ਵਿਗਿਆਨੀਆਂ ਨੇ ਇਕ ਅਜਿਹਾ ਕੈਪਸੂਲ ਤਿਆਰ ਕੀਤਾ ਹੈ ਜਿਹੜਾ ਇੰਸੁਲਿਨ ਤੇ ਹੋਰ ਅਜਿਹੀਆਂ ਦਵਾਈਆਂ ਨੂੰ ਸਰੀਰ ਵਿਚ ਪਹੁੰਚਾਉਣ 'ਚ ਸਮਰੱਥ ਹੈ, ਜਿਨ੍ਹਾਂ ਨੂੰ ਆਮ ਤੌਰ 'ਤੇ ਇੰਜੈਕਸ਼ਨ ਜ਼ਰੀਏ ਸਰੀਰ 'ਚ ਪਹੁੰਚਾਇਆ ਜਾਂਦਾ ਹੈ। ਵਿਗਿਆਨੀਆਂ ਨੇ ਦੱਸਿਆ ਕਿ ਬਹੁਤ ਸਾਰੀਆਂ ਦਵਾਈਆਂ, ਖ਼ਾਸ ਕਰ ਕੇ ਪ੍ਰੋਟੀਨ ਤੋਂ ਬਣੀਆਂ ਦਵਾਈਆਂ ਗੋਲ਼ੀ ਜਾਂ ਕੈਪਸੂਲ ਦੇ ਰੂਪ ਵਿਚ ਨਹੀਂ ਖਾਧੀਆਂ ਜਾ ਸਕਦੀਆਂ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਅਜਿਹੀਆਂ ਦਵਾਈਆਂ ਅਕਸਰ ਪਾਚਨ ਤੰਤਰ ਤਕ ਪਹੁੰਚਦੇ ਹੀ ਆਪਣਾ ਅਸਰ ਦਿਖਾਉਣ ਤੋਂ ਪਹਿਲਾਂ ਨਸ਼ਟ ਹੋ ਜਾਂਦੀਆਂ ਹਨ। ਇੰਸੁਲਿਨ ਦੇ ਨਾਲ ਵੀ ਅਜਿਹਾ ਹੀ ਹੈ। ਹੁਣ ਵਿਗਿਆਨੀਆਂ ਨੇ ਅਜਿਹਾ ਕੈਪਸੂਲ ਬਣਾਇਆ ਹੈ ਜਿਹੜਾ ਛੋਟੀ ਆਂਤ ਵਿਚ ਪਹੁੰਚ ਕੇ ਸੂਖਮ ਸੂਈਆਂ ਦੇ ਰੂਪ ਵਿਚ ਦਵਾਈ ਨੂੰ ਮੁਕਤ ਕਰਦਾ ਹੈ। ਇਹ ਸੂਈਆਂ ਆਂਤ ਦੇ ਕਿਨਾਰਿਆਂ ਨਾਲ ਚਿਪਕ ਕੇ ਹੌਲੀ-ਹੌਲੀ ਦਵਾਈ ਨੂੰ ਖ਼ੂਨ ਵਿਚ ਪਹੁੰਚਾ ਦਿੰਦੀ ਹੈ ਅਤੇ ਘੁੱਲ ਕੇ ਖ਼ਤਮ ਹੋ ਜਾਂਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਕੈਪਸੂਲ ਵੀ ਇੰਜੈਕਸ਼ਨ ਜਿੰਨੀ ਦਵਾਈ ਨੂੰ ਸਰੀਰ ਵਿਚ ਪਹੁੰਚਾਉਣ 'ਚ ਸਮਰੱਥ ਹੈ। ਅਮਰੀਕਾ ਦੇ ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐੱਮਆਈਟੀ) ਦੇ ਖੋਜੀਆਂ ਨੇ ਇਕ ਫਾਰਮਾ ਕੰਪਨੀ ਨਾਲ ਮਿਲ ਕੇ ਇਹ ਕੈਪਸੂਲ ਤਿਆਰ ਕੀਤਾ ਹੈ। (ਪੀਟੀਆਈ)

Posted By: Sarabjeet Kaur