ਸਤਿੰਦਰ ਸਿੰਘ ਧੜਾਕ, ਮੋਹਾਲੀ : ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਗੰਧਲਾ ਹੁੰਦਾ ਜਾ ਰਿਹਾ ਹੈ, ਇਸੇ ਲਈ ਉਸੇ ਧਰਤੀ ’ਚ ਉੱਗਣ ਵਾਲੀਆਂ ਸਬਜ਼ੀਆਂ, ਦਾਲ਼ਾਂ, ਫਲਾਂ ਤੇ ਹੋਰ ਖ਼ੁਰਾਕ ਸਮੱਗਰੀਆਂ 'ਚ ਵੀ ਦੂਸ਼ਿਤ ਤੱਤ ਆਮ ਪਾਏ ਜਾਣ ਲੱਗੇ ਹਨ। ਪੰਜਾਬ ਦੇ ਵੀ ਕਈ ਜ਼ਿਲ੍ਹਿਆਂ ’ਚ ਆਰਸੈਨਿਕ ਤੇ ਯੂਰੇਨੀਅਮ ਹੁਣ ਆਮ ਹੀ ਮਿਲਣ ਲੱਗ ਪਏ ਹਨ; ਜੋ ਨਿਸ਼ਚਤ ਤੌਰ ’ਤੇ ਮਨੁੱਖਾਂ ਤੇ ਹੋਰ ਜੀਵ–ਜੰਤੂਆਂ ਦੀ ਸਿਹਤ ਲਈ ਡਾਹਢੇ ਖ਼ਤਰਨਾਕ ਹਨ। ਅਜਿਹੀ ਸਮੱਸਿਆ ਦਾ ਸਾਹਮਣਾ ਕਰਨ ਲਈ ਹੀ ਮੋਹਾਲੀ ’ਚ ਡਾ. ਵਨੀਸ਼ ਕੁਮਾਰ, ਇਕ ‘ਇੰਸਪਾਇਰ ਫ਼ੈਕਲਟੀ ਫ਼ੈਲੋ’ ਨੇ ਇੱਕ ਅਜਿਹਾ ਬੇਹੱਦ ਸੰਵੇਦਨਸ਼ੀਲ ਤੇ ਵਰਤਣ ’ਚ ਆਸਾਨ ਸੈਂਸਰ ਵਿਕਸਤ ਕੀਤਾ ਹੈ ਜੋ ਪਾਣੀ ਤੇ ਭੋਜਨ ਦੇ ਸੈਂਪਲਾਂ ’ਚੋਂ 15 ਮਿੰਟਾਂ ਅੰਦਰ ਸੰਖੀਆ (ਆਰਸੈਨਿਕ) ਜ਼ਹਿਰ ਦੇ ਦੂਸ਼ਣ ਦਾ ਪਤਾ ਲਗਾ ਸਕਦਾ ਹੈ।

ਵਿਕਸਤ ਕੀਤਾ ਗਿਆ ਇਹ ਸੈਂਸਰ ਬਹੁਤ ਜ਼ਿਆਦਾ ਸੰਵੇਦਨਸ਼ੀਲ, ਚੋਣਾਤਮਕ ਤੇ ਇੱਕੋ ਹੀ ਪੜਾਅ ਦੀ ਪ੍ਰਕਿਰਿਆ ਵਾਲਾ ਹੈ ਤੇ ਇਹ ਵੱਖੋ–ਵੱਖਰੇ ਪਾਣੀ ਤੇ ਭੋਜਨ ਸਮੱਗਰੀਆਂ ਦੇ ਨਮੂਨਿਆਂ ਲਈ ਪੂਰੀ ਤਰ੍ਹਾਂ ਢੁਕਵਾਂ ਹੈ। ਆਪਣੀ ਤਰ੍ਹਾਂ ਦੇ ਇਸ ਖ਼ਾਸ ਸੈਂਸਰ ਨੂੰ ਕੇਵਲ ਸਟੈਂਡਰਡ ਲੇਬਲ ਨਾਲ ਰੰਗ–ਪਰਿਵਰਤਨ (ਸੈਂਸਰ ਦੀ ਸਤ੍ਹਾ ਉੱਤੇ) ਨੂੰ ਪਰਸਪਰ ਸਬੰਧਤ ਕਰ ਕੇ ਇਕ ਆਮ ਆਦਮੀ ਵੱਲੋਂ ਵੀ ਆਸਾਨੀ ਨਾਲ ਸੰਚਾਲਿਤ ਕੀਤਾ ਜਾ ਸਕਦਾ ਹੈ।

ਭਾਰਤ ਸਰਕਾਰ ’ਚ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ‘ਇੰਸਪਾਇਰ ਫ਼ੈਕਲਟੀ ਫ਼ੈਲੋਸ਼ਿਪ’ ਪ੍ਰਾਪਤਕਰਤਾ ਅਤੇ ਇਸ ਵੇਲੇ ਰਾਸ਼ਟਰੀ ਖੇਤੀ–ਖ਼ੁਰਾਕ ਜੈਵਿਕ ਟੈਕਨਾਲੋਜੀ ਸੰਸਥਾਨ (NABI) ਮੋਹਾਲੀ ’ਚ ਤਾਇਨਾਤ ਡਾ. ਕੁਮਾਰ ਵੱਲੋਂ ਵਿਕਸਤ ਸੈਂਸਰ ਦਾ ਪ੍ਰੀਖਣ ਤਿੰਨ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ – ਸਪੈਕਟ੍ਰੋਸਕੋਪਿਕ ਮਾਪਨ, ਕਲਰਮੀਟਰ ਜਾਂ ਮੋਬਾਇਲ ਐਪਲੀਕੇਸ਼ਨ ਦੀ ਮਦਦ ਨਾਲ ਰੰਗ ਤੀਬਰਤਾ ਮਾਪਨ ਤੇ ਖੁੱਲ੍ਹੀਆਂ ਅੱਖਾਂ ਨਾਲ।

ਇੰਝ ਬਦਲਦਾ ਹੈ ਰੰਗ

ਮਿਸ਼ਰਤ ਧਾਤ (ਕੋਬਾਲਟ/ਮੋਲੀਬਡੇਨਮ) ਆਧਾਰਤ ਧਾਤ ਜੈਵਿਕ ਢਾਂਚੇ ਉੱਤੇ ਵਿਕਸਤ ਇਹ ਸੈਂਸਰ ਆਰਸੈਨਿਕ ਦੀ ਇੱਕ ਵਿਸਤ੍ਰਿਤ ਲੜੀ – 0.05 ਪੀਪੀਬੀ (PPB) ਤੋਂ 1000 ਪੀਪੀਐੱਮ (PPM) ਤਕ ਦਾ ਪਤਾ ਲਾ ਸਕਦਾ ਹੈ। ਕਾਗਜ਼ ਅਤੇ ਕਲਰਮੀਟ੍ਰਿਕ ਸੈਂਸਰ ਦੇ ਮਾਮਲੇ ’ਚ ਆਰਸੈਨਿਕ ਦੇ ਸੰਪਰਕ ’ਚ ਆਉਣ ਤੋਂ ਬਾਅਦ ਮੈਟਲ–ਆਰਗੈਨਿਕ ਫ਼੍ਰੇਮਵਰਕ (MOF) ਦਾ ਰੰਗ ਬੈਂਗਣੀ ਤੋਂ ਨੀਲੇ ਰੰਗ 'ਚ ਬਦਲ ਜਾਂਦਾ ਹੈ। ਇਸ ਵਿੱਚ ਨੀਲੇ ਰੰਗ ਦੀ ਤੀਬਰਤਾ ਆਰਸੈਨਿਕ ਦੀ ਇਕਾਗਰਤਾ ’ਚ ਵਾਧਾ ਹੋਣ ਨਾਲ ਵਧਦੀ ਹੈ। ਜ਼ਮੀਨ ਹੇਠਲਾ ਪਾਣੀ, ਚੌਲ਼ਾਂ ਦੇ ਅਰਕ ਤੇ ਆਲੂ ਬੁਖਾਰੇ ਦੇ ਰਸ ਵਿਚ ਆਰਸੈਨਿਕ ਦੇ ਪ੍ਰੀਖਣ ਲਈ ਸਪੈਕਟ੍ਰੋਸਕੋਪਿਕ ਦੇ ਨਾਲ–ਨਾਲ ਕਾਗਜ਼ ਆਧਾਰਤ ਉਪਕਰਨਾਂ ਦੇ ਨਿਰਮਾਣ ਲਈ ਇਸ ਦਾ ਸਫ਼ਲਤਾਪੂਰਬਕ ਪ੍ਰੀਖਣ ਕੀਤਾ ਗਿਆ ਹੈ। ਇਸ ਖੋਜ ਨੂੰ ‘ਕੈਮੀਕਲ ਇੰਜੀਨੀਅਰਿੰਗ ਜਰਨਲ’ ’ਚ ਪ੍ਰਕਾਸ਼ਨ ਲਈ ਪ੍ਰਵਾਨ ਵੀ ਕੀਤਾ ਗਿਆ ਹੈ।

ਆਮ ਆਦਮੀ ਨੂੰ ਆਰਸੈਨਿਕ ਨਾਲ ਜੁੜੇ ਸੰਭਾਵੀ ਸਿਹਤ ਮਸਲਿਆਂ ਤੋਂ ਬਚਾਉਣ ਲਈ ਪੀਣ ਤੇ ਭੋਜਨ ਦੇ ਸੇਵਨ ਤੋਂ ਪਹਿਲਾਂ ਹੀ ਆਰਸੈਨਿਕ ਦੀ ਸ਼ਨਾਖ਼ਤ ਕਰਨੀ ਜ਼ਰੂਰੀ ਹੈ। ਭਾਵੇਂ ਹਾਨੀਕਾਰਕ ਤੱਤਾਂ ਦਾ ਪਤਾ ਲਾਉਣ ਦੇ ਮੌਜੂਦਾ ਤਰੀਕਿਆਂ ’ਚ ਕੋਈ ਵੀ ਆਮ ਆਦਮੀ ਵੱਲੋਂ ਆਸਾਨੀ ਨਾਲ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਹੈ।

ਸਸਤਾ ਤੇ ਆਸਾਨ

ਮੋਲੀਬਡੇਨਮ–ਬਲੂ ਟੈਸਟ ਦੇ ਅਗਾਂਹਵਧੂ ਸੰਸਕਰਣ ਦੇ ਮੁਕਾਬਲੇ ਇਹ ਨਵੀਂ ਵਿਕਸਤ ਪ੍ਰੀਖਣ ਕਿਟ 500–ਗੁਣਾ ਵਧੇਰੇ ਸੰਵੇਦਨਸ਼ੀਲ ਹੈ, ਜੋ ਆਰਸੈਨਿਕ ਆਇਨਜ਼ (ions) ਦੇ ਸੰਵੇਦਨ ਲਈ ਵਰਤੋਂ ’ਚ ਲਿਆਂਦੇ ਜਾਣ ਵਾਲੇ ਸਭ ਤੋਂ ਆਮ (ਅਤੇ ਰਵਾਇਤੀ) ਪ੍ਰੀਖਣਾਂ ’ਚੋਂ ਇੱਕ ਹੈ। ਇਹ ਐਟੌਮਿਕ ਅਬਸੌਰਪਸ਼ਨ ਸਪੈਕਟ੍ਰੋਸਕੋਪੀ (AAS) ਅਤੇ ਇੰਡਕਟੀਵਲੀ–ਕਪਲਡ ਪਲਾਜ਼ਮਾ ਮਾਸ ਸਪੈਕਟ੍ਰੋਮੀਟਰੀ (ICPMS) ਜਿਹੀਆਂ ਹੋਰ ਆਮ ਤੌਰ ’ਤੇ ਵਰਤੀਆਂ ਜਾਣ ਵਾਲੀਆਂ ਉਨ੍ਹਾਂ ਵਿਸ਼ਲੇਸ਼ਣਾਤਮਕ ਤਕਨੀਕਾਂ ਦੀ ਤੁਲਨਾ ’ਚ ਕਿਫ਼ਾਇਤੀ ਤੇ ਸਰਲ ਹੈ, ਜਿਸ ਲਈ ਮਹਿੰਗੇ ਸੈੱਟਅਪ, ਲੰਮੀ ਤੇ ਔਖੀ ਕਾਰਜ–ਪ੍ਰਣਾਲੀ, ਕੁਸ਼ਲ ਆਪਰੇਟਰਾਂ, ਜਟਿਲ ਮਸ਼ੀਨਰੀ ਤੇ ਔਖੇ ਨਮੂਨੇ ਤਿਆਰ ਕਰਨ ਦੀ ਜ਼ਰੂਰਤ ਪੈਂਦੀ ਸੀ। ਡਾ. ਵਨੀਸ਼ ਕੁਮਾਰ ਦੀ ਟੀਮ ਐੱਮਓ–ਏਐੱਸ ਅੰਤਰ–ਕਾਰਜ ਦੇ ਆਧਾਰ ਉੱਤੇ ਆਰਸੈਨਿਕ ਆਇਨਜ਼ ਦੇ ਸੰਵੇਦਨ ਲਈ ਐੱਮਓਐੱਫ਼ ਦਾ ਪਤਾ ਲਾਉਣ ਵਾਲੀ ਪਹਿਲੀ ਟੀਮ ਹੈ।

ਡਾ. ਕੁਮਾਰ ਨੇ ਆਪਣੀ ਖੋਜ ਦੀ ਵਿਆਖਿਆ ਕਰਦਿਆਂ ਦੱਸਿਆ ਕਿ ਆਰਸੈਨਿਕ ਆਇਨਜ਼ ਲਈ ਸੰਵੇਦਨਸ਼ੀਲ ਤੇ ਚੋਣਾਤਮਕ ਸੰਵੇਦਨ ਪੱਧਤੀ ਦੀ ਅਣਉਪਲਬਧਤਾ ਸਾਡੇ ਸਮਾਜ ਲਈ ਚਿੰਤਾਜਨਕ ਹੈ। ਇਸ ਨੂੰ ਇੱਕ ਚੁਣੌਤੀ ਮੰਨਦਿਆਂ, ਅਸੀਂ ਆਰਸੈਨਿਕ ਲਈ ਇੱਕ ਤੁਰੰਤ ਤੇ ਸੰਵੇਦਨਸ਼ੀਲ ਪਛਾਣ ਪੱਧਤੀ ਦੇ ਵਿਕਾਸ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਸਾਨੂੰ ਮੋਲੀਬਡੇਨਮ ਤੇ ਆਰਸੈਨਿਕ ਵਿਚਾਲੇ ਪਰਸਪਰ ਪ੍ਰਭਾਵ ਦੀ ਜਾਣਕਾਰੀ ਸੀ। ਇਸ ਲਈ ਅਸੀਂ ਮੋਲੀਬਡੇਨਮ ਅਤੇ ਇੱਕ ਉਤਪ੍ਰੇਕ (ਜਿਵੇਂ, ਸਹਿ) ਨਾਲ ਯੁਕਤ ਸਮੱਗਰੀ ਬਣਾਈ, ਜੋ ਮੋਲੀਬਡੇਨਮ ਅਤੇ ਆਰਸੈਨਿਕ ਦੀ ਪਰਸਪਰ ਕਿਰਿਆ ਤੋਂ ਪੈਦਾ ਸੰਕੇਤ ਦੇ ਸਕਦੀ ਹੈ। ਕਈ ਕੋਸ਼ਿਸ਼ਾਂ ਤੋਂ ਬਾਅਦ, ਅਸੀਂ ਆਰਸੈਨਿਕ ਆਇਨਜ਼ ਦੀ ਵਿਸ਼ਿਸ਼ਟ, ਇੱਕ ਪੜਾਵੀ ਤੇ ਸੰਵੇਦਨਸ਼ੀਲ ਪਛਾਣ ਲਈ ਮਿਸ਼ਰਤ ਧਾਤ ਐੱਮਓਐੱਫ਼ ਵਿਕਸਤ ਕਰਨ ਦੇ ਸਮਰੱਥ ਹੋਏ।

(-ਇਨਪੁਟ PIB ਤੋਂ ਲਿਆ ਗਿਆ ਹੈ)

Posted By: Seema Anand