ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਕੋਰੋਨਾ ਵਾਇਰਸ ਦੀ ਚੇਨ ਨੂੰ ਫੈਲਣ ਤੋਂ ਰੋਕਣ ਦਾ ਸਭ ਤੋਂ ਬਿਹਤਰ ਤਰੀਕਾ ਹੈ ਕਿ ਇਸ ਮਰਜ਼ ਦੀ ਪਛਾਣ ਕੀਤੀ ਜਾਵੇ ਤੇ ਬਿਮਾਰੀ ਫੈਲਣ ਤੋਂ ਰੋਕਿਆ ਜਾਵੇ। ਸ਼ਹਿਰਾਂ 'ਚ ਜਗ੍ਹਾ-ਜਗ੍ਹਾ ਟੈਸਟ ਕਰਨ ਲਈ ਲੈਬ ਹੈ ਜਿੱਥੇ ਟੈਸਟ ਕਰ ਕੇ ਇਸ ਬਿਮਾਰੀ ਦੀ ਪਛਾਣ ਕੀਤੀ ਜਾ ਸਕਦੀ ਹੈ, ਪਰ ਦੂਰ-ਦੁਰਾਡੇ ਦੇ ਇਲਾਕਿਆਂ 'ਚ ਲੋਕਾਂ ਨੂੰ ਟੈਸਟ ਕਰਨ ਲਈ ਲੰਬਾ ਫਾਸਲਾ ਤੈਅ ਕਰਨਾ ਪੈਂਦਾ ਹੈ। ਲੋਕਾਂ ਦੀ ਇਸ ਪਰੇਸ਼ਾਨੀ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਅਜਿਹੀ ਟੈਸਟ ਕਿੱਟ ਵਿਕਸਤ ਕੀਤੀ ਗਈ ਹੈ ਜਿਸ ਨਾਲ ਤੁਸੀਂ ਘਰ ਬੈਠੇ ਹੀ ਕੋਰੋਨਾ ਦਾ ਪਤਾ ਲਗਾ ਸਕਦੇ ਹੋ। ਸਵਦੇਸ਼ੀ ਤਕਨੀਕ ਨਾਲ ਵਿਕਸਤ ਕੀਤੀ ਇਸ ਕਿੱਟ ਜ਼ਰੀਏ ਲੱਛਣ ਵਾਲੇ ਵਿਅਕਤੀ ਆਪਣੇ ਘਰੋਂ SARS-CoV-2 ਦੀ ਪਛਾਣ ਕਰ ਸਕਦੇ ਹਨ।

ਮੈਡੀਟੈੱਕ ਕੰਪਨੀ (Meril) ਨੇ ਇਸ ਸੈਲਫ ਕਿੱਟ ਡਿਵੈੱਲਪ ਕੀਤੀ ਹੈ ਜਿਹੜੀ ਸਵਦੇਸ਼ੀ ਤਕਨੀਕ ਨਾਲ ਨਿਰਮਤ ਹੈ। CoviFind ਟੈਸਟ ਕਿੱਟ ਨੂੰ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ। ICMR ਵੱਲੋਂ ਅੰਤਿਮ ਮਨਜ਼ੂਰੀ ਵੀ ਮਿਲ ਗਈ ਹੈ। ਮਨਜ਼ੂਰੀ ਮਿਲਣ ਤੋਂ ਬਾਅਦ ਕੋਵੀਫਾਇੰਡ ਕਿੱਟ ਤੋਂ ਲੋਕ ਖ਼ੁਦ ਆਪਣੇ ਘਰ 'ਚ ਕੋਰੋਨਾ ਟੈਸਟ ਕਰ ਸਕਦੇ ਹਨ। ਹੁਣ ਮਰੀਜ਼ ਇਸ ਕਿੱਟ ਨੂੰ ਘਰ 'ਚ ਹੀ ਮੰਗਵਾ ਕੇ ਆਪਣੀ ਜਾਂਚ ਕਰ ਸਕਦਾ ਹੈ। ਇਸ ਦੇ ਲਈ ਹੁਣ ਬਾਹਰੋਂ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਪਵੇਗੀ। ਜੇਕਰ ਟੈਸਟ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਵਿਅਕਤੀ ਦੇ ਸੰਪਰਕ ਵਿਚ ਆਏ ਹੋਰ ਵਿਅਕਤੀਆਂ ਦੀ ਜਾਂਚ ਵੀ ਇਸ ਕਿੱਟ ਤੋਂ ਕੀਤੀ ਜਾ ਸਕਦੀ ਹੈ।

CoviFind ਟੈਸਟ ਕਿੱਟ ਨਾਲ 15 ਮਿੰਟ 'ਚ ਮਿਲੇਗੀ ਰਿਪੋਰਟ

CoviFind ਨਾਲ ਜਾਂਚ ਕਰਨ 'ਤੇ 15 ਮਿੰਟ ਦੇ ਅੰਦਰ ਜਾਂਚ ਰਿਪੋਰਟ ਮਿਲ ਜਾਵੇਗੀ। ਇਸ ਟੈਸਟ ਕਿੱਟ ਦੀ ਕੀਮਤ 250 ਰੁਪਏ ਹੈ ਤੇ ਇਹ ਸਿੰਗਲ ਪੈਕ 'ਚ ਕਿਸੇ ਵੀ ਦਵਾਈ ਦੁਕਾਨ 'ਚ ਮਿਲ ਸਕਦੀ ਹੈ। ਇਸ ਨੂੰ ਰੱਖਣ ਲਈ ਰੈਫਰੀਜਰੇਟਰ ਦੀ ਜ਼ਰੂਰਤ ਵੀ ਨਹੀਂ ਹੈ। ਇਕ ਤੋਂ ਇਲਾਵਾ ਇਹ ਕਿੱਟ 3, 5 ਤੇ 25 ਪੈਕ 'ਚ ਵੀ ਉਪਲਬਧ ਹੋਵੇਗੀ। ਹਰੇਕ ਕਿੱਟ 'ਚ ਟੈਸਟਿੰਗ ਮਟੀਰੀਅਲ ਹੋਵੇਗੀ ਜਿਨ੍ਹਾਂ ਵਿਚ ਇਕ ਟੈਸਟਿੰਗ ਡਿਵਾਈਸ, ਇਕ ਸਟ੍ਰਾਈਲ ਨਜ਼ਲ ਸਵੈਬ ਤੇ ਕੈਪ ਦੇ ਨਾਲ ਇਕ ਬਫਰ ਟਿਊਬ ਵੀ ਰਹੇਗੀ। ਕਿੱਟ ਦੇ ਅੰਦਰ ਇਕ ਕਾਗਜ਼ ਹੋਵੇਗੀ ਜਿਸ ਵਿਚ ਕਿੱਟ ਦਾ ਇਸਤੇਮਾਲ ਕਿਵੇਂ ਕਰਨਾ ਹੈ, ਬਾਰੇ ਜਾਣਕਾਰੀ ਹੋਵੇਗੀ। ਸੈਂਪਲ ਲੈਣ ਤੋਂ ਬਾਅਦ ਇਸ ਨੂੰ ਕਿਵੇਂ ਟਿਊਬ 'ਚ ਰੱਖੋਗੇ, ਇਸ ਦੀ ਸਟੈੱਪ-ਬਾਈ-ਸਟੈੱਪ ਜਾਣਕਾਰੀ ਹੋਵੇਗੀ।

ਕੌਣ ਕਰ ਸਕਦਾ ਹੈ ਇਸ ਟੈਸਟ ਕਿੱਟ ਨਾਲ ਜਾਂਚ

ICMR ਦੀ ਨਵੀਂ ਐਡਵਾਇਜ਼ਰੀ ਮੁਤਾਬਿਕ ਜਿਸ ਇਨਸਾਨ 'ਚ ਕੋਰੋਨਾ ਦੇ ਲੱਛਣ ਹਨ ਜਾਂ ਜੋ RT-PCR 'ਚ ਕਨਫਰਮ ਪਾਜ਼ੇਟਿਵ ਵਿਅਕਤੀ ਦੇ ਸੰਪਰਕ ਵਿਚ ਆਇਆ ਹੈ, ਉੱਥੇ ਹੀ ਇਸ ਟੈਸਟ ਕਿੱਟ ਨਾਲ ਜਾਂਚ ਕਰ ਸਕਦਾ ਹੈ। ਹੋਮ ਟੈਸਟਿੰਗ ਲਈ ਕੰਪਨੀ ਦੇ ਸੁਝਾਏ ਗਏ ਤੌਰ-ਤਰੀਕਿਆਂ ਨਾਲ ਹੀ ਇਹ ਟੈਸਟ ਕਰਨਾ ਪਵੇਗਾ। ਇਸ ਟੈਸਟ ਜ਼ਰੀਏ ਜਿਨ੍ਹਾਂ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਵੇਗੀ, ਉਨ੍ਹਾਂ ਨੂੰ ਪਾਜ਼ੇਟਿਵ ਮੰਨਿਆ ਜਾਵੇਗਾ, ਇਸ ਤੋਂ ਬਾਅਦ ਦੁਬਾਰਾ ਕਿਸੇ ਟੈਸਟ ਦੀ ਲੋੜ ਨਹੀਂ ਪਵੇਗੀ। ਜੋ ਲੋਕ ਪਾਜ਼ੇਟਿਵ ਹੋਣਗੇ ਉਨ੍ਹਾਂ ਨੂੰ ਹੋਮ ਆਈਸੋਲੇਸ਼ਨ ਸਬੰਧੀ ICMR ਤੇ ਹੈਲਥ ਮਨਿਸਟਰੀ ਦੀ ਗਾਈਡਲਾਈਨ ਨੂੰ ਮੰਨਣਾ ਪਵੇਗਾ। ਇਸ ਕਿੱਟ ਨਾਲ ਟੈਸਟ ਕਰਨ ਵਾਲੇ ਜਿਨ੍ਹਾਂ ਮਰੀਜ਼ਾਂ ਦਾ ਰਿਜ਼ਲਟ ਨੈਗੇਟਿਵ ਆਵੇਗਾ, ਉਨ੍ਹਾਂ ਨੂੰ RT-PCR ਕਰਵਾਉਣਾ ਪਵੇਗਾ।

Posted By: Seema Anand