ਵਾਸ਼ਿੰਗਟਨ (ਆਈਏਐੱਨਐੱਸ) : ਕੋਰੋਨਾ ਵਾਇਰਸ (ਕੋਵਿਡ-19) ਨਾਲ ਜੂਝ ਰਹੀ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿਚ ਇਸ ਘਾਤਕ ਮਹਾਮਾਰੀ ਤੋਂ ਬਚਾਅ ਲਈ ਲਾਕਡਾਊਨ ਅਤੇ ਸੋਸ਼ਲ ਡਿਸਟੈਂਸਿੰਗ ਵਰਗੇ ਉਪਾਅ ਅਪਣਾਏ ਗਏ ਹਨ। ਇਕ ਅਧਿਐਨ ਵਿਚ ਪਾਇਆ ਗਿਆ ਕਿ ਲੰਬੇ ਸਮੇਂ ਤਕ ਇਸ ਤਰ੍ਹਾਂ ਦੇ ਉਪਾਵਾਂ ਦਾ ਬੱਚਿਆਂ ਅਤੇ ਬਾਲਗਾਂ ਦੀ ਮਾਨਸਿਕ ਸਿਹਤ 'ਤੇ ਡੂੰਘਾ ਅਸਰ ਪੈ ਸਕਦਾ ਹੈ। ਉਨ੍ਹਾਂ ਨੂੰ ਲੰਬੇ ਸਮੇਂ ਤਕ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅਮਰੀਕੀ 'ਅਕੈਡਮੀ ਆਫ ਚਾਈਲਡ ਐਂਡ ਐਡੋਲਸੈਂਟ ਸਾਈਕਾਈਟਰੀ' ਪੱਤ੍ਕਾ ਵਿਚ ਛਪੀ ਖੋਜ ਅਨੁਸਾਰ ਇਹ ਸਿੱਟਾ ਚਾਰ ਤੋਂ ਬਾਲਗ ਉਮਰ ਦੇ ਬੱਚਿਆਂ ਤਕ ਆਈਸੋਲੇਸ਼ਨ, ਇਕੱਲੇਪਣ ਅਤੇ ਮਾਨਸਿਕ ਸਿਹਤ ਨੂੰ ਲੈ ਕੇ ਕੀਤੇ ਗਏ 60 ਅਧਿਐਨਾਂ ਦੀ ਸਮੀਖਿਆ ਦੇ ਆਧਾਰ 'ਤੇ ਕੱਢਿਆ ਗਿਆ ਹੈ। ਇੰਗਲੈਂਡ ਦੀ ਬਾਥ ਯੂਨੀਵਰਸਿਟੀ ਦੀ ਖੋਜੀ ਮਾਰੀਆ ਲੋਡਸ ਨੇ ਕਿਹਾ ਕਿ ਸਾਡੇ ਵਿਸ਼ਲੇਸ਼ਣ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਬੱਚਿਆਂ ਵਿਚ ਇਕੱਲੇਪਣ ਅਤੇ ਡਿਪਰੈਸ਼ਨ ਵਿਚਕਾਰ ਡੂੰਘਾ ਸਬੰਧ ਹੁੰਦਾ ਹੈ। ਇਸ ਦਾ ਲੰਬੇ ਸਮੇਂ ਤਕ ਅਸਰ ਪੈ ਸਕਦਾ ਹੈ। ਅਧਿਐਨਾਂ ਦੀ ਸਮੀਖਿਆ ਵਿਚ ਪਤਾ ਲੱਗਾ ਕਿ ਇਕੱਲੇ ਰਹਿਣ ਵਾਲੇ ਬੱਚਿਆਂ ਵਿਚ ਡਿਪਰੈਸ਼ਨ ਅਤੇ ਇਕੱਲੇਪਣ ਦਾ ਖ਼ਤਰਾ ਤਿੰਨ ਗੁਣਾ ਜ਼ਿਆਦਾ ਹੋ ਸਕਦਾ ਹੈ। ਅਜਿਹੇ ਬੱਚਿਆਂ ਦੀ ਮਾਨਸਿਕ ਸਿਹਤ 'ਤੇ ਇਕੱਲੇਪਣ ਦਾ 9 ਸਾਲਾਂ ਤਕ ਅਸਰ ਦੇਖਣ ਨੂੰ ਮਿਲ ਸਕਦਾ ਹੈ। ਸਮੀਖਿਆ ਵਿਚ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਲੰਬੇ ਸਮੇਂ ਤਕ ਇਕੱਲੇ ਰਹਿਣ ਕਾਰਨ ਬੱਚਿਆਂ ਵਿਚ ਆਉਣ ਵਾਲੇ ਸਮੇਂ ਵਿਚ ਡਿਪਰੈਸ਼ਨ ਦਾ ਖ਼ਤਰਾ ਵੱਧ ਸਕਦਾ ਹੈ। ਮਾਰੀਆ ਨੇ ਦੱਸਿਆ ਕਿ ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਜਲਦ ਤੋਂ ਜਲਦ ਹਾਲਾਤ ਦਾ ਸਾਧਾਰਨ ਹੋਣਾ ਕਿੰਨਾ ਮਹੱਤਵਪੂਰਣ ਹੈ। ਸਾਨੂੰ ਬੱਚਿਆਂ ਨੂੰ ਖੇਡਣ ਵਿਚ ਮਦਦ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਦੋਸਤਾਂ ਨਾਲ ਮੇਲਜੋਲ ਨੂੰ ਤਰਜੀਹ ਦੇਣੀ ਚਾਹੀਦੀ ਹੈ।

Posted By: Rajnish Kaur