ਸਰੀਰਕ ਤੌਰ ’ਤੇ ਕੀਤੀ ਹੋਈ ਕੋਈ ਵੀ ਗਤੀਵਿਧੀ, ਜਿਹੜੀ ਸਾਡੀ ਸਰੀਰਕ ਸਿਹਤ ਨੂੰ ਸਹੀ ਰੱਖੇ ਤੇ ਸਾਡੀ ਕੰਮ ਕਰਨ ਦੀ ਸਮਰੱਥਾ ਨੂੰ ਵਧਾਵੇ, ਉਸ ਨੂੰ ਅਸੀਂ ਕਸਰਤ ਜਾਂ ਵਰਜਿਸ਼ ਆਖਦੇ ਹਾਂ। ਕਸਰਤ ਦਾ ਪ੍ਰਭਾਵ ਸਿਰਫ਼ ਤੇ ਸਿਰਫ਼ ਸਰੀਰ ’ਤੇ ਹੀ ਨਹੀਂ ਪੈਂਦਾ ਸਗੋਂ ਇਹ ਸਾਡੀ ਮਾਨਸਿਕ ਸਿਹਤ ਲਈ ਵੀ ਬਹੁਤ ਜ਼ਰੂਰੀ ਹੈ। ਸਰੀਰਕ ਚੁਸਤੀ-ਫੁਰਤੀ ਬਣਾਈ ਰੱਖਣ ਦੇ ਨਾਲ-ਨਾਲ ਇਹ ਕਸਰਤਾਂ ਭਾਰ ਨੂੰ ਵੀ ਕਾਬੂ ’ਚ ਰੱਖਦੀਆਂ ਹਨ ਤੇ ਸਾਨੂੰ ਬਿਮਾਰੀਆਂ ਦੇ ਖ਼ਤਰੇ ਤੋਂ ਬਚਾਉਂਦੀਆਂ ਹਨ। ਇਕ ਲੰਮੀ ਤੰਦਰੁਸਤ ਜ਼ਿੰਦਗੀ ਜਿਊਣ ’ਚ ਮਦਦਗਾਰ ਸਾਬਿਤ ਹੁੰਦੀਆਂ ਹਨ। ਕੀ ਹਰ ਉਮਰ ਦਾ ਵਿਅਕਤੀ ਹਰ ਤਰ੍ਹਾਂ ਦੀ ਕਸਰਤ ਕਰ ਸਕਦਾ ਹੈ? ਇਸੇ ਦਾ ਜਵਾਬ ਲੱਭਣਾ ਸਾਡਾ ਉਦੇਸ਼ ਹੈ।

ਇਸ ਦੇ ਜਵਾਬ ’ਚ ਮਾਹਿਰਾਂ ਦਾ ਕਹਿਣਾ ਹੈ ਕਿ ਹਰ ਤਰ੍ਹਾਂ ਦੀ ਕਸਰਤ ਹਰ ਉਮਰ ਦੇ ਵਿਅਕਤੀ ਲਈ ਠੀਕ ਨਹੀਂ ਹੁੰਦੀ। ਵੱਧਦੀ ਉਮਰ ਦੇ ਹਿਸਾਬ ਨਾਲ ਕਸਰਤ ’ਚ ਤਬਦੀਲੀ ਜ਼ਰੂਰੀ ਹੈ, ਨਹੀਂ ਤਾਂ ਕਈ ਵਾਰ ਫ਼ਾਇਦੇ ਦੀ ਥਾਂ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਸੇ ਲਈ ਸਿਆਣੇ ਕਹਿੰਦੇ ਹਨ ਕਿ ਜਵਾਨੀ ’ਚ ਜਿਹੜੀ ਸੱਟ ਦਾ ਪਤਾ ਨਹੀਂ ਸੀ ਲੱਗਦਾ, ਉਹੀ ਬੁਢਾਪੇ ਵਿਚ ਮਾਰੇ ਰੜਕਾਂ।

ਅਸੀਂ ਆਮ ਹੀ ਦੇਖਦੇ ਹਾਂ ਕਿ ਜ਼ਿਆਦਾਤਰ ਲੋਕ ਕਿਸੇ ਇਕ ਖ਼ਾਸ ਕਿਸਮ ਦੀ ਕਸਰਤ ਜਾਂ ਵਰਜਿਸ਼ ’ਤੇ ਧਿਆਨ ਕੇਂਦਰਿਤ ਕਰਦੇ ਹਨ ਕਿਉਂਕਿ ਜਿੱਥੇ ਕੁਝ ਕਸਰਤਾਂ ਸਾਡੀ ਤਾਕਤ, ਸਹਿਣਸ਼ਲਤਾ ਵਧਾਉਣ ’ਤੇ ਕੰਮ ਕਰਦੀਆਂ ਹਨ ਤਾਂ ਦੂਜੀਆਂ ਕੁਝ ਸਾਨੂੰ ਮਾਨਸਿਕ ਸਕੂਨ ਪ੍ਰਦਾਨ ਕਰਦੀਆਂ ਹਨ। ਕੁਝ ਸੱਟਾਂ ਲੱਗਣ ਦੇ ਖ਼ਤਰੇ ਨੂੰ ਘੱਟ ਕਰਦੀਆਂ ਹਨ ਤੇ ਕੁਝ ਸੰਤੁਲਨ ਬਣਾਈ ਰੱਖਣ ਵਿਚ ਅਤੇ ਕੁਝ ਸਰੀਰ ਵਿਚ ਲਚਕੀਲਾਪਣ ਬਣਾਈ ਰੱਖਣ ’ਚ ਸਹਾਇਤਾ ਕਰਦੀਆਂ ਹਨ। ਜਾਣਦੇ ਹਾਂ ਉਮਰ ਤੇ ਕਸਰਤ ਦੇ ਆਪਸੀ ਸਬੰਧ ਬਾਰੇ :-

ਬਚਪਨ ਤੇ ਕਸਰਤ

ਬਚਪਨ ਸਾਡੇ ਜੀਵਨ ਦਾ ਉਹ ਹਿੱਸਾ ਹੈ, ਜਿਸ ’ਤੇ ਬਾਕੀ ਜ਼ਿੰਦਗੀ ਦਾ ਮਹਿਲ ਉਸਾਰਿਆ ਜਾਂਦਾ ਹੈ। ਇਸ ਲਈ ਬਚਪਨ ’ਚ ਕਸਰਤ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਇਸ ਦੇ ਉਲਟ ਅਸੀਂ ਵੱਡੇ ਖ਼ੁਦ ਤਾਂ ਸੈਰ ਜਾਂ ਜਿਮ ਜਾਂਦੇ ਹਾਂ ਪਰ ਬੱਚਿਆਂ ਬਾਰੇ ਆਖਦੇ ਹਾਂ ਕਿ ਇਨ੍ਹਾਂ ਨੂੰ ਕੀ ਲੋੜ ਹੈ, ਜਿਸ ਕਾਰਨ ਅੱਜ ਦਾ ਬਚਪਨ ਮੋਟਾਪੇ ਤੇ ਹੋਰ ਬਿਮਾਰੀਆਂ ਦੇ ਨਾਲ-ਨਾਲ ਸਮਾਰਟ ਫੋਨਾਂ ਅੰਦਰਲੀਆਂ ਗੇਮਾਂ ਦਾ ਵੀ ਸ਼ਿਕਾਰ ਹੋ ਰਿਹਾ ਹੈ। ਸੋ ਬੱਚਿਆਂ ਨੂੰ ਇਸ ਉਮਰ ’ਚ ਨੱਚਣਾ-ਕੁੱਦਣਾ, ਤੈਰਨਾ, ਟੈਨਿਸ, ਵਾਲੀਬਾਲ ਖੇਡਣਾ ਆਦਿ ਕਸਰਤਾਂ ਕਰਵਾਈਆਂ ਜਾਣ ਤਾਂ ਜੋ ਉਨ੍ਹਾਂ ਦੇ ਸਰੀਰ ਦਾ ਸਹੀ ਵਿਕਾਸ ਹੋ ਸਕੇ। ਮਾਹਿਰਾਂ ਵੱਲੋਂ ਵੀ ਬਚਪਨ ’ਚ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ, ਆਤਮ ਵਿਸ਼ਵਾਸ ’ਚ ਵਾਧਾ ਕਰਨ ਲਈ ਹਰ ਤਰ੍ਹਾਂ ਦੀ ਖੇਡ ਅਜ਼ਮਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਬੱਚੇ ਦੇ ਸਰਬਪੱਖੀ ਵਿਕਾਸ, ਸਰੀਰਕ ਅਤੇ ਮਾਨਸਿਕ ਤੌਰ ’ਤੇ ਉਸ ਨੂੰ ਮਜ਼ਬੂਤ ਬਣਾਉਣ ਤੋਂ ਲੈ ਕੇ ਕੱਦ ਲੰਬਾ ਕਰਨ ਤਕ ਦੀਆਂ ਸਭ ਤਰ੍ਹਾਂ ਦੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ।

ਜਵਾਨੀ ਤੇ ਕਸਰਤ

ਉਮਰ ਦੇ 30ਵੇਂ ਵਰ੍ਹੇ ਦੇ ਇੱਧਰ-ਉੱਧਰ ਦਾ ਇਹ ਉਹ ਸਮਾਂ ਹੈ, ਜਿਸ ਨੂੰ ਅਸੀਂ ਜਵਾਨੀ ਆਖਦੇ ਹਾਂ। ਇਸ ਸਮੇਂ ਮਨੁੱਖ ਦੀ ਸਰੀਰਕ ਤਾਕਤ ਚਰਮ ਸੀਮਾ ’ਤੇ ਹੁੰਦੀ ਹੈ। ਇਸ ਸਮੇਂ ਸਾਡੀ ਸਰੀਰਕ ਤਾਕਤ ਬਿਹਤਰੀਨ ਪੱਧਰ ’ਤੇ ਹੋਣ ਕਾਰਨ ਜਿਮ ਅਤੇ ਵਜ਼ਨ ਚੁੱਕਣ ਵਾਲੀਆਂ ਕਸਰਤਾਂ, ਤਾਕਤ ਨੂੰ ਬਰਕਰਾਰ ਰੱਖਣ ਵਾਲੀਆਂ ਕਸਰਤਾਂ ਤੇ ਛੋਟੇ-ਛੋਟੇ ਤੀਬਰਤਾ ਵਾਲੇ ਟ੍ਰੇਨਿੰਗ ਸੈਸ਼ਨ ਕਰਨ, ਸਾਈਕਲਿੰਗ, ਫਰਾਟਾ ਦੌੜ, ਭੱਜਣਾ ਆਦਿ ਦੀ ਸਲਾਹ ਦਿੱਤੀ ਜਾਂਦੀ ਹੈ।

ਅੱਧਖੜ ਉਮਰ ਤੇ ਕਸਰਤ

ਇਸ ’ਚ ਅਸੀਂ ਉਮਰ ਦੇ 40ਵੇਂ ਵਰ੍ਹੇ ਦੇ ਇੱਧਰ-ਉੱਧਰਲੇ ਸਾਲਾਂ ਨੂੰ ਗਿਣਦੇ ਹਾਂ। ਮਾਹਿਰ ਇਸ ਸਮੇਂ ਜ਼ੋਰ ਵਾਲੀਆਂ ਕਸਰਤਾਂ ਕਰਨ ਦੀ ਸਲਾਹ ਨਹੀਂ ਦਿੰਦੇ। ਇਸ ਉਮਰ ’ਚ ਅਕਸਰ ਲੋਕ ਗ਼ਲਤੀ ਕਰਦੇ ਹਨ ਕਿ ਉਹ ਖ਼ੁਦ ਨੂੰ ਜਵਾਨ ਸਮਝ ਤੇ ਇਸ ਜਵਾਨੀ ਨੂੰ ਬਰਕਰਾਰ ਰੱਖਣ ਲਈ ਜ਼ਿਆਦਾ ਉਤਸ਼ਾਹਿਤ ਹੋ ਜਾਂਦੇ ਹਨ, ਜਿਸ ਕਾਰਨ ਮਾਸਪੇਸ਼ੀਆਂ ’ਚ ਖਿਚਾਅ ਆਮ ਹੋ ਜਾਂਦਾ ਹੈ। ਕਈ ਵਾਰ ਇੱਥੋਂ ਹੀ ਪਿੱਠ ਦਰਦ ਸ਼ੁਰੂ ਹੋ ਰੋਗ ਬਣ ਜਾਂਦਾ ਹੈ। ਇਸੇ ਲਈ ਇਸ ਸਮੇਂ ਸਾਨੂੰ ਇਹੋ ਜਿਹੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ, ਜਿਨ੍ਹਾਂ ਨਾਲ ਮਾਸਪੇਸ਼ੀਆਂ ਨੂੰ ਨੁਕਸਾਨ ਘੱਟ ਤੋਂ ਘੱਟ ਪਹੁੰਚੇ, ਭਾਰ ਕਾਬੂ ’ਚ ਰਹੇ ਅਤੇ ਪਿੱਠ ਨੂੰ ਮਜ਼ਬੂਤੀ ਮਿਲੇ।

ਅੱਲ੍ਹੜ ਉਮਰ ਤੇ ਕਸਰਤ

ਇਹ ਜੀਵਨ ਦਾ ਉਹ ਸਮਾਂ ਹੈ, ਜਦੋਂ ਬੱਚਾ ਬਚਪਨ ਦੀ ਦਹਿਲੀਜ਼ ਟੱਪ ਕੇ ਜਵਾਨੀ ਵੱਲ ਵੱਧ ਰਿਹਾ ਹੁੰਦਾ ਹੈ। ਇਸ ਉਥਲ-ਪੁਥਲ ਵਾਲੀ ਉਮਰ ’ਚ ਬੱਚੇ ਨੂੰ ਸਰੀਰਕ ਤੌਰ ਅਤੇ ਭਾਵਨਾਤਮਕ ਤੌਰ ’ਤੇ ਬਹੁਤ ਸਾਰੀਆਂ ਤਬਦੀਲੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਬੱਚਾ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ। ਇਸੇ ਲਈ ਇਸ ਉਮਰ ’ਚ ਮਾਹਿਰ ਤਣਾਅ ਨੂੰ ਕਾਬੂ ਰੱਖਣ ਅਤੇ ਭਾਵਨਾਵਾਂ ਨੂੰ ਕੰਟਰੋਲ ਕਰਨ ਵਾਲੀਆਂ ਕਸਰਤਾਂ ਕਰਨ ਦੀ ਸਲਾਹ ਦਿੰਦੇ ਹਨ। ਇਸ ਉਮਰ ’ਚ ਟੀਮ ਵਾਲੀਆਂ ਖੇਡਾਂ ਖੇਡਣ ਨਾਲ ਜਿੱਥੇ ਬੱਚੇ ਸਮੱਸਿਆਵਾਂ ਨੂੰ ਹੱਲ ਕਰਨ ਦੇ ਢੰਗ ਸਿੱਖਦੇ ਹਨ, ਉੱਥੇ ਹੀ ਉਨ੍ਹਾਂ ਦੇ ਆਤਮ-ਵਿਸ਼ਵਾਸ ’ਚ ਵਾਧਾ ਹੁੰਦਾ ਹੈ। ਸਿਰਜਣਾਤਮਿਕਤਾ ਦੇ ਵਿਕਾਸ ਨਾਲ ਸਹਿਜਤਾ ਦਾ ਨਿਰਮਾਣ ਹੁੰਦਾ ਹੈ। ਟੀਮ ’ਚ ਖੇਡਦਿਆਂ ਉਹ ਇਕ-ਦੂਜੇ ਦੀ ਸਹਾਇਤਾ ਕਰਨਾ ਸਿੱਖਦੇ ਹਨ, ਉਨ੍ਹਾਂ ਅੰਦਰ ਅਗਵਾਈ ਕਰਨ ਦਾ ਗੁਣ ਵੀ ਵਿਕਸਿਤ ਹੁੰਦਾ ਹੈ। ਉਹ ਹਾਰ ਨੂੰ ਅਨੁਭਵ ਕਰਨ ਦੇ ਨਾਲ-ਨਾਲ ਉਸ ਨੂੰ ਸਵੀਕਾਰਨਾ ਸਿੱਖਦੇ ਹਨ। ਸਭ ਤੋਂ ਵੱਡੀ ਤੇ ਅਹਿਮ ਗੱਲ ਉਹ ਅਨੁਸ਼ਾਸਨ ’ਚ ਰਹਿਣਾ ਸਿੱਖਦੇ ਹਨ।

ਬੁਢਾਪਾ ਤੇ ਕਸਰਤ

ਉਮਰ ਦੇ 50ਵੇਂ ਵਰ੍ਹੇ ਤੋਂ 60ਵੇਂ ਵਰ੍ਹੇ ਤਕ ਦੇ ਇਸ ਪੜਾਅ ’ਚ ਜ਼ਿਆਦਾਤਰ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ, ਜੋੜਾਂ ’ਚ ਦਰਦ ਆਦਿ ਰਹਿਣੇ ਸ਼ੁਰੂ ਹੋ ਜਾਂਦੇ ਹਨ। ਜ਼ਿੰਦਗੀ ਦੇ ਇਸ ਪੜਾਅ ’ਤੇ ਸਾਨੂੰ ਕਾਰਡੀਓਵੈਸਕਿਊਲਰ ਕਸਰਤਾਂ ਕਰਨੀਆਂ ਚਾਹੀਦੀਆਂ ਹਨ, ਜਿਵੇਂ ਤੁਰਨਾ, ਜੌਗਿੰਗ ਕਰਨਾ ਜਾਂ ਯੋਗਾ ਕਰਨਾ। ਕਹਿਣ ਦਾ ਭਾਵ ਹਲਕੀ ਕਸਰਤ ਕਰਨੀ ਚਾਹੀਦੀ ਹੈ ਤਾਂ ਜੋ ਸਰੀਰ ਦੇ ਜੋੜਾਂ ’ਚ ਲਚਕ ਬਣੀ ਰਹੇ। ਇਸ ਉਮਰੇ ਤੁਸੀਂ ਸੰਤੁਲਨ ਬਣਾਈ ਰੱਖਣ ਵਾਲੀਆਂ ਕਸਰਤਾਂ ਵੀ ਕਰ ਸਕਦੇ ਹੋ, ਜੋ ਤੁਹਾਡੇ ਲਈ ਬਹੁਤ ਮਦਦਗਾਰ ਸਾਬਿਤ ਹੁੰਦੀਆਂ ਹਨ, ਜਿਵੇਂ ਇਕ ਪੈਰ ’ਤੇ ਖੜ੍ਹਨਾ, ਬਿਨਾਂ ਹੱਥ ਲਾਇਆਂ ਕੁਰਸੀ ਤੋਂ ਉੱਠਣਾ ਆਦਿ। ਇਸ ਉਮਰੇ ਕੀਤੀਆਂ ਸਟ੍ਰੈਚਿੰਗ ਵਾਲੀਆਂ ਕਸਰਤਾਂ ਸਾਡੇ ਸਰੀਰ ਦੇ ਲਚਕੀਲੇਪਣ ਨੂੰ ਵਧਾਉਂਦੀਆਂ ਹਨ। 60ਵਿਆਂ ਤੋਂ ਬਾਅਦ ਮਨੁੱਖ ਦਾ ਟੀਚਾ ਸਰੀਰ ਨੂੰ ਤੁਰਦਾ-ਫਿਰਦਾ ਰੱਖਣਾ ਬਣ ਜਾਂਦਾ ਹੈ। ਇਸ ਸਮੇਂ ਹਲਕਾ-ਫੁਲਕਾ ਤੁਰਨਾ-ਫਿਰਨਾ ਜਾਰੀ ਰੱਖਣਾ ਚਾਹੀਦਾ ਹੈ। ਕੋਈ ਵੀ ਕਸਰਤ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਸੁਰੱਖਿਆ ਦੇ ਨੁਕਤੇ ਤੋਂ ਸਾਨੂੰ ਥੋੜ੍ਹਾ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ ਸ਼ੁਰੂਆਤ ਹਲਕੀ ਕਸਰਤ ਤੋਂ ਕਰੋ। ਆਪਣੀ ਸਮਰੱਥਾ ਹੌਲੀ-ਹੌਲੀ ਵਧਾਓ। ਇਕਦਮ ਜ਼ਿਆਦਾ ਕਸਰਤ ਨਾ ਕਰੋ, ਆਦਿ ਕੁਝ ਸਧਾਰਨ ਨਿਯਮਾਂ ਦਾ ਪਾਲਣ ਜ਼ਰੂਰ ਕਰੋ। ਕਸਰਤ ਦਾ ਮਕਸਦ ਸਰੀਰ ਨੂੰ ਤੰਦਰੁਸਤ ਤੇ ਫੁਰਤੀਲਾ ਰੱਖਣਾ ਹੈ, ਮਾਸਪੇਸ਼ੀਆਂ ਜਾਂ ਹੱਡੀਆਂ ਨੂੰ ਨੁਕਸਾਨ ਪਹੁੰਚਾਉਣਾ ਨਹੀਂ।

- ਗੁਰਪ੍ਰੀਤ ਕੌਰ ਧਾਲੀਵਾਲ

Posted By: Harjinder Sodhi