ਜਾਪਾਨ : ਟਰਾਂਸਪਲਾਂਟੇਸ਼ਨ ਲਈ ਕਿਡਨੀ ਦੀ ਘਾਟ ਨਾਲ ਜੂਝ ਰਹੇ ਰੋਗੀਆਂ ਲਈ ਚੰਗੀ ਖ਼ਬਰ ਹੈ। ਉਹ ਦਿਨ ਦੂਰ ਨਹੀਂ ਜਦੋਂ ਅਜਿਹੇ ਰੋਗੀਆਂ ਲਈ ਲੈਬ ਵਿਚ ਕਿਡਨੀ ਤਿਆਰ ਹੋ ਸਕੇਗੀ। ਇਸ ਦਿਸ਼ਾ ਵਿਚ ਵਿਗਿਆਨੀਆਂ ਨੂੰ ਵੱਡੀ ਸਫ਼ਲਤਾ ਮਿਲੀ ਹੈ। ਉਨ੍ਹਾਂ ਦਾਨੀ ਦੇ ਮਹਿਜ਼ ਕੁਝ ਸਟੈੱਮ ਸੈੱਲਜ਼ ਦੀ ਵਰਤੋਂ ਨਾਲ ਸਫ਼ਲਤਾਪੂਰਵਕ ਚੂਹਿਆਂ ਵਿਚ ਕਿਡਨੀ ਵਿਕਸਤ ਕੀਤੀ ਹੈ।

ਜਾਪਾਨ ਦੇ ਨੈਸ਼ਨਲ ਇੰਸਟੀਚਿਊਟ ਫਾਰ ਫਿਜਿਓਲਾਜੀਕਲ ਸਾਇੰਸਜ਼ ਦੇ ਖੋਜੀਆਂ ਅਨੁਸਾਰ, ਕਿਡਨੀ ਖ਼ਰਾਬ ਹੋਣ ਕਾਰਨ ਰੋਗੀਆਂ ਨੂੰ ਟਰਾਂਸਪਲਾਂਟੇਸ਼ਨ ਦੀ ਜ਼ਰੂਰਤ ਪੈਂਦੀ ਹੈ ਪਰ ਦਾਨੀਆਂ ਦੀ ਘਾਟ ਕਾਰਨ ਕਈ ਰੋਗੀਆਂ ਦੀ ਕਿਡਨੀ ਟਰਾਂਸਪਲਾਂਟ ਹੋਣ ਤੋਂ ਰਹਿ ਜਾਂਦੀ ਹੈ। ਅਜਿਹੀ ਸਥਿਤੀ ਨਾਲ ਨਿਪਟਣ ਲਈ ਖੋਜੀ ਮਨੁੱਖੀ ਸਰੀਰ ਤੋਂ ਬਾਹਰ ਸਿਹਤਮੰਦ ਅੰਗ ਤਿਆਰ ਕਰਨ ਦੀਆਂ ਵਿਧੀਆਂ 'ਤੇ ਕੰਮ ਕਰ ਰਹੇ ਹਨ। ਇਨ੍ਹਾਂ ਵਿਧੀਆਂ ਵਿਚੋਂ ਇਕ ਬਲਾਸਟੋਸਿਸਟ ਕੰਪਲੀਮੈਂਟੇਸ਼ਨ ਹੈ। ਖੋਜੀਆਂ ਨੇ ਦੱਸਿਆ ਕਿ ਇਸ ਦਾ ਨਤੀਜਾ ਬਿਹਤਰ ਸਾਹਮਣੇ ਆਇਆ ਹੈ।

ਮੁੱਖ ਖੋਜੀ ਤੇਪੇਈ ਗੋਟੋ ਨੇ ਕਿਹਾ, 'ਅਸੀਂ ਪਹਿਲਾਂ ਬਲਾਸਟੋਸਿਸਟ ਕੰਪਲੀਮੈਂਟੇਸ਼ਨ ਦੀ ਵਰਤੋਂ ਨਾਲ ਚੂਹੇ ਵਿਚ ਪੈਂਕ੍ਰਿਆਜ਼ ਦੀ ਉਤਪਤੀ ਕੀਤੀ ਸੀ। ਇਸ ਤੋਂ ਬਾਅਦ ਅਸੀਂ ਇਹ ਪਰਖਣ ਲਈ ਖੋਜ ਕੀਤੀ ਕਿ ਕੀ ਇਸ ਵਿਧੀ ਨਾਲ ਕੰਮ ਕਰਨ ਵਿਚ ਸਮਰੱਥ ਕਿਡਨੀ ਤਿਆਰ ਕੀਤੀ ਜਾ ਸਕਦੀ ਹੈ।'

ਕਿਡਨੀ ਦੀ ਬਿਮਾਰੀ ਦੇ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼

ਕਿਡਨੀ ਦੀ ਬਿਮਾਰੀ ਦੇ ਲੱਛਣ ਆਮ ਤੌਰ 'ਤੇ ਗ਼ੈਰ-ਵਿਸ਼ੇਸ਼ ਅਤੇ ਜੀਵਨ ਸ਼ੈਲੀ ਨਾਲ ਸਬੰਧਤ ਹੁੰਦੇ ਹਨ ਜਿਸ ਕਾਰਨ ਲੋਕਾਂ ਦਾ ਇਨ੍ਹਾਂ ਉੱਤੇ ਧਿਆਨ ਨਹੀਂ ਜਾਂਦਾ। ਇਸ ਦੇ ਲੱਛਣ ਉਦੋਂ ਦਿਖਾਈ ਦਿੰਦੇ ਹਨ ਜਦੋਂ ਰੋਗ ਗੰਭੀਰ ਰੂਪ ਧਾਰਨ ਕਰ ਲੈਂਦਾ ਹੈ। ਲੱਛਣਾਂ ਦੀ ਪਛਾਣ ਨਾ ਹੋਣ ਕਾਰਨ ਇਸ ਦੇ ਹੱਲ ਵਿਚ ਦੇਰ ਹੋ ਜਾਂਦੀ ਹੈ। ਇਸ ਲਈ ਸਮੇਂ ਸਿਰ ਇਸ ਸਮੱਸਿਆ ਨਾਲ ਨਜਿੱਠਣ ਲਈ ਇਕ ਵਿਅਕਤੀ ਨੂੰ ਆਪਣੀ ਸਿਹਤ ਬਾਰੇ ਪਤਾ ਹੋਣਾ ਚਾਹੀਦਾ ਹੈ। ਸਮੱਸਿਆ ਨਾਲ ਲੜਨ ਲਈ ਲੋੜੀਂਦਾ ਸਮਾਂ ਦੇਣਾ ਚਾਹੀਦਾ ਹੈ ਅਤੇ ਸਮੇਂ ਸਿਰ ਜਾਂਚ ਕਰਨ ਲਈ ਸੁਧਾਰਾਤਮਕ ਕਦਮ ਉਠਾਉਣੇ ਚਾਹੀਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਲੱਛਣਾਂ ਬਾਰੇ ਜਿਨ੍ਹਾਂ ਨੂੰ ਅਕਸਰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ।

ਭੁੱਖ ਤੇ ਵਜ਼ਨ ਦਾ ਘਟਣਾ

ਭੁੱਖ ਦਾ ਘਟਣਾ ਅਤੇ ਲਗਾਤਾਰ ਵਜ਼ਨ ਦਾ ਘਟਣਾ ਕਿਡਨੀ ਦੀ ਬਿਮਾਰੀ ਦੇ ਸਭ ਤੋਂ ਆਮ ਲੱਛਣ ਹਨ। ਸਰੀਰ ਨੂੰ ਕੰਮ ਕਰਨ ਲਈ ਪੋਸ਼ਣ ਤੇ ਐਨਰਜੀ ਦੀ ਜ਼ਰੂਰਤ ਹੁੰਦੀ ਹੈ ਅਤੇ ਉਹ ਉਸ ਨੂੰ ਭੋਜਨ ਰਾਹੀਂ ਹੀ ਪ੍ਰਾਪਤ ਹੁੰਦੀ ਹੈ ਪਰ ਕਿਡਨੀ ਰੋਗ ਹੋਣ 'ਤੇ ਭੁੱਖ ਇੰਨੀ ਘੱਟ ਲੱਗਦੀ ਹੈ ਕਿ ਵਿਅਕਤੀ ਆਪਣੀਆਂ ਦੈਨਿਕ ਜ਼ਰੂਰਤਾਂ ਦੀ ਪੂਰਤੀ ਲਈ ਪੋਸ਼ਣ ਤੇ ਐਨਰਜੀ ਦੀ ਜ਼ਰੂਰਤ ਵੀ ਪੂਰੀ ਨਹੀਂ ਕਰ ਪਾਉਂਦਾ।

ਹੱਥਾਂ-ਪੈਰਾਂ ਦੀ ਸੋਜ਼ਿਸ਼

ਕਿਡਨੀ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਅਤੇ ਵਾਧੂ ਤਰਲ ਪਦਾਰਥਆਂ ਨੂੰ ਬਾਹਰ ਕੱਢਣ ਦਾ ਕੰਮ ਕਰਦੀ ਹੈ ਪਰ ਜਦੋਂ ਕਿਡਨੀ ਰੋਗ ਹੋਣ 'ਤੇ ਕਿਡਨੀ ਇਸ ਕੰਮ ਨੂੰ ਕਰਨ ਵਿਚ ਅਸਫ਼ਲ ਹੋ ਜਾਂਦੀ ਹੈ ਤਾਂ ਸਰੀਰ ਵਿਚ ਵਾਧੂ ਤਰਲ ਪਦਾਰਥ ਸੋਜ਼ਿਸ਼ ਦਾ ਕਾਰਨ ਬਣਦੇ ਹਨ ਅਤੇ ਹੱਥਾਂ, ਪੈਰਾਂ ਅਤੇ ਚਿਹਰੇ 'ਤੇ ਸੋਜ਼ਿਸ਼ ਆਉਣ ਲੱਗਦੀ ਹੈ।

ਥਕਾਵਟ ਅਤੇ ਸਾਹ ਦੀ ਤਕਲੀਫ਼

ਸਰੀਰ ਵਿਚ ਵਾਧੂ ਪਦਾਰਥਾਂ ਨੂੰ ਬਾਹਰ ਕੱਢਣ ਨਾਲ ਕਿਡਨੀ ਇਰਿਥਰੋਪੋਟੀਨ ਨਾਂ ਦਾ ਹਾਰਮੋਨ ਵੀ ਪੈਦਾ ਕਰਦੀ ਹੈ। ਇਹ ਹਾਰਮੋਨ ਆਕਸੀਜਨ ਨੂੰ ਰੈੱਡ ਬਲੱਡ ਸੈਲਜ਼ ਬਣਾਉਣ ਵਿਚ ਮੱਦਦ ਕਰਦੀ ਹੈ। ਜਦੋਂ ਕਿਡਨੀ ਕੰਮ ਕਰਨਾ ਬੰਦ ਕਰ ਦਿੰਦੀ ਹੈ ਤਾਂ ਉਹ ਲੋੜੀਂਦੀ ਮਾਤਰਾ ਵਿਚ ਇਰਿਥਰੋਪੋਟੀਨ ਪੈਦਾ ਨਹੀਂ ਕਰਦੀ ਜਿਸ ਨਾਲ ਸਰੀਰ ਵਿਚ ਆਕਸੀਜਨ ਲਿਜਾਣ ਵਾਲੇ ਰੈੱਡ ਬਲੱਡ ਸੈੱਲਜ਼ ਘੱਟ ਹੋ ਜਾਂਦੇ ਹਨ ਅਤੇ ਨਤੀਜੇ ਵਜੋਂ ਮਾਸਪੇਸ਼ੀਆਂ ਅਤੇ ਦਿਮਾਗ ਬਹੁਤ ਜਲਦੀ ਥੱਕ ਜਾਂਦੇ ਹਨ। ਇਸ ਅਵਸਥਾ ਨੂੰ ਖ਼ੂਨ ਦੀ ਘਾਟ ਕਹਿੰਦੇ ਹਨ। ਇਸ ਅਵਸਥਾ ਵਿਚ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗਦੀ ਹੈ।

ਵਾਰ-ਵਾਰ ਪਿਸ਼ਾਬ ਕਰਨਾ ਜਾਂ ਪ੍ਰੋਟੀਨ ਦਾ ਆਉਣਾ

ਜੇਕਰ ਤੁਹਾਡੇ ਪਿਸ਼ਾਬ 'ਚ ਬਲੱਡ ਆਉਂਦਾ ਹੈ ਤਾਂ ਇਹ ਚਿੰਤਾ ਦਾ ਕਾਰਨ ਹੈ। ਇਸ ਲਈ ਤੁਹਾਨੂੰ ਤੁਰੰਤ ਆਪਣੇ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ ਪਰ ਪਿਸ਼ਾਬ ਰਾਹੀਂ ਪ੍ਰੋਟੀਨ ਦਾ ਪਤਾ ਲਾਉਣਾ ਬਹੁਤ ਮੁਸ਼ਕਲ ਕੰਮ ਹੈ। ਇਸ ਲਈ ਤੁਹਾਨੂੰ ਨਿਯਮਤ ਰੂਪ 'ਚ ਚੈਕਅਪ ਅਤੇ ਮੂਤਰ ਪ੍ਰੀਖਣ ਦੀ ਜ਼ਰੂਰਤ ਹੁੰਦੀ ਹੈ। ਕਿਡਨੀ ਰੋਗ ਹੋਣ ਨਾਲ ਤੁਹਾਡੇ ਪਿਸ਼ਾਬ ਦੀ ਮਾਤਰਾ ਵਿਚ ਪਰਿਵਰਤਨ ਹੋ ਸਕਦਾ ਹੈ। ਖ਼ਾਸ ਤੌਰ 'ਤੇ ਰਾਤ ਨੂੰ ਪਿਸ਼ਾਬ ਵਿਚ ਜ਼ਿਆਦਾ ਵਾਧਾ ਹੋ ਸਕਦਾ ਹੈ। ਪਿਸ਼ਾਬ ਸਬੰਧੀ ਸਮੱਸਿਆ ਹੋਣ 'ਤੇ ਤੁਹਾਨੂੰ ਘੱਟ ਜਾਂ ਜ਼ਿਆਦਾ ਮਾਤਰਾ ਵਿਚ ਪਿਸ਼ਾਬ ਪੀਲੇ ਰੰਗ ਦਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਪਿਸ਼ਾਬ ਕਰਨ ਵਿਚ ਮੁਸ਼ਕਲ ਹੋਣੀ ਜਾਂ ਇਹ ਸਮੱਸਿਆ ਲਗਾਤਾਰ ਵੀ ਹੋ ਸਕਦੀ ਹੈ।

ਜ਼ਿਆਦਾ ਮਿੱਠਾ ਖਾਣਾ

ਜ਼ਿਆਦਾ ਮਠਿਆਈ ਖਾਣ ਦੀ ਆਦਤ ਵੀ ਤੁਹਾਡੀ ਕਿਡਨੀ ਲਈ ਨੁਕਸਾਣਦਾਇਕ ਹੋ ਸਕਦੀ ਹੈ। ਅਸਲ ਵਿਚ ਜ਼ਿਆਦਾ ਮਿੱਠੀ ਡਾਇਟ ਦੇ ਸੇਵਨ ਨਾਲ ਪਿਸ਼ਾਬ ਆਉਣ ਲੱਗਦਾ ਹੈ। ਜੇਕਰ ਤੁਹਾਡੇ ਨਾਲ ਅਜਿਹਾ ਹੋ ਰਿਹਾ ਹੈ ਤਾਂ ਸਮਝ ਲਓ ਤੁਸੀਂ ਕਿਡਨੀ ਨਾਲ ਜੁੜੀ ਕਿਸੇ ਸਮੱਸਿਆ ਨਾਲ ਜੂਝ ਰਹੇ ਹੋ।

ਨਮਕ ਜ਼ਿਆਦਾ ਖਾਣਾ

ਕੁਝ ਲੋਕ ਜ਼ਰੂਰਤ ਤੋਂ ਜ਼ਿਆਦਾ ਨਮਕ ਖਾਂਦੇ ਹਨ। ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ਉਨ੍ਹਾਂ ਦੀ ਇਹ ਆਦਤ ਉਨ੍ਹਾਂ ਦੀ ਕਿਡਨੀ ਦੀ ਸਿਹਤ 'ਤੇ ਕਿੰਨੀ ਭਾਰੀ ਪੈ ਸਕਦੀ ਹੈ। ਜ਼ਿਆਦਾ ਨਮਕ ਨਾਲ ਸਰੀਰ ਵਿਚ ਸੋਡੀਅਮ ਵਧਦਾ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਪ੍ਰਭਾਵਿਤ ਹੁੰਦਾ ਹੈ। ਇਸ ਨਾਲ ਕਿਡਨੀ 'ਤੇ ਅਸਰ ਪੈਂਦਾ ਹੈ। ਇਸ ਲਈ ਦਿਨ ਵਿਚ 5 ਗ੍ਰਾਮ ਤੋਂ ਜ਼ਿਆਦਾ ਨਮਕ ਦਾ ਸੇਵਨ ਨਾ ਕਰੋ।

ਚਮੜੀ ਦੀ ਖੁਜਲੀ

ਕਿਡਨੀ ਰੋਗ ਹੋਣ 'ਤੇ ਕਿਡਨੀ ਠੀਕ ਤਰ੍ਹਾਂ ਨਾਲ ਕੰਮ ਕਰਨਾ ਬੰਦ ਕਰ ਦਿੰਦੀ ਹੈ ਜਿਸ ਨਾਲ ਸਰੀਰ ਦੇ ਵਾਧੂ ਪਦਾਰਥ ਬਾਹਰ ਨਹੀਂ ਆਉਂਦੇ ਅਤੇ ਸਰੀਰ ਵਿਚ ਇਸ ਦਾ ਨਿਰਮਾਣ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਜ਼ਹਿਰੀਲੇ ਪਦਾਰਥਾਂ ਨੂੰ ਖੁਜਲੀ ਜ਼ਰੀਏ ਬਾਹਰ ਨਿਕਲਦੇ ਹਨ।

ਕਿਡਨੀ ਖ਼ਰਾਬ ਹੋਣ ਦੇ ਮੁੱਖ ਕਾਰਨ

ਕਿਡਨੀ ਨੂੰ ਸਰੀਰ ਦਾ ਸੰਤੁਲਨਕਾਰੀ ਅੰਗ ਮੰਨਿਆ ਜਾਂਦਾ ਹੈ। ਇਹ ਸਰੀਰ ਵਿਚ ਕਿਸੇ ਵੀ ਚੀਜ਼ ਦੇ ਘੱਟ ਜਾਂ ਜ਼ਿਆਦਾ ਹੋਣ ਨੂੰ ਸੰਭਾਲ ਲੈਂਦੀ ਹੈ। ਮੁੱਖ ਤੌਰ 'ਤੇ ਕਿਡਨੀ ਲੂਣ ਅਤੇ ਪਾਣੀ ਨੂੰ ਸੰਤੁਲਿਤ ਕਰਨ ਦਾ ਕੰਮ ਕਰਦੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕੰਮ ਜਿਵੇਂ ਬਲੱਡ ਬਣਾਉਣਾ, ਹੱਡੀਆਂ ਨੂੰ ਮਜ਼ਬੂਤ ਕਰਨਾ ਯਾਨੀ ਵਿਟਾਮਿਨ-ਡੀ ਬਣਾਉਣਾ, ਬਲੱਡ ਪ੍ਰੈਸ਼ਰ ਕੰਟਰੋਲ ਕਰਨਾ ਅਤੇ ਟੌਕਸਿਨ ਯਾਨੀ ਜ਼ਹਿਰੀਲੇ ਤੱਤਾਂ ਨੂੰ ਸਰੀਰ 'ਚੋਂ ਬਾਹਰ ਕੱਢਣ ਵਰਗੇ ਕੰਮ ਕਿਡਨੀ ਕਰਦੀ ਹੈ। ਕਿਡਨੀ ਰੋਗ ਨੂੰ ਨਜ਼ਰਅੰਦਾਜ਼ ਕਰਨਾ ਕਈ ਵਾਰ ਖ਼ਤਰਨਾਕ ਹੋ ਜਾਂਦਾ ਹੈ। ਇਸ ਲਈ ਇਸ ਰੋਗ ਦੇ ਭਿਆਨਕ ਰੂਪ ਧਾਰਨ ਕਰਨ ਤੋਂ ਪਹਿਲਾਂ ਹੀ ਇਸ ਦਾ ਹੱਲ ਕੀਤਾ ਜਾਣਾ ਜ਼ਰੂਰੀ ਹੈ। ਇਸ ਲਈ ਤੁਹਾਨੂੰ ਇਸ ਦੇ ਕਾਰਨਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਜਿਵੇਂ- ਡਾਇਬਟੀਜ਼, ਹਾਈਪਰਟੈਂਸ਼ਨ, ਸਿਗਰਟ, ਸ਼ਰਾਬ, ਸੋਡੀਅਮ ਦਾ ਵੱਧ ਸੇਵਨ ਆਦਿ।

Posted By: Seema Anand