤ ਮਰੀਜ਼ਾਂ ’ਚ ਆਕਸੀਜਨ ਦੀ ਕਮੀ ਦੀ ਚੁਣੌਤੀ ਨੂੰ ਕਾਫੀ ਹੱਦ ਤਕ ਘੱਟ ਕੀਤਾ ਜਾ ਸਕਦਾ ਹੈ। ਡੀਆਰਡੀਓ ਨੇ ਇਹ ਜਾਣਕਾਰੀ ਦਿੱਤੀ ਹੈ। ਡੀਆਰਡੀਓ ਦੁਆਰਾ ਵਿਕਸਿਤ ਕੋਰੋਨਾ ਦੀ ਇਸ ਦਵਾਈ 2-ਡੀਜੀ (2-deoxy-D-glucose) ਨੂੰ ਦੇਸ਼ ’ਚ ‘ਗੇਮਚੇਂਜਰ’ ਅਤੇ ‘ਸੰਜੀਵਨੀ’ ਵੀ ਕਿਹਾ ਜਾ ਰਿਹਾ ਹੈ।

ਦਾਅਵਾ ਹੈ ਕਿ ਇਹ ਦਵਾਈ 7 ਦਿਨ ’ਚ ਕੋਰੋਨਾ ਸੰਕ੍ਰਮਣ ਨੂੰ ਖ਼ਤਮ ਕਰ ਸਕਦੀ ਹੈ। ਹੁਣ ਤਕ 42 ਮਰੀਜ਼ਾਂ ’ਤੇ ਟੈਸਟ ਹੋਇਆ ਹੈ, ਜਿਸ ’ਚ ਪਾਇਆ ਗਿਆ ਹੈ ਕਿ ਇਸਦੇ ਸੇਵਨ ਨਾਲ ਆਕਸੀਜਨ ਲੈਵਲ ਬਣਿਆ ਰਹਿੰਦਾ ਹੈ।

ਡੀਆਰਡੀਓ ਨੇ ਦੱਸਿਆ ਕਿ ਇਹ ਦਵਾਈ ਇਕ ਪਾਊਡਰ ਦੇ ਰੂਪ ’ਚ ਸੈਸ਼ੇ ’ਚ ਆਉਂਦੀ ਹੈ, ਜਿਸਨੂੰ ਪਾਣੀ ’ਚ ਘੋਲ ਕੇ ਦਿੱਤਾ ਜਾ ਸਕਦਾ ਹੈ। ਡੀਆਰਡੀਓ ਦੀ ਰਿਸਰਚ ਲੈਬ ਇੰਸਟੀਚਿਊਟ ਆਫ ਨਿਊਕਲੀਅਰ ਐਂਡ ਏਲਾਈਡ ਸਾਇੰਸਜ (ਇਨਮਾਸ) ’ਚ ਡਾ. ਰੇਡੀਜ਼ ਲੈਬੋਰੇਟਰੀਜ਼, ਹੈਦਰਾਬਾਦ ਦੇ ਸਹਿਯੋਗ ਨਾਲ ਵਿਕਸਿਤ ਇਸ ਦਵਾਈ ਦਾ ਕਲੀਨਿਕਲ ਟ੍ਰਾਇਲ ਸਫ਼ਲ ਰਿਹਾ ਹੈ। ਟ੍ਰਾਇਲ ਦੌਰਾਨ ਦਵਾਈ ਲੈਣ ਵਾਲੇ ਲੋਕ ਵੱਡੀ ਗਿਣਤੀ ’ਚ ਆਰਟੀਪੀਸੀਆਰ ਟੈਸਟ ’ਚ ਨੈਗੇਟਿਵ ਪਾਏ ਗਏ।

ਡੀਆਰਡੀਓ ਅਤੇ ਇਨਮਾਸ ਦੇ ਵਿਗਿਆਨੀਆਂ ਨੇ ਅਪ੍ਰੈਲ, 2020 ’ਚ ਇਸ ਦਵਾਈ ਨੂੰ ਵਿਕਸਿਤ ਕਰਨ ’ਤੇ ਕੰਮ ਸ਼ੁਰੂ ਕੀਤਾ ਸੀ। ਦਵਾਈ ਨੂੰ ਸੁਰੱਖਿਆ ਅਤੇ ਕੋਰੋਨਾ ਮਰੀਜ਼ਾਂ ’ਤੇ ਅਸਰਕਾਰੀ ਪਾਇਆ ਗਿਆ ਹੈ।

ਦੇਸ਼ ’ਚ ਹੀ ਆਸਾਨੀ ਨਾਲ ਬਣ ਸਕੇਗੀ ਦਵਾਈ

ਖ਼ਾਸ ਗੱਲ ਇਹ ਹੈ ਕਿ 2-ਡੀਜੀ ਜਨਰਿਕ ਦਵਾਈ ਹੈ ਅਤੇ ਇਸਨੂੰ ਦੇਸ਼ ’ਚ ਵੱਡੀ ਮਾਤਰਾ ’ਚ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਕੋਰੋਨਾ ਦੀ ਦੂਸਰੀ ਲਹਿਰ ’ਚ ਆਕਸੀਜਨ ਦੀ ਕਮੀ ਦੇ ਚੱਲਦਿਆਂ ਗੰਭੀਰ ਸਥਿਤੀ ਦਾ ਸਾਹਮਣਾ ਕਰ ਰਹੇ ਮਰੀਜ਼ਾਂ ਦੀ ਹਾਲਤ ਨੂੰ ਦੇਖਦੇ ਹੋਏ ਇਹ ਦਵਾਈ ਭਵਿੱਖ ’ਚ ਇਸ ਹਾਲਾਤ ਨੂੰ ਰੋਕਣ ’ਚ ਬੇਹੱਦ ਕਾਰਗਰ ਸਾਬਿਤ ਹੋ ਸਕਦੀ ਹੈ।

Posted By: Ramanjit Kaur