ਵੈਦ ਬੀ.ਕੇ. ਸਿੰਘ- ਅੱਜ ਇਨਸਾਨ ਨੂੰ ਅਨੇਕਾਂ ਬਿਮਾਰੀਆਂ ਨੇ ਘੇਰਾ ਪਾਇਆ ਹੋਇਆ ਹੈ। ਤੰਦਰੁਸਤ ਰਹਿਣ ਲਈ ਸਾਨੂੰ ਸਰੀਰ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਸਭ ਤੋਂ ਜ਼ਰੂਰੀ ਹੈ ਕਿ ਜੋ ਅਸੀਂ ਖਾਵਾਂਗੇ ਅਤੇ ਉਸ ਦਾ ਨਤੀਜਾ ਸਾਡਾ ਸਰੀਰ ਦੇਵੇਗਾ। ਅੱਜ ਸਾਨੂੰ ਬਹੁਤੀਆਂ ਬਿਮਾਰੀਆਂ ਲੱਗਣ ਦਾ ਕਾਰਨ ਵੀ ਸਾਡਾ ਗ਼ਲਤ ਖਾਣ-ਪੀਣ ਹੀ ਹੈ। ਜਦੋਂ ਥੋੜ੍ਹੀ ਜਿਹੀ ਵੀ ਸਰੀਰ ਨੂੰ ਦੁੱਖ-ਤਕਲੀਫ਼ ਹੁੰਦੀ ਹੈ ਤਾਂ ਅਸੀਂ ਇਨ੍ਹਾਂ ਤੋਂ ਰਾਹਤ ਪਾਉਣ ਲਈ ਐਲੋਪੈਥਿਕ ਗੋਲੀਆਂ ਖਾ ਲੈਂਦੇ ਹਾਂ, ਜੋ ਸਾਡੇ ਲਈ ਹੋਰ ਨੁਕਸਾਨਦੇਹ ਹੁੰਦੀਆਂ ਹਨ। ਕੁਦਰਤ ਨੇ ਧਰਤੀ 'ਤੇ ਬਹੁਤ ਲਾਹੇਵੰਦ ਤੇ ਕੀਮਤੀ ਜੜ੍ਹੀ-ਬੂਟੀਆਂ ਤੇ ਰੁੱਖ ਪੈਦਾ ਕੀਤੇ ਹਨ। ਅਸੀਂ ਉਨ੍ਹਾਂ ਵੱਲ ਕਦੇ ਗੌਰ ਹੀ ਨਹੀਂ ਕਰਦੇ। ਜੇ ਅਸੀਂ ਸਿਹਤਮੰਦ ਨਤੀਜੇ ਪ੍ਰਾਪਤ ਕਰਨੇ ਚਾਹੁੰਦੇ ਹਾਂ ਸਾਨੂੰ ਕੁਦਰਤ ਦੇ ਨੇੜੇ ਹੋਣਾ ਚਾਹੀਦਾ ਹੈ। ਇਸ ਨਾਲ ਅਸੀਂ ਕਾਫ਼ੀ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਾਂ। ਆਓ, ਅੱਜ ਜਾਣਦੇ ਹਾਂ 'ਕਰਨਾਰ ਦੇ ਰੁੱਖ' ਦੇ ਫ਼ਾਇਦੇ

ਕਚਨਾਰ ਦਾ ਰੁੱਖ ਭਾਰਤ ਦੇ ਲਗਪਗ ਸਾਰੇ ਸੂਬਿਆਂ 'ਚ ਪਾਇਆ ਜਾਂਦਾ ਹੈ। ਇਸ ਦੇ ਰੁੱਖ ਤਿੰਨ ਤਰ੍ਹਾਂ ਦੇ ਹੁੰਦੇ ਹਨ-ਇਕ ਦੇ ਫੁੱਲ ਗੁਲਾਬੀ, ਬੈਂਗਣੀ, ਦੂਜੇ ਦੇ ਫੁੱਲ ਸਫ਼ੈਦ ਅਤੇ ਤੀਜੇ ਦੇ ਫੁੱਲ ਸਫ਼ੈਦ ਅਤੇ ਬੈਂਗਨੀ ਹੁੰਦੇ ਹਨ। ਇਨ੍ਹਾਂ ਤਿੰਨਾਂ ਦਾ ਫ਼ਾਇਦਾ ਇਕੋ ਜਿਹਾ ਹੀ ਹੈ। ਇਸ ਰੁੱਖ ਦੀ ਉਚਾਈ 15-20 ਫੁੱਟ, ਟਹਿਣੀਆਂ ਨਰਮ ਤੇ ਪੱਤੇ ਦਿਲ ਦੇ ਆਕਾਰ ਦੇ ਹੁੰਦੇ ਹਨ। 2 ਪੱਤੇ ਆਪਸ 'ਚ ਮਿਲ ਕੇ ਜੁੜੇ ਹੋਏ ਲਗਦੇ ਹਨ। ਫਲ਼ੀ ਅੱਧਾ ਫੁੱਟ ਲੰਬੀ ਤੇ ਚਪਟੀ ਹੁੰਦੀ ਹੈ। ਫਰਵਰੀ-ਮਾਰਚ 'ਚ ਪੱਤਿਆਂ ਤੋਂ ਬਗੈਰ ਫਲ਼ ਲਗਦੇ ਹਨ। ਅਪ੍ਰੈਲ -ਮਈ 'ਚ ਫਲ਼ੀਆਂ ਲਗਦੀਆਂ ਹਨ। ਫੁੱਲਾਂ ਦੀ ਸਬਜ਼ੀ ਸੁਆਦ ਤੇ ਸਿਹਤ ਲਈ ਵੀ ਕਾਫ਼ੀ ਫ਼ਾਇਦੇਮੰਦ ਹੈ। ਆਓ, ਕਚਨਾਰ ਦੇ ਰੁੱਖ ਦੇ ਗੁਣਾਂ ਵੱਲ ਨਜ਼ਰ ਮਾਰੀਏ।

- ਇਸ ਦੇ ਫਲ ਦਾ 5 ਗ੍ਰਾਮ ਚੂਰਨ ਲੈਣ ਨਾਲ ਪਿਸ਼ਾਬ ਸਬੰਧੀ ਕਈ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਤੇ ਪਿਸ਼ਾਬ ਖੁੱਲ੍ਹ ਕੇ ਆਉਂਦਾ ਹੈ।

- ਇਸ ਦੀਆਂ ਟਹਿਣੀਆਂ ਦੀ ਰਾਖ ਬਣਾ ਕੇ ਦੰਦਾਂ 'ਤੇ ਮੰਜਨ ਕਰਨ ਨਾਲ ਦੰਦਾਂ ਦਾ ਦਰਦ ਕੁਝ ਹੀ ਦਿਨਾਂ 'ਚ ਠੀਕ ਹੋ ਜਾਂਦਾ ਹੈ।

- ਕਚਨਾਰ ਦਾ ਅੰਦਰਲਾ ਛਿਲਕਾ, ਜੋ ਨਰਮ ਹੁੰਦਾ ਹੈ, 50 ਗ੍ਰਾਮ ਲੈ ਕੇ ਅੱਧਾ ਕਿੱਲੋ ਪਾਣੀ 'ਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਦੀਆਂ ਕੁਰਲੀਆਂ ਕਰੋ। ਜੇ ਕਿਸੇ ਵੀ ਦਵਾਈ ਨਾਲ ਮੂੰਦ ਦੇ ਛਾਲੇ ਠੀਕ ਨਾ ਹੁੰਦੇ ਹੋਣ ਤਾਂ ਇਸ ਨਾਲ ਠੀਕ ਹੋਣਗੇ।

- 3 ਗ੍ਰਾਮ ਅਜਵਾਇਣ ਦਾ ਪਾਊਡਰ ਤੇ ਕਚਨਾਰ ਦਾ ਕਵਾਥ ਲਵੋ, ਅਫਾਰਾ ਦੂਰ ਹੋਵੇਗਾ। ਕਚਨਾਰ ਦਾ ਕਵਾਥ ਬਣਾਉਣ ਦਾ ਢੰਗ ਇਹ ਹੈ ਕਿ ਇਸ ਦੀ ਛਿੱਲ ਲੈ ਕੇ 50 ਗ੍ਰਾਮ ਮੋਟੀ-ਮੋਟੀ ਕੁੱਟ ਲਵੋ। 250 ਗ੍ਰਾਮ ਪਾਣੀ 'ਚ ਮਿਲਾ ਕੇ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣ ਕੇ ਪੀ ਲਵੋ। ਗੈਸ-ਅਫਾਰਾ ਠੀਕ ਹੋਵੇਗਾ।

- ਕਚਨਾਰ ਦਾ ਇਕ ਗੁਣ ਸਭ ਤੋਂ ਬਿਹਤਰ ਹੈ, ਉਹ ਹੈ ਕਿ ਇਹ ਸਰੀਰ 'ਚ ਬਣੀਆਂ ਗੱਠਾਂ ਨੂੰ ਠੀਕ ਕਰਗਾ ਹੈ। ਸਰੀਰ 'ਚ ਕਈ ਜਗ੍ਹਾ ਮੋਟੀਆਂ-ਮੋਟੀਆਂ ਗੱਠਾਂ ਹੋ ਜਾਂਦੀਆਂ ਹਨ। ਇਨ੍ਹਾਂ ਦਾ ਇਲਾਜ ਹੌਲੀ-ਹੌਲੀ ਹੁੰਦਾ ਹੈ ਪਰ ਠੀਕ ਜ਼ਰੂਰ ਹੋ ਜਾਂਦੀਆਂ ਹਨ। ਇਸ ਤੋਂ ਹੀ ਇਕ ਆਯੁਰਵੈਦਿਕ ਦਵਾਈ 'ਕਚਨਾਰ ਗੁਗਲ' ਬਣਦੀ ਹੈ। ਉਹ ਗੋਲੀ 2-2 ਮਿਲਾ ਕੇ ਲਵੋ, ਨਾਲ ਕਚਨਾਰ ਦਾ ਕਵਾਥ ਅਰਥਾਤ ਕਾੜ੍ਹਾ ਬਣਾ ਕੇ ਪੀਓ। ਜਿਵੇਂ 20 ਗ੍ਰਾਮ ਕਚਨਾਰ ਦੀ ਛਾਲ 400 ਐੱਮਐੱਲ ਪਾਣੀ 'ਚ ਉਬਾਲੋ। ਜਦੋਂ ਪਾਣੀ ਚੌਥਾ ਹਿੱਸਾ ਰਹਿ ਜਾਵੇ ਤਾਂ ਛਾਣ ਕੇ ਪੀ ਲਵੋ। ਕਚਨਾਰ ਦਾ ਕਾੜ੍ਹਾ, ਸੁੰਢ ਦਾ ਚੂਰਨ 1 ਗ੍ਰਾਮ ਮਿਲਾ ਕੇ ਸਵੇਰੇ-ਸ਼ਾਮ ਲਵੋ, ਗਲੇ ਦੀਆਂ ਗੱਠਾਂ ਠੀਕ ਹੁੰਦੀਆਂ ਹਨ। ਇਸ ਦੇ ਫੁੱਲਾਂ ਦਾ ਕਾੜ੍ਹਾ ਸ਼ਹਿਦ 'ਚ ਮਿਲਾ ਕੇ ਵਰਤਣ ਨਾਲ ਖ਼ੂਨ ਸਾਫ਼ ਹੰਦਾ ਹੈ। ਕਚਨਾਰ ਦੀ ਛਾਲ 250 ਗ੍ਰਾਮ, 250 ਗ੍ਰਾਮ ਚੀਨੀ 'ਚ ਮਿਲਾ ਕੇ ਰੱਖ ਲਓ। 5 ਗ੍ਰਾਮ ਸਵੇਰੇ-ਸ਼ਾਮ ਦੁੱਧ ਜਾਂ ਪਾਣੀ ਨਾਲ ਲਵੋ, ਫ਼ਾਇਦਾ ਹੋਵੇਗਾ।

ਇਸ ਦੇ ਫਲਾਂ ਦੀ ਸਬਜ਼ੀ ਖਾਣ ਨਾਲ ਵੀ ਖ਼ੂਨ ਦੇ ਥੱਕੇ ਨਹੀਂ ਬਣਦੇ। ਇਨ੍ਹਾਂ ਕੀਮਤੀ ਜੜ੍ਹ-ਬੂਟੀਆਂ ਦਾ ਇਸਤੇਮਾਲ ਕਰਕੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ।

Posted By: Harjinder Sodhi