ਜੇਐੱਨਐੱਨ, ਨਵੀਂ ਦਿੱਲੀ : ਨਿੰਮ ਨੂੰ ਆਯੁਰਵੈਦ 'ਚ ਚਮਤਕਾਰੀ ਦਰੱਖ਼ਤ ਮੰਨਿਆ ਗਿਆ ਹੈ। ਕੁਦਰਤ ਨੇ ਸਾਨੂੰ ਕੁਦਰਤੀ ਡਾਕਟਰ ਦੇ ਰੂਪ 'ਚ ਨਿੰਮ ਦਾ ਦਰੱਖ਼ਤ ਦਿੱਤਾ ਹੈ। ਨਿੰਮ ਦੀ ਜੜ੍ਹ, ਫਲ਼, ਪੱਤੇ, ਟਹਿਣੀ ਤੇ ਸ਼ਾਲ ਸਮੇਤ ਹਰ ਹਿੱਸਾ ਔਸ਼ਧੀ ਦੇ ਰੂਪ 'ਚ ਕੰਮ ਆਉਂਦਾ ਹੈ। ਨਿੰਮ ਨੂੰ ਆਯੁਰਵੈਦ 'ਚ ਸਰਵ ਰੋਗ ਹਰੀ ਕਹਿੰਦੇ ਹਨ ਕਿਉਂਕਿ ਨਿੰਮ ਸਾਡੇ ਖ਼ੂਨ ਨੂੰ ਸ਼ੁੱਧ ਬਣਾਉਣ ਦੇ ਨਾਲ-ਨਾਲ ਕੋਲੈਸਟ੍ਰੋਲ ਨੂੰ ਕੰਟਰੋਲ ਕਰਦਾ ਹੈ ਜੋ ਕਈ ਬਿਮਾਰੀਆਂ ਤੋਂ ਬਚਾਉਣ 'ਚ ਮਦਦ ਕਰਦਾ ਹੈ। ਨਿੰਮ ਸਾਡੇ ਸਰੀਰ, ਚਮੜੀ ਤੇ ਵਾਲ਼ਾਂ ਲਈ ਵੀ ਕਾਫ਼ੀ ਫਾਇਦੇਮੰਦ ਹੈ। ਜੇਕਰ ਤੁਸੀਂ ਸੋਚ ਰਹੇ ਹੋ ਕਿ ਕਿਵੇਂ ਤਾਂ ਅਸੀਂ ਤੁਹਾਨੂੰ ਨਿੰਮ ਦੇ ਪੱਤਿਆਂ 'ਚੋਂ ਨਿਕਲੇ ਰਸ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡੀ ਸਿਹਤ ਦਰੁਸਤ ਰੱਖਣ ਦੇ ਨਾਲ-ਨਾਲ ਕਈ ਲਾਭ ਪ੍ਰਦਾਨ ਕਰਦੇ ਹਨ।

ਖ਼ੂਨ ਸਾਫ਼ ਕਰਦਾ ਹੈ ਨਿੰਮ ਦਾ ਰਸ

ਨਿੰਮ ਦੀਆਂ ਪੱਤੀਆਂ 'ਚੋਂ ਨਿਕਲਿਆ ਰਸ ਇਕ ਖ਼ੂਨ ਨੂੰ ਸਾਫ਼ ਕਰਨ ਵਾਲੀ ਔਸ਼ਧੀ ਹੈ। ਜੇਕਰ ਕੋਈ ਵਿਅਕਤੀ ਖ਼ੂਨ ਸਾਫ਼ ਨਾ ਹੋਣ ਦੀ ਸ਼ਿਕਾਇਤ ਤੋਂ ਪਰੇਸ਼ਾਨ ਹੋ ਤਾਂ ਨਿੰਮ ਦਾ ਰਸ ਉਸ ਦੇ ਲਈ ਕਾਫ਼ੀ ਫਾਇਦੇਮੰਦ ਹੈ। ਖ਼ੂਨ ਸਾਫ਼ ਨਾ ਹੋਣ ਕਾਰਨ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ ਤੇ ਬਿਮਾਰੀਆਂ ਨਾਲ ਸੰਕ੍ਰਮਣ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਇੰਨਾ ਹੀ ਨਹੀਂ ਇਹ ਐੱਲਡੀਐੱਲ ਯਾਨੀ ਬੈਡ ਕਲੈਸਟ੍ਰੋਲ ਨੂੰ ਘਟਾਉਣ 'ਚ ਵੀ ਮਦਦ ਕਰਦਾ ਹੈ।

ਮਲੇਰੀਆ ਤੇ ਪੀਲੀਆ ਵਰਗੀਆਂ ਬਿਮਾਰੀਆਂ ਦੇ ਇਲਾਜ 'ਚ ਲਾਭਕਾਰੀ

ਨਿੰਮ ਦੀਆਂ ਪੱਤੀਆਂ ਦਾ ਰਸ ਮਲੇਰੀਆ ਤੇ ਪੀਲੀਆ ਵਰਗੀਆਂ ਬਿਮਾਰੀਆਂ ਦਾ ਇਲਾਜ ਕਰ ਸਕਦਾ ਹੈ। ਨਿੰਮ 'ਚ ਮੌਜੂਦ ਐਂਟੀ-ਬੈਕਟੀਰੀਅਲ ਗੁਣਾਂ ਕਾਰਨ ਇਹ ਮਲੇਰੀਆ ਲਈ ਜ਼ਿੰਮੇਵਾਰ ਵਾਇਰਸ ਵਧਣ ਤੋਂ ਰੋਕਦਾ ਹੈ ਤੇ ਨਾਲ ਹੀ ਲਿਵਰ ਮਜ਼ਬੂਤ ਬਣਾਉਂਦਾ ਹੈ। ਪੀਲੀਆ ਹੋਣ 'ਤੇ ਨਿੰਮ ਦੀਆਂ ਪੱਤੀਆਂ ਦੇ ਰਸ ਨਾਲ ਸ਼ਹਿਦ ਮਿਲਾ ਕੇ ਸੇਵਨ ਕਰਵਾਇਆ ਜਾਵੇ ਤਾਂ ਪੀਲੀਆ ਰੋਗ ਠੀਕ ਹੋ ਜਾਂਦਾ ਹੈ।

ਦਾਗ਼-ਧੱਬੇ ਮਿਟਾਉਣ 'ਚ ਆਉਂਦਾ ਹੈ ਕੰਮ

ਚਿਕਨ ਪੌਕਸ ਦੇ ਦਾਗ਼-ਧੱਬੇ ਦੇਖਣ 'ਚ ਬਹੁਤ ਹੀ ਖ਼ਰਾਬ ਹੁੰਦੇ ਹਨ ਤੇ ਜਲਦੀ ਖ਼ਤਮ ਨਹੀਂ ਹੁੰਦੇ। ਚਿਕਨ ਪੌਕਸ ਦੇ ਨਿਸ਼ਾਨ ਸਾਫ਼ ਕਰਨ ਲਈ ਨਿੰਮ ਦੇ ਰਸ ਨਾਲ ਮਸਾਜ ਕਰੋ। ਨਿਯਮਤ ਰੂਪ 'ਚ ਮਸਾਜ ਕਰਨ 'ਤੇ ਕੁਝ ਹੀ ਦਿਨਾਂ 'ਚ ਚਿਕਨ ਪੌਕਸ ਦੇ ਧੱਬੇ ਦੂਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਨਿੰਮ ਦਾ ਰਸ ਚਮੜੀ ਰੋਗਾਂ ਜਿਵੇਂ ਐਗਜ਼ੀਮਾ ਤੇ ਸਮਾਲ ਪੌਕਸ ਦੀ ਸੰਭਾਵਨਾ ਵੀ ਘਟਾਉਂਦਾ ਹੈ।

ਅੱਖਾਂ ਲਈ ਫਾਇਦੇਮੰਦ ਨਿੰਮ ਦਾ ਰਸ

ਮੋਬਾਈਲ ਤੇ ਕੰਪਿਊਟਰ ਦੀ ਜ਼ਿਆਦਾ ਵਰਤੋਂ ਨਾਲ ਇਸ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ 'ਚ ਸਭ ਤੋਂ ਜ਼ਿਆਦਾ ਨੁਕਸਾਨ ਅੱਖਾਂ ਦਾ ਹੁੰਦਾ ਹੈ ਤੇ ਇਸ ਨਾਲ ਅੱਖਾਂ ਦੀ ਰੋਸ਼ਨੀ ਵੀ ਕਮਜ਼ੋਰ ਹੋ ਜਾਂਦੀ ਹੈ। ਅੱਖਾਂ ਦੀ ਰੋਸ਼ਨੀ ਵਧਾਉਣ ਲਈ ਨਿੰਮ ਦੇ ਰਸ ਦੀਆਂ ਦੋ ਬੂੰਦਾਂ ਅੱਖਾਂ 'ਚ ਪਾਓ, ਇਸ ਨਾਲ ਅੱਖਾਂ ਦੀ ਰੋਸ਼ਨੀ ਵਧੇਗੀ। ਜੇਕਰ ਤੁਹਾਡੀਆਂ ਅੱਖਾਂ 'ਚ ਕੰਜਕਟੀਵਾਇਟਿਸ ਰੋਗ ਹੋ ਗਿਆ ਹੈ ਤਾਂ ਨਿੰਮ ਦੇ ਪਾਣੀ ਦੀ ਵਰਤੋਂ ਨਾਲ ਉਹ ਠੀਕ ਹੋ ਜਾਵੇਗਾ।

ਸ਼ੂਗਰ ਤੋਂ ਬਚਾਅ

ਸ਼ੂਗਰ ਇਕ ਖ਼ਤਰਨਾਕ ਬਿਮਾਰੀ ਹੈ ਤੇ ਅਨਿਯਮਤ ਰੂਟੀਨ ਕਾਰਨ ਇਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਬਲੱਡ 'ਚ ਸ਼ੂਗਰ ਦੀ ਮਾਤਰਾ ਵਧਣ ਨਾਲ ਡਾਇਬਟੀਜ਼ ਹੁੰਦੀ ਹੈ। ਜੇਕਰ ਤੁਸੀਂ ਰੋਜ਼ਾਨਾ ਨਿੰਮ ਦਾ ਰਸ ਪੀਓਗੇ ਤਾਂ ਤੁਹਾਡੀ ਬਲੱਡ ਸ਼ੂਗਰ ਦਾ ਲੈਵਲ ਵਧੇਗੀ ਹੀ ਨਹੀਂ ਤੇ ਤੁਹਾਨੂੰ ਸ਼ੂਗਰ ਵਰਗੀਆਂ ਬਿਮਾਰੀਆਂ ਨਹੀਂ ਹੋਣਗੀਆਂ। ਸ਼ੂਗਰ ਦੇ ਰੋਗੀ ਵੀ ਇਸ ਦਾ ਸੇਵਨ ਕਰ ਕੇ ਆਪਣਾ ਬਲੱਡ ਸ਼ੂਗਰ ਲੈਵਲ ਨਾਰਮਲ ਰੱਖ ਸਕਦੇ ਹਨ।

ਦੰਦਾਂ ਤੇ ਮਸੂੜਿਆਂ 'ਚੋਂ ਖ਼ੂਨ ਆਉਣ ਤੋਂ ਰੋਕਦਾ ਹੈ

ਮਸੂੜਿਆਂ 'ਚੋਂ ਖ਼ੂਨ ਆਉਣ ਤੇ ਪਾਇਰੀਆ ਹੋਣ 'ਤੇ ਨਿੰਮ ਦੇ ਤਣੇ ਦੀ ਅੰਦਰੂਨੀ ਛਾਲ ਜਾਂ ਪੱਤਿਆਂ ਨੂੰ ਪਾਣੀ 'ਚ ਪਾ ਕੇ ਕੁੱਲਾ ਕਰਨ ਨਾਲ ਫਾਇਦਾ ਹੁੰਦਾ ਹੈ। ਇਸ ਨਾਲ ਮਸੂੜੇ ਤੇ ਦੰਦ ਮਜ਼ਬੂਤ ਹੁੰਦੇ ਹਨ। ਨਿੰਮ ਦੇ ਫੁੱਲਾਂ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਵੀ ਦੰਦਾਂ ਦੀਆਂ ਬਿਮਾਰੀਆਂ 'ਚ ਫਾਇਦਾ ਹੁੰਦਾ ਹੈ। ਨਿੰਮ ਦੀ ਦਾਤਨ ਰੋਜ਼ ਕਰਨ ਨਾਲ ਦੰਦਾਂ ਅੰਦਰ ਪਾਣੇ ਜਾਣ ਵਾਲੇ ਕਿਟਾਣੂ ਨਸ਼ਟ ਹੁੰਦੇ ਹਨ। ਕੁੱਲ ਮਿਲਾ ਕੇ ਨਿੰਮ ਦੀ ਕਿਸੇ ਵੀ ਤਰੀਕੇ ਨਾਲ ਵਰਤੋਂ ਦੰਦਾਂ ਲਈ ਫਾਇਦੇਮੰਦ ਹੈ।

ਗਰਭ ਅਵਸਥਾ 'ਚ ਘਟਾਉਂਦਾ ਹੈ ਦਰਦ

ਨਿੰਮ ਦਾ ਪਾਣੀ ਗਰਭ ਅਵਸਥਾ ਦੌਰਾਨ ਪੀਣ ਨਾਲ ਗਰਭ ਵੇਲੇ ਦਰਦ ਘਟਾਉਂਦਾ ਹੈ। ਜਣੇਪੇ ਦੌਰਾਨ ਹੋਣ ਵਾਲੇ ਦਰਦ ਨੂੰ ਘਟਾਉਣ ਲਈ ਨਿੰਮ ਦੇ ਰਸ ਨਾਲ ਮਸਾਜ ਕਰਨੀ ਫਾਇਦੇਮੰਦ ਹੈ। ਜਣੇਪੇ ਤੋਂ ਬਾਅਦ ਔਰਤ ਨੂੰ ਜੇਕਰ ਕੁਝ ਦਿਨਾਂ ਤਕ ਨਿੰਮ ਦਾ ਪਾਣੀ ਦਿੱਤਾ ਜਾਵੇ ਤਾਂ ਇਸ ਨਾਲ ਉਸ ਦਾ ਖ਼ੂਨ ਸਾਫ਼ ਹੁੰਦਾ ਹੈ ਤੇ ਸੰਕ੍ਰਮਣ ਤੋਂ ਬਚਾਅ ਹੁੰਦਾ ਹੈ।

ਕਿੱਲਾਂ ਦੀ ਸਮੱਸਿਆ ਦੂਰ ਕਰਨ 'ਚ ਗੁਣਕਾਰੀ

ਨਿੰਮ ਦਾ ਪਾਣੀ ਚਿਹਰਾ ਨਿਖਾਰਣ ਤੇ ਕਿੱਲਾਂ ਦੀ ਸਮੱਸਿਆ ਦੂਰ ਕਰਨ ਲਈ ਅਸਰਦਾਰ ਹੈ। ਮੁਹਾਸਿਆਂ ਦੀ ਸਮੱਸਿਆ ਹੋਣ 'ਤੇ ਨਿੰਮ ਦਾ ਰਸ ਚਿਹਰੇ 'ਤੇ ਲਗਾਓ, ਇਸ ਨਾਲ ਮੁਹਾਸਿਆਂ ਦੀ ਸਮੱਸਿਆ ਦੂਰ ਹੁੰਦੀ ਹੈ। ਜੇਕਰ ਚਿਹਰੇ 'ਤੇ ਨਿੰਮ ਦੇ ਪਾਣੀ ਨਾਲ ਮਸਾਜ ਕੀਤੀ ਜਾਵੇ ਤਾਂ ਚਿਹਰੇ ਦੀ ਨਮੀ ਬਰਕਰਾਰ ਰਹਿੰਦੀ ਹੈ ਤੇ ਚਿਹਰਾ ਨਿਖਰ ਜਾਂਦਾ ਹੈ। ਇਹ ਕੁਦਰਤੀ ਰੂਪ 'ਚ ਚਮੜੀ ਨਿਖਾਰਣ 'ਚ ਮਦਦ ਕਰਦਾ ਹੈ, ਇਸ ਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ।

Posted By: Seema Anand